ਆਪ ਦੇ ਰਾਜ ’ਚ ਮੁਲਾਜ਼ਮਾਂ ਨੂੰ ਦੁੱਖਾਂ ਤੇ ਭੁੱਖਾਂ ਹੀ ਮਿਲੀਆਂ : ਯੂਨੀਅਨ
ਦੀ ਕਲਾਸ ਫੋਰ ਗੋਰਮਿੰਟ ਇੰਪਲਾਇਜ਼ ਯੂਨੀਅਨ ਦੀ ਮੀਟਿੰਗ ਹੋਈ
Publish Date: Sat, 21 Feb 2026 08:54 PM (IST)
Updated Date: Sat, 21 Feb 2026 08:57 PM (IST)
ਦਿ ਕਲਾਸ ਫੌਰ ਗੌਰਮਿੰਟ ਇੰਪਲਾਇਜ਼ ਯੂਨੀਅਨ ਦੀ ਮੀਟਿੰਗ ਹੋਈ
ਗੁਰਵਿੰਦਰ ਕੌਰ, ਪੰਜਾਬੀ ਜਾਗਰਣ
ਕਪੂਰਥਲਾ : ਦਿ ਕਲਾਸ ਫੌਰ ਗੌਰਮਿੰਟ ਇੰਪਲਾਇਜ਼ ਯੂਨੀਅਨ ਕਪੂਰਥਲਾ ਦੀ ਮੀਟਿੰਗ ਯੂਨੀਅਨ ਦਫਤਰ ਮਾਲ ਰੋਡ ’ਤੇ ਆਯੋਜਿਤ ਕੀਤੀ ਗਈ। ਮੀਟਿੰਗ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਜਸਵਿੰਦਰ ਪਾਲ ਉਗੀ ਤੇ ਜਰਨਲ ਸਕੱਤਰ ਸੱਤਪਾਲ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਤੋਂ ਦਰਜਾ ਚਾਰ ਮੁਲਾਜ਼ਮ ਵੱਡੀ ਗਿਣਤੀ ਵਿਚ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾਰਜਕਾਰੀ ਪ੍ਰਧਾਨ ਜਸਵਿੰਦਰ ਪਾਲ ਉਗੀ ਨੇ ਦੱਸਿਆ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਬੇਸ਼ਰਮੀ ’ਤੇ ਉਤਰੀ ਹੋਈ ਹੈ। ਜਦੋਂ ਤੋਂ ਇਹ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਸੱਤਾ ਵਿਚ ਆਈ ਹੈ, ਉਸ ਸਮੇਂ ਤੋਂ ਪੰਜਾਬ ਰਾਜ ਦੇ ਮੁਲਾਜ਼ਮਾਂ ਨੂੰ ਦੁੱਖਾਂ ਤੇ ਭੁੱਖਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਮੰਤਰੀ ਪੰਜਾਬ ਚੀਕਾਂ ਮਾਰ ਕੇ ਕਹਿੰਦੇ ਹਨ ਕਿ ਪੰਜਾਬ ਵਿਚ ਬਹੁਤ ਵਿਕਾਸ ਹੋਇਆ ਹੈ, ਪਰ ਮੁਲਾਜ਼ਮਾਂ ਦਾ 16 ਪ੍ਰਤੀਸ਼ਤ ਡੀਏ ਪੈਂਡਿੰਗ ਪਿਆ ਹੈ ਤੇ ਪੇ-ਕਮਿਸ਼ਨ ਦਾ ਬਕਾਇਆ ਵੀ ਵੱਡੀ ਗਿਣਤੀ ਵਿਚ ਪਿਆ ਹੈ। ਸੀਐੱਮ ਭਗਵੰਤ ਮਾਨ ਤੇ ਵਿੱਤ ਮੰਤਰੀ ਪੰਜਾਬ ਨੇ ਰਾਜ ਦੇ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਸੀ ਕਿ ਸੱਤਾ ਵਿਚ ਆਉਣ ’ਤੇ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ, ਪਰ ਇਹ ਵਾਅਦੇ ਹਾਲੇ ਤੱਕ ਲਟਕ ਰਹੇ ਹਨ। ਮੁਲਾਜ਼ਮ ਆਗੂਆਂ ਨੇ ਸਰਕਾਰ ਦੀ ਕਾਰਜ਼ਸ਼ੈਲੀ ’ਤੇ ਤਿੱਖੇ ਹਮਲੇ ਕੀਤੇ ਤੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਹਾਲੇ ਵੀ ਕੁੰਭਕਰਨੀ ਨੀਂਦ ਤੋਂ ਨਾ ਜਾਗੀ, ਮੁਲਾਜ਼ਮਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਮਾਨ ਸਰਕਾਰ ਨੂੰ ਬਾਹਰ ਦਾ ਰਸਤਾ ਦੇਖਣਾ ਪਵੇਗਾ। ਇਸ ਮੀਟਿੰਗ ਵਿਚ ਪ੍ਰੇਮ ਲਾਲ, ਸੁਖਪਾਲ ਸਿੰਘ, ਦਿਨੇਸ਼ ਕੁਮਾਰ, ਹੌਂਸਲਾ ਪ੍ਰਸ਼ਾਦ, ਤਰਸੇਮ ਸਿੰਘ, ਜਸਵੀਰ ਸਿੰਘ, ਬਲਵੀਰ ਸਿੰਘ, ਸੋਮੀ, ਹਰਸਿੰਦਰ ਸਿੰਘ, ਕਸ਼ਮੀਰ ਸਿੰਘ ਤੇ ਹੋਰ ਹਾਜ਼ਰ ਸਨ।