- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨਮ ਸਰਟੀਫਿਕੇਟਾਂ 'ਚ ਗਲਤੀਆਂ ਕਲਰਕਾਂ ਦੀਆਂ - ਸਜ਼ਾ ਉਪਭੋਗਤਾਵਾਂ ਨੂੰ

ਸਰਟੀਫਿਕੇਟਾਂ 'ਚ ਆਮ ਗਲਤੀਆਂ ਦੀ ਸਜ਼ਾ ਮਿਲਦੀ ਹੈ ਲੋਕਾਂ ਨੂੰ
ਰੌਸ਼ਨ ਖੈੜਾ, ਪੰਜਾਬੀ ਜਾਗਰਣ
ਕਪੂਰਥਲਾ : ਇਹ ਗੱਲ ਆਮ ਪ੍ਰਚਲਿਤ ਹੈ ਕਿ ਮਨੁੱਖ ਗਲਤੀ ਦਾ ਪੁਤਲਾ ਹੈ ਪਰ ਜਦੋਂ ਕਿਸੇ ਲਾਲਚ ਵੱਸ ਗਲਤੀ ਜਾਣ-ਬੁੱਝ ਕੇ ਕੀਤੀ ਜਾਵੇ ਤਾਂ ਉਸ ਦਾ ਹੱਲ ਕੌਣ ਕਰੂ? ਇਨਾਂ ਸ਼ਬਦਾਂ ਦਾ ਪ੍ਰਗਟਾਵਾ ਜਨਮ ਸਰਟੀਫਿਕੇਟ ਵਿਚ ਕਰਮਚਾਰੀ ਵੱਲੋਂ ਕੀਤੀ ਗਲਤੀ ਦੀ ਸਜ਼ਾ ਭੋਗਦੇ ਨਵਨੀਤ ਮੌਦਗਿਲ ਨੇ ਕੀਤਾ। ਉਨਾਂ ਦੱਸਿਆ ਕਿ ਦੋ ਮਹੀਨੇ ਪਹਿਲਾਂ ਇਕ ਨਿੱਜੀ ਨਰਸਿੰਗ ਹਸਪਤਾਲ ਵਿਚ ਬੇਟੇ ਦਾ ਜਨਮ ਹੋਇਆ ਤੇ ਉਸਦਾ ਜਨਮ ਸਰਟੀਫਿਕੇਟ ਬਨਾਉਣ ਲਈ ਹਸਪਤਾਲ ਵੱਲੋਂ ਬਣਦੀ ਕਾਗਜ਼ੀ ਕਾਰਵਾਈ ਕੀਤੀ ਗਈ। ਕੁਝ ਦਿਨਾਂ ਬਾਅਦ ਜਦੋਂ ਬੇਟੇ ਦਾ ਜਨਮ ਸਰਟੀਫਿਕੇਟ ਮਿਲਿਆ ਤਾਂ ਮੇਰੇ ਹੀ ਨਾਮ ਵਿਚ ਗਲਤੀ ਸੀ ਪਰ ਜਦੋਂ ਉਨਾਂ ਨੂੰ ਗਲਤੀ ਦਾ ਅਹਿਸਾਸ ਕਰਵਾਇਆ ਤਾਂ ਉਨ੍ਹਾਂ ਕਿਹਾ ਕਿ ਇਹ ਗ਼ਲਤੀ ਨਗਰ ਨਿਗਮ ਦਫ਼ਤਰ ਤੋਂ ਹੋਈ ਹੈ, ਜਦੋਂ ਨਗਰ ਨਿਗਮ ਮੇਅਰ ਨਾਲ ਮੀਟਿੰਗ ਕੀਤੀ ਤਾਂ ਉਥੋਂ ਦੇ ਕਲਰਕ ਨੇ ਕਿਹਾ ਕਿ ਨਾਮ ਦੀ ਦਰੁਸਤੀ ਲਈ ਤੁਹਾਨੂੰ ਸੇਵਾ ਕੇਂਦਰ ਲਈ ਦੁਬਾਰਾ ਬਿਨੈ ਪੱਤਰ ਦੇਣਾ ਹੋਵੇਗਾ। ਬਿਨੈਕਾਰ ਦਾ ਬਿਨੈ ਪੱਤਰ ਵਿਚ ਆਪਣਾ ਹਲਫੀਆ ਬਿਆਨ, ਦੋ ਗਵਾਹੀਆਂ, ਦੋ ਸਬੂਤ ਹੋਣ ਤੁਹਾਡੇ ਸਹੀ ਨਾਮ ਦੇ, ਬੱਚੇ ਦੀ ਡਿਸਚਾਰਜ ਸਲਿੱਪ, ਜਿਸ ਵਿਚ ਉਸ ਬੱਚੇ ਦੇ ਹੋਏ ਟੀਕਾਕਰਨ ਦਾ ਸਬੂਤ ਹੋਵੇ ਤੇ ਹੋਰ ਦਸਤਾਵੇਜ਼ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਲਾਪ੍ਰਵਾਹੀ ਤਾਂ ਨਰਸਿੰਗ ਹਸਪਤਾਲ ਦੀ ਕਲਰਕ ਕੋਲੋਂ ਹੋਈ ਸੀ ਤੇ ਸਜ਼ਾ ਮੈਂ ਭੁਗਤ ਰਿਹਾ ਹਾਂ। ਆਪਣੀ ਡਿਊਟੀ ਤੋਂ ਚਾਰ ਛੁੱਟੀਆਂ ਲੈਣੀਆਂ ਪਈਆਂ, ਮੇਰਾ ਨਾਮ ਜੋ ਕਲਰਕ ਵੱਲੋਂ ਗ਼ਲਤ ਭਰਿਆ ਗਿਆ, ਜਿਹੜੇ ਦਸਤਾਵੇਜ਼ ਪਹਿਲਾਂ ਹਸਪਤਾਲ ਵਿਚ ਦਿੱਤੇ ਗਏ ਸਨ ਨੂੰ ਸਹੀ ਸਾਬਿਤ ਕਰਨ ਦੇ ਸਬੂਤ ਮੈਨੂੰ ਦੁਬਾਰਾ ਦੇਣੇ ਪਏ, ਦੋ ਗਵਾਹੀਆਂ ਲੱਭਣ ਲਈ ਵੱਖਰੀ ਖੱਜਲ ਖੁਆਰੀ, ਸੇਵਾ ਕੇਂਦਰ ਵਿਚ ਲੰਮੀ ਉਡੀਕ, ਉਡੀਕ ਤੋਂ ਬਾਅਦ ਜੇਕਰ ਵਾਰੀ ਮਿਲੀ ਤਾਂ ਕਾਉੰਟਰ ਕਲਰਕ ਵੱਲੋਂ ਹੋਰ ਸਬੂਤਾਂ ਦੀ ਮੰਗ ਪੂਰੀ ਕਰਨ ਲਈ ਅਗਲੇ ਦਿਨ ਫਿਰ ਲਾਇਨ ’ਚ ਲੱਗਣਾ ਪਿਆ। ਖੱਜਲ-ਖੁਆਰ ਹੋਣ ਤੋਂ ਬਾਅਦ ਹਸਪਤਾਲ ਦੇ ਹੀ ਕਰਮਚਾਰੀ ਨੇ ਦਸਿਆ ਕਿ ਸਰਕਾਰ ਵੱਲੋਂ ਜਨਮ ਸਰਟੀਫਿਕੇਟ ਭਰਨ ਤੇ ਬਨਾਉਣ ਦੇ ਅਧਿਕਾਰ ਬੇਸ਼ੱਕ ਨਰਸਿੰਗ ਹਸਪਤਾਲਾਂ ਨੂੰ ਦਿੱਤੇ ਹੋਏ ਹਨ ਪਰ ਮਨੁੱਖੀ ਗਲਤੀ ਨੂੰ ਸੁਧਾਰਨ ਲਈ ਕੰਪਿਊਟਰ ਵਿਚ ਰੋਲ-ਬੈਕ ਦੀ ਸਹੁਲਤ ਨਹੀਂ ਦਿੱਤੀ ਗਈ ਹੈ, ਜਿਸ ਨਾਲ ਗਲਤੀ ਉਸੇ ਵੇਲੇ ਸੁਧਾਰੀ ਜਾ ਸਕਦੀ ਹੈ। ਇਸ ਰੋਲ-ਬੈਕ ਦੀ ਸਹੁਲਤ ਨਗਰ ਕੌਂਸਲ ਜਾਂ ਨਗਰ ਨਿਗਮ ਕੋਲ ਹੀ ਹੁੰਦੀ ਹੈ। ਉਨ੍ਹਾਂ ਦਸਿਆ ਕਿ ਜਨਮ, ਮੌਤ ਸਰਟੀਫਿਕੇਟਾਂ 'ਚ ਗਲਤੀਆਂ ਜਾਣ-ਬੁੱਝ ਕੇ ਵੀ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ’ਚ ਸੁਧਾਰ ਕਰਨ ਲਈ ਪੀੜ੍ਹਤ ਦੀ ਖੱਜਲ-ਖੁਆਰੀ ਹੁੰਦੀ ਹੈ। ਨਵਨੀਤ ਮੋਦਗਿਲ ਨੇ ਮੰਗ ਕੀਤੀ ਹੈ ਕਿ ਜੇਕਰ ਜਨਮ ਜਾਂ ਮੌਤ ਸਰਟੀਫਿਕੇਟ ਭਰਨ ਵਿਚ ਦਫ਼ਤਰ ਵੱਲੋਂ ਹੀ ਲਾਪ੍ਰਵਾਹੀ ਜਾਂ ਲਾਲਚ ਵੱਸ ਗਲਤੀ ਹੁੰਦੀ ਹੈ ਤਾਂ ਉਸ ਗਲਤੀ ਨੂੰ ਸੁਧਾਰਨ ਲਈ ਸਰਲਤਾ ਹੋਣੀ ਚਾਹੀਦੀ ਹੈ, ਜਿਹੜੇ ਦਸਤਾਵੇਜ਼ਾਂ ਸਦਕਾ ਉਹ ਪ੍ਰਮਾਣ ਪੱਤਰ ਪਹਿਲਾਂ ਬਣਿਆ ਹੈ, ਨੂੰ ਹੀ ਆਧਾਰ ਬਣਾ ਕੇ ਸੁਧਾਰ ਹੋਣਾ ਚਾਹੀਦਾ ਹੈ। ਇਸ ਸਰਲ ਸੁਧਾਰ ਨਾਲ ਜਿਥੇ ਪੀੜਤਾਂ ਦੀ ਖੱਜਲ-ਖ਼ੁਆਰੀ ਬਚੇਗੀ, ਉੱਥੇ ਕਥਿਤ ਦਫ਼ਤਰੀ ਭ੍ਰਿਸ਼ਟਾਚਾਰ ਨੂੰ ਵੀ ਨੱਥ ਪਵੇਗੀ।