ਸਿਟੀ ਵੈੱਲਫੇਅਰ ਕਲੱਬ ਨੇ ਸ਼ਾਹਤਲਾਈ ’ਚ ਲਗਾਇਆ 29ਵਾਂ ਸਾਲਾਨਾ ਲੰਗਰ
ਸਿਟੀ ਵੈਲਫੇਅਰ ਕਲੱਬ ਨੇ ਚੈਤ ਮਹੀਂਨੇ ਦੇ ਮੇਲੇ ਦੌਰਾਨ ਸ਼ਾਹਤਲਾਈ ਵਿੱਚ ਲਗਾਇਆ 29ਵਾਂ ਸਾਲਾਨਾ ਲੰਗਰ
Publish Date: Mon, 23 Mar 2026 07:18 PM (IST)
Updated Date: Mon, 23 Mar 2026 07:22 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਿਟੀ ਵੈੱਲਫੇਅਰ ਕਲੱਬ ਫਗਵਾੜਾ (ਰਜਿ.) ਵੱਲੋਂ ਚੈਤ ਮਹੀਨੇ ਦੌਰਾਨ ਦਿਓਟ ਸਿੱਧ ਬਾਬਾ ਬਾਲਕ ਨਾਥ ਧਾਮ ਵਿਚ ਲੱਗ ਰਹੇ ਮੇਲੇ ਦੌਰਾਨ ਬਾਬਾ ਜੀ ਦੇ ਭਗਤਾਂ ਦੀ ਸੁਵਿਧਾ ਲਈ 29ਵਾਂ ਸਾਲਾਨਾ ਭੰਡਾਰਾ ਸ਼ਾਹਤਲਾਈ, ਜ਼ਿਲ੍ਹਾ ਊਨਾ (ਹਿ.ਪ੍ਰ.) ਵਿਚ ਸਮੂਹ ਸੰਗਤ ਦੇ ਸਹਿਯੋਗ ਨਾਲ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਨਰੇਸ਼ ਨਿਸ਼ਚਲ ਤੇ ਸਰਪਰਸਤ ਧਰਮਪਾਲ ਨਿਸ਼ਚਲ ਦੀ ਅਗਵਾਈ ਵਿਚ ਆਯੋਜਿਤ ਲੰਗਰ ਦੌਰਾਨ ਵੱਡੀ ਗਿਣਤੀ ਵਿਚ ਬਾਬਾ ਜੀ ਦੇ ਭਗਤਾਂ ਨੇ ਪਿਆਰ ਤੇ ਸ਼ਰਧਾ ਨਾਲ ਲੰਗਰ ਪ੍ਰਾਪਤ ਕੀਤਾ। ਨਰੇਸ਼ ਨਿਸ਼ਚਲ ਤੇ ਧਰਮਪਾਲ ਨਿਸ਼ਚਲ ਨੇ ਦੱਸਿਆ ਕਿ ਸਿੱਧ ਬਾਬਾ ਬਾਲਕ ਨਾਥ ਜੀ ਦੀ ਪਵਿੱਤਰ ਗੁਫਾ ਦੇ ਦਰਸ਼ਨਾਂ ਲਈ ਚੈਤ ਮਹੀਨੇ ਵਿਚ ਲੱਗਣ ਵਾਲੇ ਮੇਲੇ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ ਭਗਤ ਸ਼ਾਮਲ ਹੁੰਦੇ ਹਨ। ਉਨ੍ਹਾਂ ਦੇ ਕਲੱਬ ਵੱਲੋਂ ਹਰ ਸਾਲ ਸੰਗਤ ਦੀ ਸੇਵਾ ਲਈ ਲੰਗਰ ਲਗਾਇਆ ਜਾਂਦਾ ਹੈ। ਇਸ ਵਾਰ ਲੰਗਰ 19 ਮਾਰਚ ਤੋਂ 22 ਮਾਰਚ ਤੱਕ ਬਿਨਾ ਕਿਸੇ ਰੁਕਾਵਟ ਦੇ ਜਾਰੀ ਰਿਹਾ। ਲੰਗਰ ਦੇ ਆਖਰੀ ਦਿਨ ਹਿਊਮਨ ਰਾਈਟਸ ਕੌਂਸਲ (ਇੰਡੀਆ) ਦੇ ਪੰਜਾਬ ਸਕੱਤਰ ਤੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐੱਮਜੇਐੱਫ ਤੇ ਐੱਨਆਰਆਈ ਸੁਖਦੇਵ ਰਾਜ ਮਨੀਲਾ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਨ੍ਹਾਂ ਸੰਗਤ ਨੂੰ ਲੰਗਰ ਵੰਡਿਆ। ਕਲੱਬ ਵੱਲੋਂ ਲਾਇਨ ਕੰਗ ਤੇ ਐੱਨਆਰਆਈ ਸੁਖਦੇਵ ਰਾਜ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਲੱਬ ਦੇ ਸਰਪਰਸਤ ਧਰਮਪਾਲ ਨਿਸ਼ਚਲ ਨੇ ਬਾਬਾ ਬਾਲਕ ਨਾਥ ਜੀ ਅੱਗੇ ਵਿਸ਼ਵ ਸ਼ਾਂਤੀ ਅਤੇ ਲੋਕ ਭਲਾਈ ਲਈ ਅਰਦਾਸ ਕੀਤੀ।