- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਪੂਰਥਲਾ ਸ਼ਹਿਰ ਦੇ ਮਸੀਹ ਕਬਰਸਤਾਨ ਨੂੰ ਅਲਾਟ ਕਰਨ ਦੀ ਮੰਗ ਨੂੰ ਲੈ ਕੇ ਮਸੀਹੀ ਸਮਾਜ ਡੀ.ਸੀ. ਨੂੰ ਮਿਲਿਆ

ਕਬਰਸਤਾਨ ਲਈ ਜਗ੍ਹਾ ਦੀ ਮੰਗ ਨੂੰ ਲੈ ਕੇ ਮਸੀਹ ਸਮਾਜ ਡੀਸੀ ਨੂੰ ਮਿਲਿਆ
ਪ੍ਰਸ਼ਾਸਨ ਇਸ ਮੁੱਦੇ ’ਤੇ ਕਾਫੀ ਗੰਭੀਰਤਾ ਨਾਲ ਕਰ ਰਿਹਾ ਵਿਚਾਰ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਪਿਛਲੇ ਕਾਫੀ ਲੰਬੇ ਸਮੇਂ ਤੋਂ ਸ਼ਹਿਰ ਕਪੂਰਥਲਾ ਵਿਚ ਮਸੀਹ ਭਾਈਚਾਰੇ ਵੱਲੋਂ ਕਬਰਿਸਤਾਨ ਦੀ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ। ਮਸੀਹ ਭਾਈਚਾਰੇ ਕੋਲ ਪਹਿਲਾ ਆਪਣਾ ਇਕੋ-ਇਕ ਕਬਰਿਸਤਾਨ ਸੀ ਜੋ ਕਿ ਡੀਸੀ ਚੌਂਕ ਵਿਖੇ ਪੁਰਾਣੇ ਸਮਿਆਂ ਤੋਂ ਚੱਲਦਾ ਆ ਰਿਹਾ ਹੈ ਪਰ ਉਥੇ ਹੁਣ ਮ੍ਰਿਤਕ ਦੇਹ ਨੂੰ ਦਫਨਾਉਣ ਲਈ ਬਿਲਕੁਲ ਜਗ੍ਹਾ ਨਹੀਂ ਹੈ। ਇਥੇ ਮਸੀਹ ਭਾਈਚਾਰੇ ਨੇ ਮਜ਼ਬੂਰੀ ਦੇ ਕਾਰਨ ਇਕ ਜਗ੍ਹਾ ਤਿੰਨ-ਤਿੰਨ ਮ੍ਰਿਤਕ ਦੇਹਾਂ ਨੂੰ ਦਫਨਾਇਆ ਹੈ। ਹੁਣ ਮਸੀਹ ਭਾਈਚਾਰੇ ਲਈ ਇਕ ਬਹੁਤ ਵੱਡਾ ਸੰਕਟ ਇਹ ਹੈ ਕਿ ਉਨ੍ਹਾਂ ਕੋਲ ਆਪਣੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਮ੍ਰਿਤਕ ਦੇਹ ਨੂੰ ਦਫਨਾਉਣ ਲਈ ਕਬਰਿਸਤਾਨ ਨਹੀਂ ਹੈ। ਮਸਹੀ ਭਾਈਚਾਰੇ ਨੇ ਡੀਸੀ ਨੂੰ ਦਿੱਤੇ ਮੰਗ ਪੱਤਰ ’ਚ ਕਿਹਾ ਕਿ ਅਸੀਂ ਆਪ ਜੀ ਦੇ ਧਿਆਨ ਵਿਚ ਲਿਆਉਣਾ ਚਾਹੁੰਦੇ ਹਾਂ ਕਿ ਪਿਛਲੇ ਦੋ ਮਹੀਨਿਆਂ ਦੇ ਅੰਦਰ ਤਿੰਨ ਮ੍ਰਿਤਕ ਸਰੀਰਾਂ ਦੀ ਬੇਅਦਬੀ ਹੋਈ ਹੈ। ਜਦ ਵੀ ਮ੍ਰਿਤਕ ਦੇਹ ਨੂੰ ਦਫਨਾਉਣ ਲਈ ਕਿਸੇ ਪਾਸੇ ਵੀ ਜਾਂਦੇ ਹਾਂ ਤਾਂ ਦੂਜੇ ਭਾਈਚਾਰਿਆਂ ਵੱਲੋਂ ਵੱਡੇ ਪੱਧਰ ’ਤੇ ਵਿਰੋਧ ਕੀਤਾ ਜਾਂਦਾ ਹੈ, ਜਿਸ ਨਾਲ ਭਾਈਚਾਰਿਆ ਵਿਚ ਆਪਸੀ ਰੰਜਿਸ਼ ਵਧਦੀ ਹੈ ਤੇ ਸ਼ਹਿਰ ਦਾ ਮਾਹੌਲ ਖਰਾਬ ਹੁੰਦਾ ਹੈ। ਬੀਤੀ 2 ਤਰੀਕ ਦੀ ਘਟਨਾ ਜੋ ਕਿ ਆਪ ਜੀ ਦੇ ਧਿਆਨ ਵਿਚ ਹੈ। ਆਪ ਜੀ ਦੇ ਕੀਤੇ ਵਾਅਦੇ ਅਨੁਸਾਰ ਅੱਜ ਸਮੂਹ ਮਸੀਹ ਭਾਈਚਾਰਾ ਤੁਹਾਡੇ ਕੋਲ ਆਪਣੀ ਮੰਗ ਲੈ ਕੇ ਆਇਆ ਹੈ, ਜਿਸ ਦਾ ਨੋਟੀਫਿਕੇਸ਼ਨ 2011 ਵਿਚ ਹੋਇਆ ਸੀ। ਉਸ ਨੋਟੀਫਿਕੇਸ਼ਨ ਦੇ ਆਧਾਰ ’ਤੇ ਮਸੀਹੀ ਸਮਾਜ ਦੀ ਮੰਗ ਹੈ ਕਿ ਸਾਨੂੰ ਕਪੂਰਥਲਾ ਸ਼ਹਿਰ ਵਿਚ ਘੱਟ ਤੋਂ ਘੱਟ 2 ਏਕੜ ਜਗ੍ਹਾ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ। ਨਾਲ ਹੀ ਅੱਜ ਉਸ ਦੀ ਸਮਾਂ ਹੱਦ ਤੈਅ ਕੀਤੀ ਜਾਵੇ ਤਾਂ ਕਿ ਮਸੀਹ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਅੱਜ ਮਸੀਹ ਭਾਈਚਾਰਾ ਆਪ ਜੀ ਨੂੰ ਬੜੇ ਦੁਖੀ ਹਿਰਦੇ ਤੇ ਬੜੀ ਨਿਮਰਤਾ ਨਾਲ ਇਹ ਬੇਨਤੀ ਕਰਦਾ ਹੈ ਕਿ ਉਨ੍ਹਾਂ ਦੇ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ। ਜਦ ਤੱਕ ਇਸ ਮੰਗ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਦ ਤੱਕ ਸਾਨੂੰ ਮਹਿਤਾਬਗੜ੍ਹ ਮੁਹੱਲੇ ਵਾਲੀ ਜ਼ਮੀਨ ਦੀ ਪਰਮਿਸ਼ਨ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਜਦ ਇਹ ਮੰਗ ਪੱਤਰ ਲੈ ਕੇ ਮਸੀਹ ਸਮਾਜ ਦੇ ਆਗੂ ਤੇ ਪਾਸਟਰ ਸਾਹਿਬਾਨ ਪਹੁੰਚੇ ਤਾਂ ਡੀਸੀ ਕਪੂਰਥਲਾ ਸਾਹਿਬ ਨੇ ਸਾਰੇ ਹੀ ਅਧਿਕਾਰੀਆਂ ਨੂੰ ਤੁਰੰਤ ਮੀਟਿੰਗ ਵਿਚ ਬੁਲਾਇਆ, ਜਿਸ ਵਿਚ ਐੱਸਡੀਐੱਮ ਕਪੂਰਥਲਾ, ਡੀਡੀਪੀਓ ਕਪੂਰਥਲਾ, ਬੀਡੀਪੀਓ ਕਪੂਰਥਲਾ ਤੇ ਹੋਰ ਕਈ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਨੇ ਅੱਜ ਸਾਢੇ ਚਾਰ ਵਜੇ ਦੁਬਾਰਾ ਮੀਟਿੰਗ ਬੁਲਾਈ ਪਰ ਅਚਨਚੇਤ ਡੀਸੀ ਸਾਹਿਬ ਨੂੰ ਕਿਸੇ ਜਰੂਰੀ ਕੰਮ ਲਈ ਜਾਣਾ ਪੈ ਗਿਆ ਪਰ ਮਸੀਹੀ ਸਮਾਜ ਦੇ ਲੀਡਰ ਤੇ ਪਾਸਟਰ ਸਾਹਿਬਾਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਇਸ ਮੁੱਦੇ ’ਤੇ ਕਾਫੀ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਸੀ। ਇਸ ਮੀਟਿੰਗ ਵਿਚ ਪੈਂਤੀਕੋਸਟਲ ਕ੍ਰਿਸਚਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਰਮਿੰਦਰ ਬਾਜਵਾ, ਕ੍ਰਿਸਚਨ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸਟੀਫਨ ਹੰਸ ਕਪੂਰਥਲਾ, ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਮਸੀਹ, ਪੈਂਤੀਕੋਸਟਲ ਕ੍ਰਿਸਚਨ ਪ੍ਰਬੰਧਕ ਕਮੇਟੀ ਦੇ ਜ਼ਿਲ੍ਹਾ ਐਡਵਾਈਜ਼ਰ ਵਿਲੀਅਮ ਬਿੱਟੂ, ਓਪਨ ਡੋਰ ਚਰਚ ਦੇ ਯੂਥ ਪ੍ਰਧਾਨ ਰਾਜਵਿੰਦਰ ਝੰਡ, ਦਾਊਦ ਸੈਨਾ ਦੇ ਪ੍ਰਧਾਨ ਜਸਵਿੰਦਰ ਬਿੱਟਾ, ਪਾਸਟਰ ਬਲਵੀਰ ਧੰਮ, ਪਾਸਟਰ ਬਲਵਿੰਦਰ ਕੁਮਾਰ ਕਪੂਰਥਲਾ, ਪਾਸਟ ਜੋਇਲ ਮਸੀਹ, ਪਾਸਟਰ ਪ੍ਰਦੀਪ ਕੁਮਾਰ, ਪਾਸਟਰ ਜੋਰਜ ਮਸੀਹ, ਪਾਸਟਰ ਮਹਿੰਦਰ ਪਾਲ, ਪਾਸਟਰ ਸਰਵਣ ਸ਼ਰਮਾ, ਪ੍ਰਧਾਨ ਸੁਖਦੇਵ ਮਸੀਹ ਪਹਾੜੀਪੁਰ, ਬਰਦਰ ਪਵਨ ਕੁਮਾਰ, ਬਰਦਰ ਰਾਜਨ, ਪ੍ਰਧਾਨ ਬਲਵਿੰਦਰ ਮਸੀਹ ਤੇ ਕਈ ਯੂਥ ਆਗੂ ਵੀ ਮੌਜੂਦ ਸਨ।