ਕ੍ਰਿਸਮਸ ਦੌਰਾਨ ਦਹਿਸ਼ਤ ਮਚਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਵੇ : ਅਟਵਾਲ
ਚਰਚ ਬਚਾਓ ਮੋਰਚੇ ਤੇ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਨੇ ਦਿੱਤਾ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ
Publish Date: Thu, 15 Jan 2026 07:28 PM (IST)
Updated Date: Thu, 15 Jan 2026 07:30 PM (IST)
--ਚਰਚ ਬਚਾਓ ਮੋਰਚਾ ਤੇ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਨੇ ਦਿੱਤਾ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਚਰਚ ਬਚਾਓ ਮੋਰਚਾ ਅਤੇ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਵੱਲੋਂ ਸਾਂਝੇ ਤੌਰ 'ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਨਰੇਗਾ ਸਕੀਮ ਵਿਚ ਤਬਦੀਲੀ ਕਰਨ ਦੇ ਵਿਰੋਧ, ਕ੍ਰਿਸਮਸ ਦੌਰਾਨ ਭਾਜਪਾ ਰਾਜਾਂ ਵਿਚ ਹਿੰਦੂ ਸੰਗਠਨਾਂ ਵੱਲੋਂ ਦਹਿਸ਼ਤ ਮਚਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਤੇ ਕਪੂਰਥਲਾ ਦੇ ਪੁਰਾਤਨ ਚਰਚ ਦੀ ਰਿਹਾਈ ਤੋਂ ਇਲਾਵਾ ਕਬਰਿਸਤਾਨ ਦੀ ਵਿਵਸਥਾ ਕਰਵਾਉਣ ਦੇ ਸਬੰਧ ਵਿਚ ਮਾਨਯੋਗ ਰਾਸ਼ਟਰਪਤੀ ਭਾਰਤ ਸਰਕਾਰ ਦੇ ਨਾਂ 'ਤੇ ਡੀਸੀ ਕਪੂਰਥਲਾ ਰਾਹੀਂ ਭੇਜਣ ਵਾਸਤੇ ਵਧੀਕ ਡਿਪਟੀ ਕਮਿਸ਼ਨਰ (ਜ) ਨਵਨੀਤ ਕੌਰ ਬੱਲ ਨੂੰ ਚਰਚ ਬਚਾਓ ਮੋਰਚੇ ਦੇ ਪ੍ਰਮੁੱਖ ਜੋਗਾ ਸਿੰਘ ਅਟਵਾਲ, ਦਲਿਤ ਭਾਈਚਾਰੇ ਦੇ ਆਗੂ ਚਰਨਜੀਤ ਹੰਸ ਅਤੇ ਸਹਿਯੋਗੀ ਜਥੇਬੰਦੀਆਂ ਨਾਲ ਮਿਲ ਕੇ ਮੰਗ ਪੱਤਰ ਦਿੱਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੰਗ ਪੱਤਰ ਦੇਣ ਉਪਰੰਤ ਚਰਚ ਬਚਾਓ ਮੋਰਚੇ ਦੇ ਪ੍ਰਮੁੱਖ ਜੋਗਾ ਸਿੰਘ ਅਟਵਾਲ ਨੇ ਸਥਾਨਕ ਪੱਤਰਕਾਰਾਂ ਨੂੰ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਮਨਰੇਗਾ ਸਕੀਮ ਵਿਚ ਬੇਲੋੜਾ ਬਦਲਾਅ ਕੀਤਾ ਜਾ ਰਿਹਾ ਹੈ। ਉਸ ਦਾ ਚਰਚ ਬਚਾਓ ਮੋਰਚਾ ਅਤੇ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਡਟ ਕੇ ਵਿਰੋਧ ਕਰਦਾ ਹੈ ਕਿਉਂ ਜੋ ਇਹ ਤਬਦੀਲੀ ਗਰੀਬ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਲਈ ਘਾਤਕ ਹੈ। ਇਸ ਲਈ ਕਨੂੰਨ ਨੂੰ ਤਰੁੰਤ ਵਾਪਸ ਲੈਣ ਚਾਹੀਦਾ ਹੈ। ਉਨਾਂ ਕ੍ਰਿਸਮਸ ਦੌਰਾਨ ਭਾਜਪਾ ਰਾਜਾਂ ਵਿਚ ਚਰਚਾਂ ਉੱਪਰ ਹੋਏ ਹਮਲਿਆਂ ਦੀ ਨਿਖੇਧੀ ਕਰਦਿਆਂ ਹਿੰਦੂ ਸੰਗਠਨਾਂ ਦੇ ਗੁੰਡਿਆਂ ਵਿਰੁੱਧ ਹਿੰਸਾ ਭੜਕਾਉਣ ਦੀਆਂ ਸਖ਼ਤ ਤੋਂ ਸਖਤ ਧਰਾਵਾਂ ਹੇਠ ਕਾਰਵਾਈ ਹੋਣੀ ਚਾਹੀਦੀ ਹੈ। ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਪਾਸਟਰ ਸੁਰਿੰਦਰ ਨੇ ਦੱਸਿਆ ਕਿ ਅੱਜ ਦੇ ਦਿਨ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਕੌਮੀ ਪ੍ਰਧਾਨ ਲਾਰੈਂਸ ਚੌਧਰੀ ਦੀ ਅਗਵਾਈ ਹੇਠ ਮੰਗ ਪੱਤਰ ਦਿੱਤੇ ਜਾ ਰਹੇ ਹਨ। ਚਰਚ ਬਚਾਓ ਮੋਰਚੇ ਦੇ ਆਗੂਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਕਪੂਰਥਲਾ ਦੇ ਪੁਰਾਤਨ ਚਰਚ ਜਿਸ ਨੂੰ ਕਲੱਬ ਵਿਚ ਤਬਦੀਲ ਕੀਤਾ ਗਿਆ ਹੈ, ਦੀ ਰਿਹਾਈ ਕਰਵਾਉਣ ਲਈ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀਆਂ ਕੀਤੀਆਂ ਗਈਆਂ ਹਨ ਪਰ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਪਾਸਟਰ ਕੁਲਵੰਤ ਮਸੀਹ, ਭਾਈ ਹੀਰਾ ਮਸੀਹ ਆਦਿ ਹਾਜ਼ਰ ਸਨ।