- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਗਰਸ ,ਅਕਾਲੀ ਦਲ ਤੇ ਜੰਮਕੇ ਵਰ੍ਹੇ ਹਲਕਾ ਇੰਚਾਰਜ ਹਰਜੀਮਾਨ

ਲੋਕਾਂ ਕੋਲ ਕਿਸ ਮੂੰਹ ਨਾਲ ਜਾਣਗੇ ਕਾਂਗਰਸੀ ਤੇ ਅਕਾਲੀ : ਹਰਜੀ ਮਾਨ
ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ ਦੀ ਅਗਵਾਈ ਹੇਠ ਹੋਈਆਂ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਤੇ ਬਾਅਦ ਕਾਂਗਰਸ ਅਕਾਲੀ ਦਲ ਤੇ ਬਸਪਾ ’ਤੇ ਜੰਮਕੇ ਵਰ੍ਹੇ। ਉਨ੍ਹਾਂ ਕਿਹਾ ਕਿ ਕਦੇ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਇਕ-ਦੂਜੇ ਦੇ ਕੱਟੜ ਵਿਰੋਧੀ ਵੀ ਇਕ ਮੰਚ ’ਤੇ ਇਕੱਠੇ ਹੋ ਜਾਣਗੇ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦਾ ਹਰ ਇਕ ਵਰਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਵਿਚ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਦੇ ਕਿਸੇ ਨੇ ਨਹੀ ਸੋਚਿਆ ਹੋਵੇਗਾ ਕਿ ਅਕਾਲੀ ਦਲ, ਕਾਂਗਰਸ ਤੇ ਬਸਪਾ ਇਕ ਸਾਂਝਾ ਫਰੰਟ ਬਣਾ ਕੇ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਇਕੱਠਿਆ ਹੋ ਕੇ ਜਿੱਤਣਗੇ। ਵੋਟਾਂ ਆਉਂਦੀਆਂ ਹੀ ਰਹਿੰਦੀਆਂ ਹਨ ਜਦੋ ਛੇ-ਅੱਠ ਮਹੀਨਿਆਂ ਬਾਦ ਅਕਾਲੀ ਲੀਡਰ ਲੋਕਾਂ ਦੀ ਕਚਿਹਰੀ ਵਿਚ ਜਾਣਗੇ ਤਾਂ ਕਿਹੜਾ ਮੂੰਹ ਲੈ ਕੇ ਜਾਣਗੇ। ਕਾਂਗਰਸ 1984 ਦੇ ਕਤਲੇਆਮ ਤੇ ਸ੍ਰੀ ਦਰਬਾਰ ਸਾਹਿਬ ਉੱਤੇ ਅਟੈਕ ਕਰਨ ਵਾਲੀ ਪਾਰਟੀ ਦਾ ਅਕਾਲੀ ਦਲ ਨੇ ਸਾਥ ਦਿੱਤਾ ਹੈ ਤੇ ਕਾਂਗਰਸੀ ਲੀਡਰ ਲੋਕਾਂ ਨੂੰ ਕੀ ਜਵਾਬ ਦੇਣਗੇ ਕਿ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਉੱਤੇ ਖੜ੍ਹ ਕੇ ਗੁਨਾਹ ਕਬੂਲ ਕੀਤੇ, ਅਜਿਹੀ ਪਾਰਟੀ ਦਾ ਕਾਂਗਰਸ ਨੇ ਸਾਥ ਦਿੱਤਾ ਹੈ। ਗਿਆਨੀ ਰਘਬੀਰ ਸਿੰਘ ਹੁਣਾਂ ਨੇ ਸੁਖਬੀਰ ਸਿੰਘ ਬਾਦਲ ਤੇ ਸਮੁੱਚੇ ਅਕਾਲੀ ਦਲ ਦੇ ਜਦੋਂ ਪੋਤੜੇ ਫਰੋਲੇ ਸਨ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਗੁਰੂ ਘਰ ਦੀਆਂ ਜ਼ਮੀਨਾਂ ਨੂੰ ਵੇਚਿਆ, ਇਹ ਉਹ ਲੋਕ ਨੇ ਜਿਨ੍ਹਾਂ ਨੇ ਰੋਟੀਆਂ ਤੱਕ ਵੇਚ ਕੇ ਪੈਸੇ ਕਮਾਏ, ਇਹ ਉਹ ਲੋਕ ਨੇ ਜਿਨ੍ਹਾਂ ਨੇ ਸੌਦਾ ਸਾਧ ਨੂੰ ਮੁਆਫੀ ਦਿੱਤੀ। ਉੱਧਰ ਗਿਆਨੀ ਹਰਪ੍ਰੀਤ ਸਿੰਘ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੱਚੇ ਚਿੱਠੇ ਖੋਲ੍ਹ ਰਹੇ ਹਨ। ਕਾਂਗਰਸ, ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿਚ ਸਿਰਫ ਆਪ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਫਰੈਂਡਲੀ ਮੈਚ ਖੇਡਿਆ ਗਿਆ ਪਰ ਆਪ ਨੇ ਫਿਰ ਵੀ 9 ਬਲਾਕ ਸੰਮਤੀਆਂ ਤੇ ਇਕ ਜ਼ਿਲ੍ਹਾ ਪਰਿਸ਼ਦ ’ਤੇ ਜਿੱਤ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਜਿਸ ਅਜ਼ਾਦ ਉਮੀਦਵਾਰ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਉਸਨੂੰ ਜਿਤਾਉਣ ਲਈ ਕਾਂਗਰਸ ਤੇ ਅਕਾਲੀ ਦਲ ਵੱਲੋਂ ਮਜ਼ਬੂਤ ਉਮੀਦਵਾਰ ਹੀ ਨਹੀਂ ਲੜਾਏ ਗਏ। ਸਭ ਕੁਝ ਪਹਿਲਾਂ ਤੋਂ ਹੀ ‘ਆਪ’ ਨੂੰ ਹਰਾਉਣ ਲਈ ਫਿਕਸ ਕੀਤਾ ਗਿਆ ਸੀ। ਕਾਂਗਰਸ, ਅਕਾਲੀ ਦਲ, ਬਸਪਾ ਦੇ ਸਮਝੌਤੇ ਨੇ ਸਾਬਿਤ ਕਰ ਦਿੱਤਾ ਕਿ ਆਪ ਪਾਰਟੀ ਪੂਰੀ ਇਮਾਨਦਾਰੀ ਨਾਲ ਵਿਕਾਸ ਕਾਰਜ ਕਰ ਰਹੀ ਹੈ, ਜਿਸਨੂੰ ਹਰਾਉਣ ਲਈ ਇਹ ਸਾਰੇ ਕੱਟੜ ਵਿਰੋਧੀ ਇਕੱਠੇ ਹੋਏ ਹਨ, ਜਿਸਦਾ ਜਵਾਬ ਆਮ ਲੋਕਾਂ ਨੂੰ 2027 ਵਿਧਾਨ ਸਭਾ ਚੋਣਾਂ ਵਿਚ ਕਾਂਗਰਸ, ਅਕਾਲੀ ਦਲ, ਬਸਪਾ ਨੂੰ ਦੇਣਾ ਪਵੇਗਾ।
‘ਆਪ’ ਨੇ ਜੋ ਨਗਰ ਨਿਗਮ ਚੋਣਾਂ ’ਚ ਕੀਤਾ ਸੀ, ਉਹ ਸੀ ਅਸਲ ਧੱਕਾ : ਵਿਧਾਇਕ ਧਾਲੀਵਾਲ
ਆਮ ਆਦਮੀ ਪਾਰਟੀ ਹਲਕਾ ਇੰਚਾਰਜ ਵੱਲੋਂ ਸ਼ੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਦਿੱਤੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਜੋ ਆਪ ਆਗੂਆਂ ਨੇ ਨਗਰ ਨਿਗਮ ਫਗਵਾੜਾ ਦਾ ਮੇਅਰ ਬਣਾਉਣ ਲਈ ਕੀਤਾ ਸੀ, ਉਹ ਅਸਲ ਧੱਕਾ ਸੀ ਜਦਕਿ ਬਲਾਕ ਸੰਮਤੀ ਦਾ ਚੇਅਰਮੈਨ ਤੇ ਵਾਈਸ ਚੇਅਰਮੈਨ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਪੂਰੀ ਤਰਾਂ ਨਿਰਪੱਖ ਚੁਣਿਆ ਗਿਆ ਹੈ। 21 ਬੈਲੇਟ ਪੇਪਰ ਤੇ 21 ਉਮੀਦਵਾਰ ਸਨ, ਜਿਸ ਵਿਚੋਂ 12 ਵੋਟਾਂ ਉਨ੍ਹਾਂ ਦੇ ਮੈਂਬਰਾਂ ਨੇ ਪਾਈਆਂ ਤੇ 9 ਆਪ ਦੇ ਮੈਂਬਰਾਂ ਨੇ। ਜੇਕਰ ਕੋਈ ਮੈਂਬਰ ਇਹ ਸਾਬਿਤ ਕਰਦਾ ਹੈ ਕਿ ਧੱਕੇਸ਼ਾਹੀ ਹੋਈ ਹੈ ਤੇ ਉਸਨੂੰ ਵੀ ਸੰਵਿਧਾਨ ਨੇ ਪੂਰੇ ਹੱਕ ਦਿਤੇ ਹਨ। ਫਗਵਾੜਾ ਦੇ ਲੋਕਾਂ ਦੀ ਭਲਾਈ ਲਈ ਸਾਂਝਾ ਮੋਰਚਾ ਬਣਾਇਆ ਗਿਆ। ਆਪ ਆਗੂਆਂ ਨੇ ਚਾਰ ਸਾਲਾਂ ਵਿਚ ਜੋ ਲੁੱਟ-ਖਸੁੱਟ ਕੀਤੀ ਹੈ, ਲੋਕਾਂ ’ਤੇ ਝੂਠੇ ਕੇਸ ਦਰਜ ਕਰਵਾਏ ਹਨ, ਬੀਡੀਪੀਓ ਦਫਤਰ ਵਿਚ ਜੋ ਵੀ ਧਾਂਧਲੀਆ ਹੋਈਆਂ ਹਨ, ਸਾਡੀ ਸਰਕਾਰ ਬਣਨ ਤੋਂ ਬਾਦ ਪੂਰਾ ਹਿਸਾਬ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਪਹਿਲੀ ਵਾਰ ਦੇਖਿਆ ਹੈ ਕਿ ਸੱਤਾਧਾਰੀ ਪਾਰਟੀ ਦੇ ਲੋਕ ਦਰਵਾਜੇ ਤੋੜ ਰਹੇ ਹਨ।
ਅਸੀ ਦਿੱਤਾ ਅਜ਼ਾਦ ਉਮੀਦਵਾਰ ਦਾ ਸਾਥ : ਚੰਦੀ
ਆਮ ਆਦਮੀ ਪਾਰਟੀ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀਮਾਨ ਵੱਲੋਂ ਦਿੱਤੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਇੰਚਾਰਜ ਜਥੇਦਾਰ ਰਜਿੰਦਰ ਸਿੰਘ ਚੰਦੀ ਨੇ ਕਿਹਾ ਕਿ ਅੱਜ ਤੱਕ ਅਨੇਕਾਂ ਸਰਕਾਰਾਂ ਆਈਆਂ ਤੇ ਅਨੇਕਾਂ ਗਈਆਂ ਪਰ ਕਦੇ ਕਿਸੇ ਨੇ ਨਹੀਂ ਸੁਣਿਆ ਹੋਵੇਗਾ ਕਿ ਸੱਤਾਧਾਰੀ ਪਾਰਟੀ ਦੇ ਨਾਲ ਹੋਰ ਪਾਰਟੀਆਂ ਧੱਕਾ ਕਰ ਜਾਣ। ਧੱਕਾ ਤੇ ਉਸ ਸਮੇਂ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਕੀਤਾ ਗਿਆ ਸੀ ਜਦੋਂ ਨਗਰ ਨਿਗਮ ਦਾ ਮੇਅਰ ਬਣਾਉਣ ਲਈ 12 ਤੋਂ 26 ਮੈਂਬਰ ਬਣਾ ਦਿੱਤੇ ਗਏ ਸਨ। ਹੁਣ ਤੇ ਸਾਰਾ ਕੁਝ ਨਿਰਪੱਖ ਤੌਰ ’ਤੇ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਰਫ ਆਜ਼ਾਦ ਉਮੀਦਵਾਰ ਦਾ ਸਾਥ ਦਿੱਤਾ ਹੈ ਤੇ ਅੱਜ ਵੀ ਅਸੀਂ ਆਜ਼ਾਦ ਉਮੀਦਵਾਰ ਦੇ ਲਈ ਖੜ੍ਹੇ ਹਾਂ ਤੇ ਉਸ ਨੂੰ ਜਿਤਾਇਆ ਹੈ। ਨਗਰ ਨਿਗਮ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਦਾ ਮੇਅਰ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ ਬਣਿਆ ਸੀ। ਉਦੋਂ ਸ਼੍ਰੋਮਣੀ ਅਕਾਲੀ ਦਲ ਚੰਗੀ ਪਾਰਟੀ ਸੀ ਤੇ ਹੁਣ ਜਦੋਂ ਆਮ ਆਦਮੀ ਪਾਰਟੀ ਵੱਲੋਂ ਚਾਰ ਸਾਲਾਂ ਵਿਚ ਕੀਤੇ ਲੋਕਾਂ ਦੇ ਬੁਰੇ ਹਾਲ ਸਬੰਧੀ ਆਮ ਆਦਮੀ ਪਾਰਟੀ ਦਾ ਸਾਥ ਨਹੀਂ ਦਿੱਤਾ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਮਾੜੀ ਹੋ ਗਈ। ਉਨ੍ਹਾਂ ਕਿਹਾ ਇਸ ਦਾ ਜਵਾਬ ਹੁਣ 2027 ਵਿਧਾਨ ਸਭਾ ਦੀਆਂ ਚੋਣਾਂ ਵਿਚ ਆਮ ਲੋਕ ਹੀ ਦੇਣਗੇ।