ਯੂਨੀਵਰਸਿਟੀ ਕਾਲਜ ਮਿੱਠੜਾ ’ਚ ਬਾਲ ਦਿਵਸ ਮਨਾਇਆ
ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਬਾਲ ਦਿਵਸ ਸ਼ਰਧਾ ਨਾਲ ਮਨਾਇਆ
Publish Date: Fri, 16 Jan 2026 08:17 PM (IST)
Updated Date: Fri, 16 Jan 2026 08:18 PM (IST)

ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਬਾਲ ਦਿਵਸ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ 100 ਤੋਂ ਵੱਧ ਐੱਨਐੱਸਐੱਸ ਵਲੰਟੀਅਰਾਂ ਨੇ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਜਪੁਜੀ ਸਾਹਿਬ ਦਾ ਜਾਪ ਤੇ ਸ਼ਬਦ ਗਾਇਨ ਕੀਤਾ ਗਿਆ। ਇਸ ਤੋਂ ਇਲਾਵਾ ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸਬੰਧਤ ਕਵਿਤਾਵਾਂ ਦਾ ਭਾਵਪੂਰਨ ਉਚਾਰਨ ਵੀ ਕੀਤਾ ਗਿਆ। ਐੱਨਐੱਸਐੱਸ ਕੋਆਰਡੀਨੇਟਰ ਡਾ. ਪਰਮਜੀਤ ਕੌਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਡੇ ਲਈ ਅਟੱਲ ਹੌਸਲੇ, ਧਰਮ ਪ੍ਰਤੀ ਨਿਸ਼ਠਾ ਤੇ ਮਨੁੱਖੀ ਮੁੱਲਾਂ ਦੀ ਮਹਾਨ ਮਿਸਾਲ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਵਿਦਿਆਰਥੀਆਂ ਵਿਚ ਦੇਸ਼ਭਗਤੀ, ਸੇਵਾ ਭਾਵਨਾ ਅਤੇ ਨੈਤਿਕ ਮੁੱਲਾਂ ਨੂੰ ਮਜ਼ਬੂਤ ਕਰਦੇ ਹਨ। ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਿੱਖ ਇਤਿਹਾਸ ਦਾ ਸੁਨਹਿਰੀ ਅਧਿਆਇ ਹੈ, ਜੋ ਨੌਜਵਾਨ ਪੀੜ੍ਹੀ ਨੂੰ ਸੱਚ, ਨਿਆਂ ਅਤੇ ਅਡੋਲ ਵਿਸ਼ਵਾਸ ਦੇ ਰਾਹ ‘ਤੇ ਤੁਰਨ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਨੇ ਐੱਨਐੱਸਐੱਸ ਵਲੰਟੀਅਰਾਂ ਅਤੇ ਸਟਾਫ ਦੀ ਸਰਾਹਣਾ ਕਰਦਿਆਂ ਕਿਹਾ ਕਿ ਕਾਲਜ ਸਦਾ ਹੀ ਇਤਿਹਾਸਕ ਅਤੇ ਸਮਾਜਿਕ ਮੁੱਲਾਂ ਨੂੰ ਸੰਭਾਲਣ ਲਈ ਵਚਨਬੱਧ ਰਹੇਗਾ। ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਸਤਿਕਾਰ ਅਤੇ ਸ਼ਰਧਾ ਪੂਰਵਕ ਦੁੱਧ ਦਾ ਲੰਗਰ ਵੀ ਲਗਾਇਆ ਗਿਆ, ਜਿਸ ਨਾਲ ਸਮੂਹ ਵਾਤਾਵਰਣ ਆਤਮਿਕਤਾ ਤੇ ਸੇਵਾ ਭਾਵ ਨਾਲ ਭਰਪੂਰ ਹੋ ਗਿਆ।