ਬੱਚਿਆਂ ਨੂੰ ਵੀ ਐਮਰਜੈਂਸੀ ਬਾਰੇ ਦੇਣੀ ਚਾਹੀਦੀ ਜਾਣਕਾਰੀ : ਡਾ. ਬਸਰਾ
ਬੱਚਿਆਂ ਨੂੰ ਵੀ ਐਮਰਜੈਂਸੀ ਹਾਲਾਤਾਂ ਚ ਕੀਮਤੀ ਜਾਨਾਂ ਬਚਾਉਣ ਦੀ ਦੇਣੀ ਚਾਹੀਦੀ ਹੈ ਜਾਣਕਾਰੀ,ਡਾ ਬਸਰਾ
Publish Date: Tue, 10 Mar 2026 06:49 PM (IST)
Updated Date: Tue, 10 Mar 2026 06:51 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਅੱਜ ਦੇ ਸਮੇਂ ਵਿਚ ਜਿਥੇ ਨੌਜਵਾਨਾਂ ਨੂੰ ਦਿਲ ਦਾ ਦੌਰਾ ਪੈਣਾ ਆਮ ਹੁੰਦਾ ਜਾ ਰਿਹਾ ਹੈ, ਉਥੇ ਸਿੱਖਿਆ ਸਿਰਫ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ ਰਹਿ ਗਈ। ਬੱਚਿਆਂ ਨੂੰ ਜੀਵਨ ਵਿਚ ਆਉਣ ਵਾਲੀਆਂ ਅਸਲ ਸਥਿਤੀਆਂ ਨਾਲ ਨਜਿੱਠਣ ਦੀ ਵੀ ਸਿਖਲਾਈ ਦੇਣਾ ਬਹੁਤ ਜ਼ਰੂਰੀ ਹੈ। ਦੁਨੀਆ ਦੇ ਕਈ ਵਿਕਸਿਤ ਦੇਸ਼ਾਂ ਵਿਚ ਸਕੂਲਾਂ ਵਿਚ ਬੱਚਿਆਂ ਨੂੰ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਤੇ ਆਪਣੀ ਤੇ ਦੂਜਿਆਂ ਦੀ ਜਾਨ ਬਚਾਉਣ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਦੀ ਜਾਣਕਾਰੀ ਪੰਜਾਬ ਦੇ ਸਕੂਲਾਂ ਦੇ ਬੱਚਿਆਂ ਨੂੰ ਵੀ ਦਿੱਤੀ ਜਾਣੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਾ. ਵੀਰ ਸਿੰਘ ਬਸਰਾ ਤੇ ਡਾ. ਜਤਿੰਦਰ ਸਿੰਘ ਪਰਹਾਰ ਨੇ ਕਿਹਾ ਕਿ ਵਿਦੇਸ਼ਾਂ ਦੇ ਕਈ ਸਕੂਲਾਂ ਵਿਚ ਬੱਚਿਆਂ ਨੂੰ ਅੱਗ ਲੱਗਣ, ਭੂਚਾਲ, ਹਾਦਸੇ ਜਾਂ ਕਿਸੇ ਹੋਰ ਅਚਾਨਕ ਆਫ਼ਤ ਦੇ ਸਮੇਂ ਕੀ ਕਰਨਾ ਚਾਹੀਦਾ ਹੈ, ਬਾਰੇ ਪ੍ਰੈਕਟਿਕਲ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਫਸਟ ਏਡ, ਸੀਪੀਆਰ (ਦਿਲ ਦੀ ਧੜਕਨ ਰੁਕਣ ਤੇ ਮਦਦ) ਤੇ ਐਮਰਜੈਂਸੀ ਨੰਬਰਾਂ ਬਾਰੇ ਵੀ ਸਿਖਾਇਆ ਜਾਂਦਾ ਹੈ। ਇਸ ਨਾਲ ਬੱਚੇ ਘਬਰਾਉਣ ਦੀ ਬਜਾਏ ਸਮਝਦਾਰੀ ਨਾਲ ਕਦਮ ਚੁੱਕ ਸਕਦੇ ਹਨ ਤੇ ਕਈ ਵਾਰ ਕਿਸੇ ਦੀ ਜਾਨ ਵੀ ਬਚਾ ਸਕਦੇ ਹਨ। ਪੰਜਾਬ ਵਿਚ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਕੋਈ ਹਾਦਸਾ ਜਾਂ ਅਚਾਨਕ ਘਟਨਾ ਵਾਪਰਦੀ ਹੈ ਤਾਂ ਬਹੁਤ ਸਾਰੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਕੀ ਕਰਨਾ ਚਾਹੀਦਾ ਹੈ। ਜੇਕਰ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਐਮਰਜੈਂਸੀ ਹਾਲਾਤਾਂ ਬਾਰੇ ਸਿੱਖਿਆ ਦਿੱਤੀ ਜਾਵੇ ਤਾਂ ਉਹ ਭਵਿੱਖ ਵਿਚ ਹੋਰ ਜ਼ਿੰਮੇਵਾਰ ਤੇ ਸਚੇਤ ਨਾਗਰਿਕ ਬਣ ਸਕਦੇ ਹਨ। ਸਕੂਲਾਂ ਵਿਚ ਸਮੇਂ-ਸਮੇਂ ’ਤੇ ਮਾਕ ਡ੍ਰਿਲ ਕਰਵਾਉਣੀਆਂ ਚਾਹੀਦੀਆਂ ਹਨ, ਤਾਂ ਜੋ ਬੱਚੇ ਅਸਲ ਹਾਲਾਤਾਂ ਵਿਚ ਘਬਰਾਉਣ ਦੀ ਬਜਾਏ ਸਹੀ ਤਰੀਕੇ ਨਾਲ ਕਾਰਵਾਈ ਕਰ ਸਕਣ। ਇਸ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਟ੍ਰੇਨਿੰਗ ਮਿਲਣੀ ਚਾਹੀਦੀ ਹੈ। ਡਾ. ਬਸਰਾ ਤੇ ਪਰਹਾਰ ਨੇ ਕਿਹਾ ਕਿ ਜੇਕਰ ਪੰਜਾਬ ਦੇ ਸਕੂਲਾਂ ਵਿਚ ਵੀ ਵਿਦੇਸ਼ਾਂ ਦੀ ਤਰ੍ਹਾਂ ਐਮਰਜੈਂਸੀ ਸਿੱਖਿਆ ਨੂੰ ਮਹੱਤਵ ਦਿੱਤਾ ਜਾਵੇ ਤਾਂ ਇਹ ਬੱਚਿਆਂ ਦੀ ਸੁਰੱਖਿਆ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ। ਇਹ ਸਿੱਖਿਆ ਸਮਾਜ ਵਿਚ ਜਾਗਰੂਕਤਾ ਵੀ ਵਧਾ ਸਕਦੀ ਹੈ।