ਸੁਲਤਾਨਪੁਰ ਲੋਧੀ ਤੇ ਕਪੂਰਥਲਾ ’ਚ ਮੌਸਮ ਤੋਂ ਲੋਕ ਸਹਿਮੇ
ਠੰਢ ਤੇ ਧੁੰਦ ਦਾ ਕਹਿਰ ਜਾਰੀ, ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ’ਚ ਮੌਸਮ ਸਹਿਮਿਆ
Publish Date: Tue, 13 Jan 2026 09:44 PM (IST)
Updated Date: Tue, 13 Jan 2026 09:45 PM (IST)
ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਇਲਾਕੇ ਵਿਚ ਜਨਵਰੀ ਦੀ ਕੜਾਕੇ ਦੀ ਠੰਢ ਨੇ ਕਾਰਨ ਲੋਕ ਸਹਿਮ ਗਏ ਹਨ। ਅੱਜ ਸ਼ਹਿਰ ਵਿਚ ਸਵੇਰ ਸਮੇਂ ਹਲਕੀ ਤੋਂ ਦਰਮਿਆਨੀ ਧੁੰਦ ਅਤੇ ਬੱਦਲ ਛਾਇਆ ਮੌਸਮ ਬਣਿਆ ਰਿਹਾ, ਜਿਸ ਕਾਰਨ ਦਿੱਖ ਘੱਟ ਹੋਣ ਨਾਲ ਆਵਾਜਾਈ ‘ਤੇ ਵੀ ਅਸਰ ਪਿਆ ਪਰ ਦਿਨ ਚੜ੍ਹਦੇ ਹੀ ਕੁਝ ਸਮੇਂ ਲਈ ਧੁੱਪ ਨਿਕਲੀ, ਪਰ ਹਵਾ ਵਿਚ ਸੀਤ ਲਹਿਰ ਕਾਇਮ ਰਹੀ। ਮੌਸਮ ਵਿਭਾਗ ਮੁਤਾਬਕ ਦਿਨ ਦੇ ਸਮੇਂ ਤਾਪਮਾਨ 12–14 ਡਿਗਰੀ ਸੈਲਸੀਅਸ ਦੇ ਨੇੜੇ ਅਤੇ ਰਾਤ ਨੂੰ ਇਹ 4–6 ਡਿਗਰੀ ਸੈਲਸੀਅਸ ਤੱਕ ਘਟਣ ਦੀ ਸੰਭਾਵਨਾ ਹੈ। ਸ਼ਾਮ ਅਤੇ ਰਾਤ ਵੇਲੇ ਮੁੜ ਧੁੰਦ ਪੈਣ ਦੇ ਆਸਾਰ ਹਨ, ਜਿਸ ਨਾਲ ਸਵੇਰ-ਸ਼ਾਮ ਸੜਕਾਂ ‘ਤੇ ਸਾਵਧਾਨੀ ਦੀ ਲੋੜ ਰਹੇਗੀ । ਠੰਢ ਵਧਣ ਨਾਲ ਬਾਜ਼ਾਰਾਂ ਵਿਚ ਗਰਮ ਕੱਪੜਿਆਂ, ਅਲਾਵਾਂ ਅਤੇ ਚਾਹ ਦੀਆਂ ਦੁਕਾਨਾਂ ‘ਤੇ ਰੌਣਕ ਵੇਖੀ ਗਈ। ਕਿਸਾਨਾਂ ਵੱਲੋਂ ਫ਼ਸਲਾਂ ਨੂੰ ਧੁੰਦ ਤੋਂ ਬਚਾਉਣ ਲਈ ਸਵੇਰ ਦੇ ਸਮੇਂ ਸਾਵਧਾਨੀ ਵਰਤੀ ਜਾ ਰਹੀ ਹੈ, ਜਦਕਿ ਡਾਕਟਰਾਂ ਨੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਠੰਢ ਤੋਂ ਬਚਾਅ ਦੀ ਸਲਾਹ ਦਿੱਤੀ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਦਿਨ ਦੇ ਸਮੇਂ ਹਲਕੀ ਧੁੱਪ ਅਤੇ ਬੱਦਲ ਰਹਿਣਗੇ, ਪਰ ਰਾਤਾਂ ਠੰਢੀਆਂ ਹੀ ਰਹਿਣਗੀਆਂ। ਲੋਕਾਂ ਨੂੰ ਧੁੰਦ ਦੌਰਾਨ ਵਾਹਨ ਚਲਾਉਂਦੇ ਸਮੇਂ ਲਾਈਟਾਂ ਵਰਤਣ ਅਤੇ ਗਤੀ ਹੌਲੀ ਰੱਖਣ ਦੀ ਅਪੀਲ ਕੀਤੀ ਗਈ ਹੈ।