ਕੂੜਾ ਡੰਪ ਸਾਈਟ ਦੇ ਹੱਲ ਲਈ ਮੇਅਰ ਸਣੇ ਕਾਂਗਰਸੀ ਆਗੂ ਡੀ.ਸੀ ਨੂੰ ਮਿਲੇ
ਕੂੜੇ ਦੀ ਡੰਪ ਸਾਈਟ ਦੇ ਹੱਲ ਲਈ ਮੇਅਰ ਸਮੇਤ ਕਾਂਗਰਸੀ ਆਗੂ ਡੀ.ਸੀ ਨੂੰ ਮਿਲੇ ; ਦਿੱਤਾ ਮੰਗ ਪੱਤਰ
Publish Date: Wed, 01 Apr 2026 10:24 PM (IST)
Updated Date: Thu, 02 Apr 2026 04:16 AM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ, ਕਪੂਰਥਲਾ : ਕਪੂਰਥਲਾ ਦੇ ਕੂੜੇ ਦੀ ਡੰਪ ਸਾਈਟ ਦੇ ਹੱਲ ਲਈ ਨਗਰ ਨਿਗਮ ਕਪੂਰਥਲਾ ਦੇ ਮੇਅਰ ਕੁਲਵੰਤ ਕੌਰ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਕਪੂਰਥਾਲਾ ਅਮਿਤ ਕੁਮਾਰ ਪੰਚਲ ਨੂੰ ਮਿਲ ਕੇ ਹਲਕਾ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਵੱਲੋਂ ਲਿੱਖਿਆ ਮੰਗ ਪੱਤਰ ਸੌਂਪਿਆ ਗਿਆ । ਇਸ ਮੌਕੇ ਮੇਅਰ ਕੁਲਵੰਤ ਕੌਰ , ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਡਿਪਟੀ ਮੇਅਰ ਵਿਨੋਦ ਸੂਦ, ਕੌਂਸਲਰ ਬਲਜੀਤ ਸਿੰਘ ਕਾਲਾ ਅਤੇ ਕੌਂਸਲਰ ਕਰਨ ਮਹਾਜਨ ਆਦਿ ਨੇ ਮੰਗ ਪੱਤਰ ਰਾਹੀਂ ਜਿਲਾ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਧਿਆਨ ਵਿੱਚ ਲਿਆਂਦਾ ਕੇ ਹਲਕਾ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਵੱਲੋਂ ਪਿਛਲੇ ਲਗਭਗ ਛੇ ਮਹੀਨਿਆਂ ਤੋਂ ਸ਼ਹਿਰ ਦੇ ਵੱਖ-ਵੱਖ ਡੰਪਾਂ ਤੋਂ ਕੂੜਾ ਆਪਣੇ ਨਿੱਜੀ ਖਰਚੇ ਉੱਤੇ ਚੁਕਵਾਇਆ ਜਾ ਰਿਹਾ ਹੈ ਪਰ ਪਿਛਲੇ ਕੁੱਝ ਦਿਨਾਂ ਤੋਂ ਕੂੜਾ ਡੰਪ ਸਾਈਟ ਉੱਤੇ ਬਰਸਾਤ ਹੋਣ ਕਰਕੇ ਕੂੜੇ ਦੀ ਠੀਕ ਤਰਹਾਂ ਨਾਲ ਵਿਵਸਥਾ ਨਹੀਂ ਹੋ ਪਾ ਰਹੀ ਜਿਸ ਨਾਲ ਸਾਡੇ ਵੱਲੋਂ ਪ੍ਰਾਈਵੇਟ ਤੌਰ ਤੇ ਕੂੜਾ ਚੁੱਕਣ ਵਾਲੀਆਂ ਟਰੈਕਟਰ ਟਰਾਲੀਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਪਿਛਲੇ ਦਿਨੀ ਅਸੀਂ ਉਕਤ ਸਮੱਸਿਆ ਤੋਂ ਜਾਣੂ ਕਰਵਾਇਆ ਸੀ ਪਰ ਉਹਨਾਂ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਮੰਗ ਕੀਤੀ ਕਿ ਕੂੜੇ ਡੰਪ ਦੀ ਸਾਈਟ ਤੇ ਪੋਕਲੈਨ ਮਸ਼ੀਨ ਉਪਲਬਧ ਕਰਵਾ ਕੇ ਉਥੇ ਕੂੜੇ ਦੀ ਸਹੀ ਤਰੀਕੇ ਨਾਲ ਵਿਵਸਥਾ ਕਰਵਾਈ ਜਾਵੇ ਅਤੇ ਕੂੜੇ ਵਾਲੇ ਡੰਪ ਸਾਈਟ ਨੂੰ ਜਾਣ ਵਾਲੇ ਰੋਡ ਦੀ ਵੀ ਮਰੰਮਤ ਕਰਵਾਈ ਜਾਵੇ। ਉਹਨਾਂ ਆਖਿਆ ਕਿ ਇਸ ਮਸਲੇ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਬਰਸਾਤਾਂ ਦੇ ਦਿਨਾਂ ਵਿੱਚ ਕੂੜਾ ਡੰਪ ਦੀ ਸਾਈਟ ਉੱਤੇ ਕੂੜਾ ਡੰਪ ਨਹੀਂ ਹੋ ਪਾਵੇਗਾ ਜਿਸ ਨਾਲ ਸ਼ਹਿਰ ਵਿੱਚ ਕੂੜੇ ਦੇ ਵੱਡੇ ਵੱਡੇ ਢੇਰ ਲੱਗਣਗੇ ਅਤੇ ਗੰਦਗੀ ਫੈਲਣ ਦਾ ਖਦਸਾ ਬਣ ਜਾਵੇਗਾ ਜਿਸ ਨਾਲ ਬਦਬੂ ਅਤੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹੇਗਾ। ਉਹਨਾਂ ਮੰਗ ਕੀਤੀ ਕਿ ਨਗਰ ਨਿਗਮ ਦੇ ਕਮਿਸ਼ਨਰ ਨੂੰ ਹੁਕਮ ਜਾਰੀ ਕੀਤੇ ਜਾਣ ਕੇ ਕਾਂਜਲੀ ਕੂੜਾ ਡੰਪ ਸਾਈਟ ਉੱਤੇ ਪੋਕ ਲਾਈਨ ਮਸ਼ੀਨ ਨਾਲ ਜਲਦੀ ਤੋਂ ਜਲਦੀ ਕੂੜੇ ਡੰਪ ਨੂੰ ਸੁਚਾਰੂ ਢੰਗ ਨਾਲ ਠੀਕ ਕੀਤਾ ਜਾਵੇ ਅਤੇ ਕੂੜਾ ਸਾਈਟ ਨੂੰ ਜਾਣ ਵਾਲੇ ਰਸਤੇ ਦੀ ਮੁਰੰਮਤ ਤੁਰੰਤ ਕਰਵਾਈ ਜਾਵੇ ਤਾਂ ਜੋ ਸ਼ਹਿਰ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ।