ਪਿੰਡ ਕਾਹਨ ਦੇ ਮੋਮੀ ਫ਼ਾਰਮ ’ਤੇ ਚੋਰੀ
ਲਖਵੀਰ ਸਿੰਘ ਲੱਖੀ, ਪੰਜਾਬੀ
Publish Date: Sat, 03 Jan 2026 10:19 PM (IST)
Updated Date: Sat, 03 Jan 2026 10:20 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਹਲਕਾ ਸੁਲਤਾਨਪੁਰ ਲੋਧੀ ਅੰਦਰ ਪੁਲਿਸ ਪ੍ਰਸ਼ਾਸਨ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਚੋਰੀਆਂ ਹੋਣ ਕਾਰਨ ਲੋਕਾਂ ਵਿਚ ਭਾਰੀ ਦਹਿਸ਼ਤ ਹੈ। ਹਾਲਤ ਇਹ ਬਣ ਗਏ ਹਨ ਕਿ ਰੋਜ਼ਾਨਾ ਹੀ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਹ ਬਿਨਾਂ ਕਿਸੇ ਡਰ ਦੇ ਦਿਨ-ਦਿਹਾੜੇ ਹੀ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹੀ ਹੀ ਇਕ ਘਟਨਾ ਬੀਤੀ ਰਾਤ ਪਿੰਡ ਕਾਹਨਾ ਵਿਖੇ ਠੱਟਾ ਨਵਾਂ ਨਿਵਾਸੀ ਆਪ ਆਗੂ ਚਰਨਜੀਤ ਸਿੰਘ ਮੋਮੀ ਪੁੱਤਰ ਰਤਨ ਸਿੰਘ ਮੋਮੀ ਦੇ ਫ਼ਾਰਮ ਹਾਊਸ ਵਿਖੇ ਚੋਰਾਂ ਨੇ ਧਾਵਾ ਬੋਲਦਿਆਂ ਸਰੀਆ, ਪਾਇਪਾਂ, ਸਮਰਸੀਬਲ ਮੋਟਰ, ਗਾਰਡਰ ਤੇ ਹੋਰ ਸਮਾਨ ਚੋਰੀ ਕਰ ਲਿਆ। ਆਪ ਆਗੂ ਮੋਮੀ ਨੇ ਦੱਸਿਆ ਕਿ ਪਿੰਡ ਕਾਹਨਾ ਵਿਖੇ ਆਪਣੇ ਫਾਰਮ ਹਾਊਸ ਵਿਖੇ ਰਿਹਾਇਸ਼ੀ ਮਕਾਨ ਦੀ ਉਸਾਰੀ ਕਰ ਰਹੇ ਸਨ। ਬੀਤੀ ਸ਼ਾਮ ਉਹ ਕੰਮ ਮੁਕਾ ਕੇ ਲੇਬਰ ਸਮੇਤ ਘਰ ਆ ਗਏ ਸਨ ਪਰ ਜਦੋਂ ਉਹ ਅੱਜ ਸਵੇਰੇ ਫ਼ਾਰਮ ਹਾਊਸ ਵਿਖੇ ਪਹੁੰਚੇ ਤਾਂ ਉਥੇ ਨੀਹਾਂ ਵਿਚ ਖੜ੍ਹੇ ਕੀਤੇ ਸਰੀਏ ਦੇ ਪਿੱਲਰ, ਗਾਰਡਰ, ਪਾਇਪ, ਸਮਰਸੀਬਲ ਮੋਟਰ ਤੇ ਹੋਰ ਸਮਾਨ ਗ਼ਾਇਬ ਸੀ। ਉਨ੍ਹਾਂ ਦੱਸਿਆ ਕਿ ਨੀਹਾਂ ਵਿਚ ਖੜ੍ਹੇ ਕੀਤੇ ਪਿੱਲਰਾ ਨੂੰ ਚੋਰਾਂ ਨੇ ਕੱਟਰ ਨਾਲ ਕੱਟ ਲਿਆ ਅਤੇ ਬੋਰ ਵਿਚੋਂ ਸਮਰਸੀਬਲ ਮੋਟਰ ਨੂੰ ਕੱਢ ਲਿਆ। ਉਨ੍ਹਾਂ ਦੱਸਿਆ ਕਿ ਆਲ਼ੇ-ਦੁਆਲ਼ੇ ਭਾਲ ਕਰਨ ’ਤੇ ਕੁੱਝ ਵੀ ਪ੍ਰਾਪਤ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਰਪੰਚ ਸੁਖਵਿੰਦਰ ਸਿੰਘ ਸੌਂਦ, ਅਮਰੀਕ ਸਿੰਘ ਟਿੱਬਾ, ਕਿਸਾਨ ਆਗੂ ਸਰਵਨ ਸਿੰਘ ਚੰਦੀ, ਜਸਵਿੰਦਰ ਸਿੰਘ ਟਿੱਬਾ ਆਦਿ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਰਾਤ ਸਮੇਂ ਹਲਕੇ ਦੇ ਸਮੁੱਚੇ ਪਿੰਡਾਂ ਵਿਚ ਰਾਤ ਸਮੇਂ ਗਸ਼ਤ ਤੇਜ਼ ਕੀਤੀ ਜਾਵੇ ਤਾਂ ਜੋ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪੈ ਸਕੇ।
ਕੈਪਸ਼ਨ -ਪਿੰਡ ਕਾਹਨਾ ਵਿਖੇ ਮੋਮੀ ਫ਼ਾਰਮ ਹਾਊਸ ’ਚ ਹੋਈ ਚੋਰੀ ਬਾਰੇ ਜਾਣਕਾਰੀ ਦਿੰਦੇ ਹੋਏ ਆਪ ਆਗੂ ਚਰਨਜੀਤ ਸਿੰਘ ਮੋਮੀ।