ਖਤਰਨਾਕ ਚਾਈਨਾ ਡੋਰ ਬੰਦ ਹੋਵੇ : ਵਜੀਦੋਵਾਲ
ਪਤੰਗਬਾਜ਼ੀ ਕਰਨ ਲਈ ਬੱਚੇ ਪੁਰਾਤਨ ਡੋਰਾਂ ਦਾ ਹੀ ਕਰਨ ਇਸਤੇਮਾਲ
Publish Date: Sat, 17 Jan 2026 06:36 PM (IST)
Updated Date: Sat, 17 Jan 2026 06:39 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਦੇ ਨੇੜਲੇ ਪਿੰਡ ਵਜੀਦੋਵਾਲ ਦੇ ਸਾਬਕਾ ਸਰਪੰਚ ਓਮ ਪ੍ਰਕਾਸ਼ ਵਜੀਦੋਵਾਲ ਨੇ ਬੱਚਿਆਂ ਨੂੰ ਪੁਰਾਤਨ ਡੋਰਾਂ ਨਾਲ ਪਤੰਗਬਾਜ਼ੀ ਕਰਨ ਅਤੇ ਪ੍ਰਸ਼ਾਸਨ ਨੂੰ ਖੂਨੀ ਡੋਰ ਦਾ ਇਸਤੇਮਾਲ ਬੰਦ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਦੀਆਂ ਤੋਂ ਸਾਡੇ ਦੇਸ਼ ਤੇ ਪੰਜਾਬ ਵਿਚ ਪਤੰਗਬਾਜ਼ੀ ਕਰਨਾ ਸ਼ੌਕ ਵੀ ਹੈ ਤੇ ਇਕ ਤਰ੍ਹਾਂ ਨਾਲ ਸਭਿਆਚਾਰ ਵੀ ਹੈ ਪਰ ਜਿਉਂ-ਜਿਉਂ ਸਮਾਂ ਬਦਲਦਾ ਜਾ ਰਿਹਾ ਹੈ, ਪਤੰਗਬਾਜ਼ੀ ਕਰਨ ਦੇ ਸਾਜ਼ੋ-ਸਾਮਾਨ ਵਿਚ ਬਹੁਤ ਅੰਤਰ ਦਿਖਾਈ ਦੇਣ ਲੱਗਾ ਹੈ। ਰਹਿੰਦੀ-ਖੂੰਹਦੀ ਕਸਰ ਚਾਈਨਾ ਤੋਂ ਆਉਂਦੀ ਡੋਰ ਨੇ ਕੱਢ ਦਿੱਤੀ ਹੈ, ਜਿਸ ਦੀ ਚਪੇਟ ਵਿਚ ਆਉਣ ਨਾਲ ਕਿਸੇ ਦਾ ਗਲਾ, ਨੱਕ, ਮੂੰਹ ਆਦਿ ਵੱਢਿਆ ਜਾ ਰਿਹਾ ਹੈ। ਫਗਵਾੜਾ ਦੇ ਪਿੰਡਾਂ ਵਿਚ ਧੜੱਲੇ ਨਾਲ ਚਾਈਨਾ ਡੋਰ ਦੀ ਖਰੀਦੋ-ਫਰੋਖਤ ਹੋ ਰਹੀ ਹੈ। ਇਸ ਖਤਰਨਾਕ ਡੋਰ ਦਾ ਬੰਦ ਹੋਣਾ ਬਹੁਤ ਹੀ ਜ਼ਰੂਰੀ ਹੈ। ਬੱਚਿਆਂ ਨੂੰ ਵੀ ਇਸ ਗੱਲ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਕਿ ਉਨ੍ਹਾਂ ਵੱਲੋਂ ਉਡਾਏ ਪਤੰਗਾਂ ਦੀ ਡੋਰ ਦੀ ਚਪੇਟ ਵਿਚ ਆ ਕੇ ਲੋਕ ਜ਼ਖ਼ਮੀ ਹੋ ਰਹੇ ਹਨ। ਚਾਈਨਾ ਡੋਰ ਦਾ ਇਸਤੇਮਾਲ ਪੂਰੀ ਤਰ੍ਹਾਂ ਬੰਦ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਤੇ ਪੰਛੀਆਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਵਜੀਦੋਵਾਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਚਾਈਨਾ ਡੋਰ ’ਤੇ ਪੂਰਨ ਤੌਰ ’ਤੇ ਪਾਬੰਦੀ ਹੈ। ਡੀਸੀ ਕਪੂਰਥਲਾ ਵੱਲੋਂ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ। ਚਾਈਨਾ ਡੋਰ ਦੀ ਖ਼ਰੀਦੋ-ਫਰੋਖ਼ਤ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਫੜੇ ਜਾਣ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਸਦੇ ਬਾਵਜੂਦ ਵੀ ਚਾਈਨਾ ਡੋਰ ਦੀ ਖਰੀਦੋ-ਫਰੋਖਤ ਬੰਦ ਨਹੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਵੀ ਸੂਝ-ਬੂਝ ਨਾਲ ਕੰਮ ਲੈਣਾ ਚਾਹੀਦਾ ਹੈ। ਇਹ ਡੋਰ ਪੰਛੀਆਂ ਅਤੇ ਰਾਹਗੀਰਾਂ ਲਈ ਬਹੁਤ ਹੀ ਘਾਤਕ ਹੈ, ਜਿਸ ਦੀ ਚਪੇਟ ਵਿਚ ਆਉਣ ਨਾਲ ਕੋਈ ਵੀ ਗੰਭੀਰ ਜ਼ਖ਼ਮੀ ਹੋ ਸਕਦਾ ਹੈ। ਪੁਲਿਸ ਵੱਲੋਂ ਦੁਕਾਨਦਾਰਾਂ ਨੂੰ ਕਈ ਵਾਰ ਪਹਿਲਾਂ ਵੀ ਚੇਤਾਵਨੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਖਰੀਦ ਕੇ ਨਾ ਦੇਣ ਕਿਉਂਕਿ ਫੜੇ ਜਾਣ ’ਤੇ ਉਨ੍ਹਾਂ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ।