ਦਿ ਹਾਕ ਵਰਲਡ ਸਕੂਲ ਦੇ ਬੱਚਿਆਂ ਨੇ ਗੁਰਦੁਆਰਾ ਬੇਰ ਸਾਹਿਬ ਦੇ ਦਰਸ਼ਨ ਕੀਤੇ
ਦੀ ਹਾਕ ਵਰਲਡ ਸਕੂਲ ਦੇ ਬੱਚਿਆਂ ਨੇ ਗੁਰਦੁਆਰਾ ਬੇਰ ਸਾਹਿਬ ਦੇ ਦਰਸ਼ਨ ਕੀਤੇ
Publish Date: Fri, 20 Mar 2026 10:30 PM (IST)
Updated Date: Fri, 20 Mar 2026 10:34 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦਿ ਹਾਕ ਵਰਲਡ ਸਕੂਲ ਤਲਵੰਡੀ ਚੌਧਰੀਆਂ ਵੱਲੋਂ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬੱਚਿਆਂ ਨੂੰ ਦਰਸ਼ਨ ਕਰਵਾਏ ਗਏ। ਇਸ ਮੌਕੇ ਸਕੂਲ ਮੈਨੇਜਿੰਗ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੈਪਟਨ ਤਜਿੰਦਰ ਸਿੰਘ ਤੇ ਵਾਈਸ ਪ੍ਰਧਾਨ ਜਸਵਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਵਿਚ ਅਰਦਾਸ ਕਰਵਾਈ ਤੇ ਬੱਚਿਆਂ ਦੇ ਨਵੇਂ ਸੈਸ਼ਨ ਦੀ ਕਾਮਯਾਬੀ ਤੇ ਚੰਗੇ ਨਤੀਜਿਆਂ ਲਈ ਵੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਸ਼ੁਭ ਕਾਰਜ ਆਰੰਭ ਕਰਨ ਮੌਕੇ ਜੇ ਵਾਹਿਗੁਰੂ ਦਾ ਆਸਰਾ ਲਿਆ ਜਾਵੇ ਤਾਂ ਉਸ ਉੱਪਰ ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੁੰਦੀ ਹੈ ਤੇ ਸਾਰੇ ਕਾਰਜ ਕਾਮਯਾਬੀ ਨਾਲ ਸੰਪੰਨ ਹੁੰਦੇ ਹਨ। ਕੈਪਟਨ ਤਜਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਤੇ ਆਤਮਿਕ ਕਾਰਜ ਬੱਚਿਆਂ ਦੇ ਮਨ ਵਿਚ ਚੰਗੀਆਂ ਸਿੱਖਿਆਵਾਂ ਤੇ ਸੰਸਕਾਰ ਪੈਦਾ ਕਰਦੇ ਹਨ ਜਿਸ ਨਾਲ ਉਹ ਆਪਣੇ ਜੀਵਨ ਵਿਚ ਅੱਗੇ ਵੱਧ ਸਕਣ। ਇਸ ਮੌਕੇ ਪ੍ਰਿੰਸੀਪਲ ਸ਼ਵੇਤਾ ਮਹਿਤਾ ਨੇ ਬੱਚਿਆਂ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਇਤਿਹਾਸਿਕ ਮਹੱਤਤਾ ’ਤੇ ਵੀ ਰੌਸ਼ਨੀ ਪਾਈ ਤੇ ਦੱਸਿਆ ਕਿ ਇਸ ਅਸਥਾਨ ’ਤੇ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੰਮਾ ਸਮਾਂ ਗੁਜ਼ਾਰਿਆ। ਉਨ੍ਹਾਂ ਕਿਹਾ ਕਿ ਨਵੇਂ ਸੈਸ਼ਨ ਦੇ ਮੌਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਦਾ ਮੁੱਖ ਮੰਤਵ ਬੱਚਿਆਂ ਨੂੰ ਆਪਣੇ ਧਰਮ ਤੇ ਸੰਸਕ੍ਰਿਤੀ ਬਾਰੇ ਜਾਗਰੂਕ ਕਰਨਾ ਹੈ। ਇਸ ਮੌਕੇ ਬੱਚਿਆਂ ਨੇ ਮੱਥਾ ਟੇਕਿਆ ਤੇ ਵਾਹਿਗੁਰੂ ਦੇ ਅੱਗੇ ਜੀਵਨ ਵਿਚ ਹੋਰ ਅੱਗੇ ਵਧਣ ਲਈ ਅਰਦਾਸ ਕੀਤੀ। ਇਸ ਮੌਕੇ ਸਮੂਹ ਸਟਾਫ ਤੇ ਬੱਚਿਆਂ ਨੇ ਦਰਬਾਰ ਹਾਲ ਵਿਖੇ ਬੈਠ ਕੇ ਕੀਰਤਨ ਸਰਵਣ ਕੀਤਾ ਤੇ ਭੋਰਾ ਸਾਹਿਬ ਤੇ ਬੇਰੀ ਸਾਹਿਬ ਦੇ ਵੀ ਦਰਸ਼ਨ ਕੀਤੇ। ਸਮੁੱਚੀ ਸਕੂਲ ਪ੍ਰਬੰਧਕ ਕਮੇਟੀ, ਸਮੂਹ ਸਟਾਫ ਤੇ ਬੱਚਿਆਂ ਨੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਵੀ ਛਕਿਆ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ।