- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਦੀਆਂ ਦੇ ਮੌਸਮ ’ਚ ਪਸ਼ੂਆਂ ਨੂੰ ਹੋਣ ਵਾਲੀਆਂ ਆਮ ਅਤੇ ਖਾਸ ਬਿਮਾਰੀਆਂ, ਇਲਾਜ ਤੇ ਬਚਾਅ — ਵੈਟਰਨਰੀ ਡਾਕਟਰਾਂ ਦੀ ਰਾਏ

ਪਰਮਜੀਤ ਸਿੰਘ ਪੰਜਾਬੀ ਜਾਗਰਣ
ਡਡਵਿੰਡੀ : ਸਰਦੀਆਂ ਦੇ ਮੌਸਮ ਵਿਚ ਧੁੰਦ, ਨਮੀ ਅਤੇ ਠੰਢ ਵਧਣ ਨਾਲ ਪਸ਼ੂਆਂ ਦੀ ਰੋਗ-ਪ੍ਰਤੀਰੋਧਕ ਤਾਕਤ ਘਟ ਜਾਂਦੀ ਹੈ। ਇਸ ਕਾਰਨ ਮੱਝਾਂ, ਗਾਵਾਂ, ਬੱਕਰੀਆਂ ਤੇ ਭੇਡਾਂ ਵਿਚ ਕਈ ਆਮ ਤੇ ਕੁਝ ਖ਼ਤਰਨਾਕ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਸਮੇਂ ਸਿਰ ਧਿਆਨ ਨਾ ਦਿੱਤਾ ਜਾਵੇ ਤਾਂ ਦੁੱਧ ਉਤਪਾਦਨ ਘਟਦਾ ਹੈ ਅਤੇ ਪਸ਼ੂਆਂ ਦੀ ਮੌਤ ਦਾ ਵੀ ਖਤਰਾ ਬਣ ਸਕਦਾ ਹੈ। ਡਾ. ਸੁਮਿਤ ਸਿੰਘ (ਬੀਵੀਐੱਸਸੀ), ਵੈਟਰਨਰੀ ਅਫਸਰ ਕਮਾਲਪੁਰ (ਮੋਠਾਂਵਾਲਾ) ਤਹਿਸੀਲ ਸੁਲਤਾਨਪੁਰ ਲੋਧੀ ਨੇ ਕਿਹਾ ਕਿ ਸਰਦੀਆਂ ਵਿਚ ਪਸ਼ੂਆਂ ਦੀ ਸਹੀ ਦੇਖਭਾਲ ਸਭ ਤੋਂ ਜ਼ਰੂਰੀ ਹੈ। ਮੂੰਹ-ਖੁਰ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਸਮੇਂ ਸਿਰ ਟੀਕਾਕਰਨ (ਸਲਾਨਾ ਟੀਕਾਕਰਨ) ਲਾਜ਼ਮੀ ਹੈ। ਪਸ਼ੂਆਂ ਨੂੰ ਸੰਤੁਲਿਤ ਖ਼ੁਰਾਕ ਦੇਣੀ ਚਾਹੀਦੀ ਹੈ ਤੇ ਮਲੱਪ ਰਹਿਤ (ਡੀ ਵਰਮਿੰਗ) ਕਰਦੇ ਰਹਿਣਾ ਚਾਹੀਦਾ ਹੈ। ਜੇ ਪਸ਼ੂ ਵਿਚ ਖੰਘ, ਬੁਖ਼ਾਰ, ਦਸਤ ਜਾਂ ਦੁੱਧ ਘਟਣ ਵਰਗੇ ਲੱਛਣ ਨਜ਼ਰ ਆਉਣ, ਤਾਂ ਦੇਰੀ ਨਾ ਕਰਦੇ ਹੋਏ ਤੁਰੰਤ ਨੇੜਲੇ ਵੈਟਰਨਰੀ ਹਸਪਤਾਲ ਜਾਂ ਡਾਕਟਰ ਨਾਲ ਸੰਪਰਕ ਕਰੋ। ਘਰੇਲੂ ਨੁਸਖਿਆਂ ਨਾਲ ਬਿਮਾਰੀ ਛੁਪ ਸਕਦੀ ਹੈ ਪਰ ਨੁਕਸਾਨ ਹੋਰ ਵਧ ਜਾਂਦਾ ਹੈ।
ਆਮ ਬਿਮਾਰੀਆਂ :
1. ਜ਼ੁਕਾਮ, ਖੰਘ ਅਤੇ ਨਿਮੋਨੀਆ
ਲੱਛਣ : ਖੰਘ, ਨੱਕ ’ਚ ਪਾਣੀ, ਸਾਹ ਲੈਣ ’ਚ ਦਿੱਕਤ, ਬੁਖ਼ਾਰ
ਕਾਰਨ : ਠੰਢੀ ਹਵਾ, ਨਮੀ, ਗੰਦਾ ਤੇ ਠੰਢਾ ਫਰਸ਼
ਇਲਾਜ/ਬਚਾਅ : ਸੁੱਕੀ ਥਾਂ, ਹਵਾ ਤੋਂ ਬਚਾਅ, ਗਰਮ ਪਾਣੀ, ਵੈਟਰਨਰੀ ਡਾਕਟਰ ਦੀ ਸਲਾਹ ਨਾਲ ਐਂਟੀਬਾਇਓਟਿਕ ਦਵਾਈਆਂ ਦੇਣੀਆਂ
2. ਦਸਤ ਅਤੇ ਅਜੀਰਨ (ਖਾਣਾ ਠੀਕ ਤਰ੍ਹਾਂ ਨਾ ਪਚਣਾ)
ਲੱਛਣ : ਪਤਲੇ ਪਾਖਾਣੇ, ਕਮਜ਼ੋਰੀ,
ਕਾਰਨ : ਬਾਸੀ/ਠੰਢਾ ਚਾਰਾ, ਗੰਦਾ ਪਾਣੀ
ਇਲਾਜ/ਬਚਾਅ : ਸਾਫ਼ ਪਾਣੀ, ਹਰਾ ਚਾਰਾ ਸੰਤੁਲਿਤ ਮਾਤਰਾ ’ਚ, ਓਆਰਐੱਸ/ਪ੍ਰੋਬਾਇਓਟਿਕ (ਡਾਕਟਰ ਦੀ ਸਲਾਹ ਨਾਲ)
3. ਜੋੜਾਂ ਦੀ ਸੋਜ਼ਿਸ਼ (ਅਰਥਰਾਈਟਿਸ)
ਲੱਛਣ : ਲੰਗੜਾਹਟ, ਜੋੜਾਂ ‘ਚ ਦਰਦ
ਕਾਰਨ : ਠੰਢਾ ਫਰਸ਼, ਨਮੀ
ਇਲਾਜ/ਬਚਾਅ : ਸੁੱਕਾ ਬਿਛੋਨਾ, ਗਰਮ ਮਾਲਿਸ਼, ਦਰਦ-ਨਿਵਾਰਕ ਦਵਾਈਆਂ (ਸਲਾਹ ਨਾਲ)
ਖਾਸ ਅਤੇ ਖ਼ਤਰਨਾਕ ਬਿਮਾਰੀਆਂ
1. ਸ਼ਰੀਰ ਦਾ ਤਾਪਮਾਨ ਡਿੱਗਣਾ (ਹਾਈਪੋਥਰਮੀਆ)
ਲੱਛਣ : ਖਾਣਾ (ਚਾਰਾ) ਨਾ ਖਾਣਾ, ਕਮਜ਼ੋਰੀ ਮਹਿਸੂਸ ਹੋਣੀ
ਬਚਾਅ : ਪਸ਼ੂਆਂ ਨੂੰ ਖੱਲ, ਗੁੜ, ਮਿਨਰਲ ਮਿਕਸਚਰ, ਸੰਤੁਲਿਤ ਖ਼ੁਰਾਕ, ਪਸ਼ੂਆਂ ਦਾ ਕਮਰਾ ਗਰਮ ਰੱਖਣਾ, ਡੀ ਵਰਮਿੰਗ ਕਰਦੇ ਰਹਿਣਾ (ਮਲੱਪ ਰਹਿਤ ਕਰਦੇ ਰਹਿਣਾ)।
2. ਮੂੰਹ-ਖੁਰ ਬਿਮਾਰੀ (ਐੱਫਐੱਮਡੀ)
ਲੱਛਣ : ਮੂੰਹ ਤੇ ਖੁਰਾਂ ‘ਚ ਛਾਲੇ, ਲੰਗੜਾਹਟ, ਦੁੱਧ ਘਟਣਾ
ਬਚਾਅ : ਨਿਯਮਿਤ ਟੀਕੇ, ਬਿਮਾਰ ਪਸ਼ੂਆਂ ਨੂੰ ਅਲੱਗ ਰੱਖਣਾ
3. ਥਣੈਲਾ (ਮੈਸਟਾਇਟੀਸ)
ਲੱਛਣ: ਥਣਾਂ ‘ਚ ਦਰਦ/ਸੂਜਨ, ਦੁੱਧ ਵਿਚ ਗੱਠਾਂ
ਬਚਾਅ : ਦੁੱਧ ਕੱਢਣ ਤੋਂ ਪਹਿਲਾਂ-ਬਾਅਦ ਸਫ਼ਾਈ, ਸੁੱਕਾ ਬਿਛੋਨਾ
4. ਚਮੜੀ ਰੋਗ (ਫੰਗਲ/ਮਾਈਟਸ)
ਲੱਛਣ : ਖੁਜਲੀ, ਵਾਲ ਝੜਨਾ
ਬਚਾਅ : ਸਫ਼ਾਈ, ਦਵਾਈ ਵਾਲੇ ਨ੍ਹਾਉਣ, ਨਮੀ ਤੋਂ ਬਚਾਅ
ਪਸ਼ੂ ਪਾਲਕਾਂ ਲਈ ਜ਼ਰੂਰੀ ਸਾਵਧਾਨੀਆਂ
ਰਾਤ ਨੂੰ ਪਸ਼ੂਆਂ ਨੂੰ ਠੰਢੀ ਹਵਾ ਤੋਂ ਬਚਾਓ; ਤਿਰਪਾਲ/ਪਰਦੇ ਲਗਾਓ,ਫਰਸ਼ ਸੁੱਕਾ ਰੱਖੋ; ਪਰਾਲੀ/ਭੂਸੇ ਦਾ ਬਿਛੋਨਾ ਕਰੋ
ਗਰਮ ਪਾਣੀ ਅਤੇ ਸੰਤੁਲਿਤ ਚਾਰਾ ਦਿਓ
ਸਰਦੀਆਂ ਤੋਂ ਪਹਿਲਾਂ ਤੇ ਇਸ ਦੌਰਾਨ ਟੀਕਾਕਰਨ ਪੂਰਾ ਰੱਖੋ
ਬਿਮਾਰ ਪਸ਼ੂ ਨੂੰ ਤੁਰੰਤ ਅਲੱਗ ਕਰੋ