ਅਖਿਲ ਭਾਰਤੀ ਗ੍ਰਾਹਕ ਪੰਚਾਇਤ ਦੀ ਰਾਸ਼ਟਰੀ ਕਾਰਜਕਾਰਨੀ ਸੰਪੰਨ
ਜਾਗਰੂਕ ਗ੍ਰਾਹਕ–ਸਸ਼ਕਤ ਰਾਸ਼ਟਰ ਨਿਰਮਾਣ ਦੇ ਸੰਕਲਪ ਨਾਲ ਆਧਿਆਤਮਿਕ ਚੇਤਨਾ ਦਾ ਅਲੌਕਿਕ ਸੁਮੇਲ : ਰਵਿੰਦਰ ਪਾਲ
Publish Date: Tue, 07 Apr 2026 09:32 PM (IST)
Updated Date: Tue, 07 Apr 2026 09:35 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਅਖਿਲ ਭਾਰਤੀ ਗ੍ਰਾਹਕ ਪੰਚਾਇਤ ਦੀ ਰਾਸ਼ਟਰੀ ਕਾਰਜਕਾਰਨੀ ਤੇ ਰਾਸ਼ਟਰੀ ਸਧਾਰਣ ਸਭਾ ਦਾ ਆਯੋਜਨ 3, 4 ਤੇ 5 ਅਪ੍ਰੈਲ 2026 ਨੂੰ ਸ਼ਾਂਤਿਕੁੰਜ, ਹਰਿਦੁਆਰ (ਉੱਤਰਾਖੰਡ) ਵਿਚ ਸਫਲਤਾਪੂਰਵਕ ਸੰਪੰਨ ਹੋਇਆ। ਇਸ ਮਹੱਤਵਪੂਰਨ ਆਯੋਜਨ ਵਿਚ ਦੇਸ਼ ਦੇ 36 ਪ੍ਰਾਂਤਾਂ ਤੋਂ 276 ਪ੍ਰਮੁੱਖ ਕਾਰਕੁਨਾਂ ਨੇ ਭਾਗ ਲਿਆ। ਉਦਘਾਟਨ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਗਾਇਤਰੀ ਪਰਿਵਾਰ, ਸ਼ਾਂਤੀਕੁੰਜ ਦੇ ਪ੍ਰਮੁੱਖ ਪ੍ਰਬੰਧਕ ਯੋਗੇਂਦਰ ਗਿਰੀ ਜੀ ਨੇ ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿਚ ਕਿਹਾ ਕਿ ਗ੍ਰਾਹਕ ਪੰਚਾਇਤ ਆਰਥਿਕ ਖੇਤਰ ਵਿਚ ਸਰਗਰਮ ਤੌਰ ’ਤੇ ਕੰਮ ਕਰ ਰਹੀ ਹੈ, ਜਦਕਿ ਗਾਇਤਰੀ ਪਰਿਵਾਰ ਆਧਿਆਤਮਿਕ ਉੱਨਤੀ ਲਈ ਸਮਰਪਿਤ ਹੈ। ਗ੍ਰਾਹਕ ਪੰਚਾਇਤ ਦੇ ਕਾਰਕੁਨ ਨਿਸ਼ਕਾਮ ਸੇਵਾ ਭਾਵ ਨਾਲ ਸਮਾਜ ਹਿਤ ਵਿਚ ਕੰਮ ਕਰ ਰਹੇ ਹਨ, ਜੋ ਬਹੁਤ ਹੀ ਸ਼ਲਾਘਾਯੋਗ ਹੈ। ਸਧਾਰਣ ਸਭਾ ਵਿਚ ਸੰਸਥਾ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ’ਤੇ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ਗਿਆ। ਮੌਜੂਦਾ ਸਮਾਜਿਕ ਤੇ ਆਰਥਿਕ ਹਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਤਿੰਨ ਪ੍ਰਸਤਾਵਾਂ ਜਿਨ੍ਹਾਂ ਵਿਚ ਬੱਚਿਆਂ ਲਈ ਸੋਸ਼ਲ ਮੀਡੀਆ ਦੇ ਉਪਯੋਗ ’ਤੇ ਨਿਯੰਤਰਣ ਲਈ ਸਰਕਾਰ ਵੱਲੋਂ ਜਲਦੀ ਪ੍ਰਭਾਵਸ਼ਾਲੀ ਕਾਨੂੰਨ ਬਣਾਇਆ ਜਾਵੇ, ਸ਼ੋਸ਼ਣ-ਮੁਕਤ, ਗੁਣਵੱਤਾ ਯੁਕਤ, ਸਸਤੀ ਤੇ ਸੌਖੀ ਸਿੱਖਿਆ ਯਕੀਨੀ ਬਣਾਈ ਜਾਵੇ, ਊਰਜਾ ਸੰਕਟ ਦੀ ਸਥਿਤੀ ਵਿਚ ਗ੍ਰਾਹਕ ਸਮਾਜ ਸਰਕਾਰ ਦੇ ਨਾਲ ਸਹਿਯੋਗੀ ਭੂਮਿਕਾ ਨਿਭਾਏਗਾ’ਤੇ ਵਿਚਾਰ ਕਰਕੇ ਉਨ੍ਹਾਂ ਨੂੰ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਪੰਜਾਬ ਪ੍ਰਾਂਤ ਦੇ ਪ੍ਰਧਾਨ ਰਵਿੰਦਰ ਪਾਲ ਸਿੰਘ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਸ਼ਾਂਤੀਕੁੰਜ ਦੀ ਆਧਿਆਤਮਿਕ ਚੇਤਨਾ ਇਕ ਅਣਭੁੱਲ ਅਹਿਸਾਸ ਪ੍ਰਦਾਨ ਕਰ ਰਹੀ ਸੀ। ਮਹਿਸੂਸ ਹੋ ਰਿਹਾ ਸੀ ਜਿਵੇਂ ਸਮਾਂ ਠਹਿਰ ਗਿਆ ਹੋਵੇ ਤੇ ਮਾਹੌਲ ਸਕਾਰਾਤਮਕ ਊਰਜਾ ਨਾਲ ਭਰਪੂਰ ਹੋਵੇ। ਇਹ ਆਯੋਜਨ ਜਾਗਰੂਕ ਗ੍ਰਾਹਕ ਤੇ ਸਸ਼ਕਤ ਰਾਸ਼ਟਰ ਨਿਰਮਾਣ ਦੇ ਸੰਕਲਪ ਨੂੰ ਨਵੀਂ ਦਿਸ਼ਾ ਤੇ ਊਰਜਾ ਪ੍ਰਦਾਨ ਕਰਨ ਵਾਲਾ ਸਾਬਤ ਹੋਇਆ। ਪ੍ਰੋਗਰਾਮ ’ਚ ਸੁਰੇਸ਼ ਕੁਮਾਰ (ਸਕੱਤਰ), ਖਜ਼ਾਨਚੀ ਤੇ ਐਡਵੋਕੇਟ ਅਨਿਲ ਭਗਤ ਨੇ ਵੀ ਭਾਗ ਲਿਆ।