- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸੀਆਂ ਨੇ ਲਗਾਇਆ ਧਰਨਾ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਸੂਬੇ ਦੀ ਆਮ ਆਦਮੀ ਪਾਰਟੀ ਵੱਲੋਂ ਮਹਿਲਾਵਾਂ ਨੂੰ ਇਕ-ਇਕ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਜਦਕਿ ਕਾਂਗਰਸੀਆਂ ਮਹਿਲਾ ਵਿੰਗ ਵੱਲੋਂ ਪੂਰੇ ਪੰਜਾਬ ਅੰਦਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਬੀਤੇ ਆਖਰੀ ਸਾਲ ਹੋਣ ਕਾਰਨ ਮਹਿਲਾਵਾਂ ਨੂੰ ਇਕ-ਇਕ ਹਜ਼ਾਰ ਦੇਣ ਦਾ ਝੂਠਾ ਪ੍ਰਚਾਰ ਨਾ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਚਾਰ ਸਾਲ ਪੂਰੇ ਹੋ ਚੁੱਕੇ ਹਨ ਤੇ ਕੁੱਲ ਮਿਲਾ ਕੇ ਮਹਿਲਾਵਾਂ ਨੂੰ 48,000 ਰੁਪਏ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ। ਇਸ ਦੇ ਵਿਰੋਧ ਵਜੋਂ ਕਾਂਗਰਸ ਮਹਿਲਾ ਵਿੰਗ ਨੇ ਗੁਰੁ ਹਰਗੋਬਿੰਦ ਨਗਰ ਵਿਖੇ ਜ਼ਿਲ੍ਹਾ ਪ੍ਰਧਾਨ ਸੰਗੀਤਾ ਧੀਰ ਦੀ ਅਗਵਾਈ ਹੇਠ ਇਕੱਠੇ ਹੋ ਕੇ ਰੋਸ ਧਰਨਾ ਦਿਤਾ, ਜਿਸ ਵਿਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸਮੇਤ ਸਮੁਚੀ ਲੀਡਰਸ਼ਿਪ ਨੇ ਸ਼ਿਰਕਤ ਕੀਤੀ। ਮਹਿਲਾ ਵਿੰਗ ਵੱਲੋਂ ਗੁਰੂ ਹਰਗੋਬਿੰਦ ਨਗਰ ਵਿਖੇ ਸੈਂਕੜੇ ਮਹਿਲਾਵਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ, ਜਦੋਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਨਗਰ ਵਿਖੇ ਕਾਂਗਰਸ ਪਾਰਟੀ ਮਹਿਲਾ ਵਿੰਗ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਤੇ ਉਹ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਹਰਜੀ ਮਾਨ ਦੇ ਘਰ ਤੱਕ ਪਹੁੰਚੇਗਾ ਤੇ ਉੱਥੇ ਰੋਸ ਪ੍ਰਦਰਸ਼ਨ ਕਰੇਗਾ ਤਾਂ ਤੁਰੰਤ ਵੱਡੀ ਗਿਣਤੀ ਵਿਚ ਆਪ ਦੇ ਮਹਿਲਾ ਵਿੰਗ ਦੇ ਵਰਕਰ ਆਗੂ ਇਕੱਠੇ ਹੋ ਗਏ ਤੇ ਹੱਥਾਂ ਵਿਚ ਝੰਡੇ ਤੇ ਹਾਰ ਫੜ ਕੇ ਕਾਂਗਰਸ ਵੱਲੋਂ ਆਉਣ ਵਾਲੀਆਂ ਮਹਿਲਾਵਾਂ ਦੇ ਸਵਾਗਤ ਲਈ ਖੜ੍ਹੇ ਹੋ ਕੇ ਇੰਤਜ਼ਾਰ ਕਰਨ ਲੱਗੇ ਪਰ ਕਾਂਗਰਸੀਆਂ ਦਾ ਧਰਨਾ ਗੁਰੂ ਹਰਗੋਬਿੰਦ ਨਗਰ ਵਿਖੇ ਹੀ ਸਿਮਟ ਗਿਆ। ਉਥੇ ਹੀ ਕੁਝ ਇਕ ਬੁਲਾਰਿਆਂ ਨੇ ਸੰਬੋਧਨ ਕੀਤਾ ਤੇ ਬਾਅਦ ਵਿਚ ਧਰਨਾ ਸਮਾਪਤ ਕਰ ਦਿੱਤਾ ਗਿਆ। ਪੁਲਿਸ ਵੱਲੋਂ ਹਰਜੀਮਾਨ ਦੇ ਘਰ ਨੂੰ ਜਾਂਦੇ ਰਸਤੇ ਨੂੰ ਬੈਰੀਕੇਡਸ ਲਗਾਕੇ ਬੰਦ ਕਰ ਦਿੱਤਾ ਗਿਆ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਅਸੀਂ ਤਾਂ ਲੱਡੂ ਲੈ ਕੇ ਇੰਤਜ਼ਾਰ ਹੀ ਕਰਦੇ ਰਹਿ ਗਏ : ਹਰਜੀ ਮਾਨ
ਇਸ ਸੰਬਧੀ ਜਦੋ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀਮਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਉਡੀਕਦਿਆਂ ਦੀਆਂ ਅੱਖਾਂ ਥੱਕ ਗਈਆਂ ਪਰ ਕਾਂਗਰਸੀ ਪੁੱਜੇ ਹੀ ਨਹੀਂ। ਉਨ੍ਹਾਂ ਕਿਹਾ ਕਿ ਅਸੀ ਉਨ੍ਹਾਂ ਦੇ ਸਵਾਗਤ ਵਾਸਤੇ ਬੈਂਡ-ਵਾਜੇ ਲੈ ਕੇ ਤੇ ਕਾਰਪੇਟ ਵਿਛਾਕੇ ਭੈਣਾਂ ਵਾਸਤੇ, ਮਾਵਾਂ ਵਾਸਤੇ ਉਨ੍ਹਾਂ ਦੇ ਮਾਨ-ਸਨਮਾਨ ਲਈ ਲੱਡੂ ਲੈ ਕੇ ਖੜ੍ਹੇ ਸੀ। ਉਨ੍ਹਾਂ ਕਿਹਾ ਕਿ ਅਸੀਂ ਐੱਮਐੱਲਏ ਸਾਹਬ ਲਈ ਵਾਜਾ ਰੱਖਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਘਰ-ਘਰ ਨੌਕਰੀ, ਬੇਰੋਜ਼ਗਾਰਾਂ ਨੂੰ 2,500 ਭੱਤਾ, ਕਿਸਾਨਾਂ ਦਾ ਕਰਜ਼ਾ ਭਾਵੇਂ ਆੜਤੀਆਂ ਤੋਂ ਹੋਵੇ ਜਾਂ ਗੁਆਂਢੀਆਂ ਤੋਂ ਪਰ ਮੁਆਫ ਕਰਾਂਗੇ, ਵਿਧਵਾਵਾਂ ਨੂੰ ਪੈਨਸ਼ਨ ਲਗਾਉਣੀ ਸੀ ਪਰ ਸਾਰੇ ਫੇਲ ਸਾਬਿਤ ਹੋਏ। ਆਮ ਆਦਮੀ ਪਾਰਟੀ ਨੇ ਆਪਣੇ ਵਾਅਦੇ ਪੂਰੇ ਕੀਤੇ ਹਨ। ਹਰ ਇਕ ਮਹਿਲਾ ਨੂੰ ਸਨਮਾਨ ਵਿਚ ਇਕ ਹਜ਼ਾਰ ਰੁਪਿਆ ਤੇ ਐੱਸਸੀ ਪਰਿਵਾਰਾਂ ਨੂੰ ਜਿਹੜਾ ਵਾਅਦਾ ਕੀਤਾ ਸੀ 1,500 ਰੁਪਏ ਦਿੱਤਾ ਹੈ। ਆਪ ਨੇ ਪੰਜ ਸਾਲ ਦੇ ਮੈਨੀਫੈਸਟੋ ਵਿਚ ਸਾਰੇ ਵਾਅਦੇ ਪੂਰੇ ਕੀਤੇ ਹਨ। 2002 ਤੋਂ 2007 ਤੱਕ ਤੇ ਫਿਰ 2017 ਤੋਂ 2022 ਤੱਕ ਕਾਂਗਰਸ ਦੀ ਸਰਕਾਰ ਰਹੀ ਪਰ ਉਨ੍ਹਾਂ ਤੋਂ ਕੋਈ ਵੀ ਵਾਅਦਾ ਪੂਰਾ ਨਹੀ ਹੋ ਸਕਿਆ। ਉਨ੍ਹਾਂ ਕਾਂਗਰਸੀ ਆਗੂਆਂ ਨੂੰ ਨਸੀਹਤ ਦਿਤੀ ਕਿ ਬਿਨਾਂ ਗੱਲ ਤੋਂ ਪਾਣੀ ’ਚ ਮਧਾਣੀ ਪਾ ਕੇ ਤੁਸੀਂ ਵਿਚਾਰੀਆਂ ਭੋਲੀਆਂ-ਭਾਲੀਆਂ ਭੈਣਾਂ ਨੂੰ ਜਿਹੜੀਆਂ ਆਉਣਾ ਵੀ ਨਹੀ ਚਾਹੁੰਦੀਆਂ ਸਨ, ਉਨ੍ਹਾਂ ਨੂੰ ਧੱਕੇ ਨਾਲ ਲੈ ਕੇ ਆਏ ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਸੱਚ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਜੋ ਆਪ ਸਰਕਾਰ ਨੇ ਵਾਅਦੇ ਕੀਤੇ ਸਨ, ਉਹ ਇੰਨ-ਬਿੰਨ ਪੂਰੇ ਕੀਤੇ ਹਨ, ਜਿਸ ਵਿਚ ਕਾਂਗਰਸ ਪਾਰਟੀ ਅਸਫਲ ਸਾਬਿਤ ਹੋਈ ਹੈ।
ਹਰਜੀ ਮਾਨ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਆਂਗੇ : ਸੰਗੀਤਾ
ਇਸ ਸੰਬਧੀ ਜਦੋਂ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸੰਗੀਤਾ ਧੀਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਆਪਣੀ ਗੱਲ ਸਰਕਾਰ ਤੱਕ ਪਹੁਚਾਉਣਾ ਸੀ, ਜਿਸ ਲਈ ਗੁਰੂ ਹਰਗੋਬਿੰਦ ਵਿਖੇ ਹੀ ਧਰਨੇ ਦੀ ਸਮਾਪਤੀ ਕਰ ਦਿਤੀ ਗਈ। ਉਨ੍ਹਾਂ ਕਿਹਾ ਕਿ ਹਰਜੀ ਮਾਨ ਮੇਰਾ ਛੋਟਾ ਭਰਾ ਹੈ, ਉਸਨੂੰ ਮੁੜ ਸੇਵਾ ਦਾ ਮੌਕਾ ਜ਼ਰੂਰ ਦਿਆਂਗੇ।