ਸੀਆਈਏ ਦੀ ਵੱਡੀ ਕਾਰਵਾਈ, ਪਿਸਟਲ ਸਮੇਤ ਇਕ ਕਾਬੂ
ਸੀ.ਆਈ.ਏ. ਦੀ ਵੱਡੀ ਕਾਰਵਾਈ, ਪਿਸਟਲ ਸਮੇਤ 1 ਕਾਬੂ
Publish Date: Tue, 03 Feb 2026 09:18 PM (IST)
Updated Date: Tue, 03 Feb 2026 09:20 PM (IST)

--ਮੱਧ ਪ੍ਰਦੇਸ਼ ਤੋਂ ਨਜਾਇਜ਼ ਹਥਿਆਰ ਲਿਆ ਕੇ ਪੰਜਾਬ ’ਚ ਕਰਦਾ ਸੀ ਸਪਲਾਈ ਸੁਖਪਾਲ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਸੀਆਈਏ ਸਟਾਫ਼ ਦੀ ਟੀਮ ਨੇ ਨਜਾਇਜ਼ ਹਥਿਆਰਾਂ ਨੂੰ ਸਪਲਾਈ ਕਰਨ ਵਾਲੇ ਇਕ ਮੁਲਜ਼ਮ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਤੋਂ ਇਕ ਪਿਸਟਲ ਬਰਾਮਦ ਕੀਤਾ ਹੈ। ਮੁਲਜ਼ਮ ਦੇ ਖਿਲਾਫ਼ ਥਾਣਾ ਸਦਰ ਵਿਚ ਆਰਮਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸਦੀ ਪੁਸ਼ਟੀ ਕਰਦੇ ਹੋਏ ਸੀਆਈਏ ਇੰਚਾਰਜ ਰਮਨ ਕੁਮਾਰ ਨੇ ਦੱਸਿਆ ਕਿ ਕਾਬੂ ਕੀਤਾ ਗਿਆ ਮੁਲਜ਼ਮ ਮੱਧ ਪ੍ਰਦੇਸ਼ ਤੋਂ ਨਜਾਇਜ਼ ਹਥਿਆਰ ਲੈ ਕੇ ਪੰਜਾਬ ਵਿਚ ਵੇਚਦਾ ਹੈ। ਮੁਲਜ਼ਮ ਤੋਂ ਉਸਦੇ ਹੋਰ ਸਾਥੀਆਂ ਤੇ ਨੈੱਟਵਰਕ ਸਬੰਧੀ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸੀਆਈਏ ਸਟਾਫ਼ ਵਿਚ ਤੈਨਾਤ ਏਐੱਸਆਈ ਜਸਵੀਰ ਸਿੰਘ ਪੁਲਿਸ ਪਾਰਟੀ ਦੇ ਨਾਲ ਪਿੰਡ ਤਲਵੰਡੀ ਮਹਿਮਾ ਦੇ ਨਜ਼ਦੀਕ ਮੌਜੂਦ ਸਨ। ਇਸੇ ਦੌਰਾਨ ਇਕ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਇਕ ਬਦਮਾਸ਼ ਅਜੈ ਕੁਮਾਰ ਪੁੱਤਰ ਪਰਮਜੀਤ ਸਿੰਘ ਵਾਸੀ ਮਹੀਰਾਜਪੁਰ ਲੋਹੀਆ, ਮੱਧ ਪ੍ਰਦੇਸ਼ ਤੋਂ ਨਜਾਇਜ਼ ਹਥਿਆਰ ਲਿਆ ਕੇ ਪੰਜਾਬ ਵਿਚ ਸਪਲਾਈ ਕਰਦਾ ਹੈ ਤੇ ਇਸ ਸਮੇਂ ਪਿੰਡ ਤਲਵੰਡੀ ਮਹਿਮਾ ਤੋਂ ਸ਼ੇਖੂਪੁਰ ਨੂੰ ਜਾਣ ਵਾਲੀ Çਲਿੰਕ ਰੋਡ ’ਤੇ ਹਥਿਆਰ ਸਮੇਤ ਕਿਸੇ ਗ੍ਰਾਹਕ ਦਾ ਇੰਤਜ਼ਾਰ ਕਰ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਸੀਆਈਏ ਟੀਮ ਨੇ ਤੁਰੰਤ ਛਾਪੇਮਾਰੀ ਕਰਦੇ ਹੋਏ ਮੁਲਜ਼ਮ ਅਜੈ ਕੁਮਾਰ ਨੂੰ ਮੌਕੇ ਤੋਂ ਕਾਬੂ ਕਰ ਲਿਆ ਤੇ ਤਲਾਸ਼ੀ ਦੌਰਾਨ ਉਸਦੇ ਕੋਲੋਂ 7.65 ਐੱਮਐੱਮ ਦੀ ਪਿਸਟਲ ਵੀ ਬਰਾਮਦ ਕੀਤੀ ਗਈ। ਪੁਲਿਸ ਨੇ ਮੁਲਜ਼ਮ ਦੇ ਖਿਲਾਫ਼ ਥਾਣਾ ਸਦਰ ਵਿਚ ਮਾਮਲਾ ਦਰਜ ਕਰ ਲਿਆ ਹੈ ਤੇ ਉਸਦੇ ਹਥਿਆਰ ਵੇਚਣ ਦੇ ਨੈੱਟਵਰਕ ਤੇ ਉਸਦੇ ਹੋਰ ਸਾਥੀਆਂ ਦੇ ਸਬੰਧ ਵਿਚ ਗੰਭੀਰਤਾ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।