ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਬੱਚਿਆਂ ਵੱਲੋਂ ਪਵਿੱਤਰ ਵੇਈਂ ਦਾ ਦੌਰਾ
ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਬੱਚਿਆਂ ਵੱਲੋਂ ਪਵਿੱਤਰ ਵੇਈਂ ਦਾ ਦੌਰਾ
Publish Date: Fri, 27 Feb 2026 08:58 PM (IST)
Updated Date: Fri, 27 Feb 2026 09:01 PM (IST)

ਸੰਤ ਸੀਚੇਵਾਲ ਤੋਂ ਪ੍ਰੇਰਿਤ ਹੋ ਕੇ ਹਵਾ, ਪਾਣੀ ਤੇ ਧਰਤੀ ਦੀ ਸੰਭਾਲ ਦਾ ਲਿਆ ਸੰਕਲਪ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਵੇਈਂ ਦੇ ਦਰਸ਼ਨਾਂ ਲਈ ਅੱਜ ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨਜ਼ ਜਲੰਧਰ ਦੇ ਵਿਦਿਆਰਥੀ ਨਿਰਮਲ ਕੁਟੀਆ, ਸੁਲਤਾਨਪੁਰ ਲੋਧੀ ਵਿਖੇ ਪਹੁੰਚੇ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਪਵਿੱਤਰ ਵੇਈਂ ਦੇ ਕਿਨਾਰੇ ਸਥਿਤ ਸਿੱਖ ਅਜਾਇਬ ਘਰ ਵਿਚ ਵੇਈਂ ਦੀ ਕਾਰਸੇਵਾ ‘ਤੇ ਤਿਆਰ ਕੀਤੀ ਗਈ ਦਸਤਾਵੇਜ਼ੀ ਫਿਲਮ ਦੇਖੀ। ਫਿਲਮ ਰਾਹੀਂ ਦਰਸਾਏ ਗਏ ਸੰਘਰਸ਼, ਸੇਵਾ ਤੇ ਸਮਰਪਣ ਦੇ ਦ੍ਰਿਸ਼ ਦੇਖ ਕੇ ਵਿਦਿਆਰਥੀ ਹੈਰਾਨ ਰਹਿ ਗਏ। 50 ਦੇ ਕਰੀਬ ਵਿਦਿਆਰਥੀ, ਜੋ ਬੀਸੀਏ, ਬੀਕਾਮ ਤੇ ਬੀਬੀਏ ਦੇ ਕੋਰਸਾਂ ਨਾਲ ਸਬੰਧਤ ਸਨ, ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਚੱਲ ਰਹੀ ਪਵਿੱਤਰ ਵੇਈਂ ਦੀ ਕਾਰਸੇਵਾ ਤੋਂ ਡੂੰਘੀ ਪ੍ਰੇਰਣਾ ਪ੍ਰਾਪਤ ਕੀਤੀ। ਬੱਚਿਆਂ ਨੇ ਸਾਂਝੇ ਤੌਰ ‘ਤੇ ਸੰਕਲਪ ਲਿਆ ਕਿ ਉਹ ਆਪਣੇ ਜੀਵਨ ਵਿਚ ਵਾਤਾਵਰਣ ਦੀ ਸੰਭਾਲ ਨੂੰ ਅਪਣਾਉਂਦੇ ਹੋਏ ਹਵਾ, ਪਾਣੀ ਤੇ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਜਾਗਰੂਕਤਾ ਫੈਲਾਉਣਗੇ ਤੇ ਖੁਦ ਵੀ ਯੋਗਦਾਨ ਪਾਉਣਗੇ। ਸਕੂਲ ਸਟਾਫ ਮੈਂਬਰਾਂ ਸ਼ਾਲੀਨੀ ਮਹਾਜਨ, ਰਾਜਵਿੰਦਰ ਕੌਰ ਤੇ ਮਮਤਾ ਨੇ ਕਿਹਾ ਕਿ ਉਹ ਪਹਿਲੀ ਵਾਰ ਇਸ ਪਵਿੱਤਰ ਅਸਥਾਨ ‘ਤੇ ਆਏ ਹਨ ਤੇ ਇਥੇ ਆ ਕੇ ਉਨ੍ਹਾਂ ਨੂੰ ਇਕ ਅਦਭੁਤ ਤੇ ਆਤਮਿਕ ਅਨੁਭਵ ਪ੍ਰਾਪਤ ਹੋਇਆ। ਦੌਰੇ ਦੌਰਾਨ ਵਿਦਿਆਰਥੀਆਂ ਨੂੰ ਮਿਊਜ਼ੀਅਮ ਵਿਚ ਸੁਲਤਾਨਪੁਰ ਲੋਧੀ ਦੇ ਇਤਿਹਾਸ ਤੇ ਪਵਿੱਤਰ ਵੇਈਂ ਦੀ ਮੁੜ ਸੁਰਜੀਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਕਿਵੇਂ ਸੰਗਤ ਦੀ ਨਿਸ਼ਕਾਮ ਸੇਵਾ ਤੇ ਦ੍ਰਿੜ ਨਿਸ਼ਚੇ ਨਾਲ ਵੇਈਂ ਦੀ ਪਵਿੱਤਰਤਾ ਮੁੜ ਬਹਾਲ ਕੀਤੀ ਗਈ, ਜੋ ਅੱਜ ਦੇਸ਼ ਭਰ ਲਈ ਇਕ ਮਾਡਲ ਬਣ ਚੁੱਕੀ ਹੈ। ਇਸੇ ਤਰਜ਼ ’ਤੇ ਹੁਣ ਸੰਤ ਸੀਚੇਵਾਲ ਵੱਲੋਂ ਬੁੱਢੇ ਦਰਿਆ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਪੰਜਾਬੀ ਸਾਹਿਤ ਸਭਾ, ਸੁਲਤਾਨਪੁਰ ਲੋਧੀ ਵੱਲੋਂ ਡਾ. ਸਵਰਨ ਸਿੰਘ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਰਾਜਵਿੰਦਰ ਕੌਰ, ਪਿਆਰਾ ਸਿੰਘ ਤੇ ਕਰਨ ਕੁਮਾਰ ਵੀ ਹਾਜ਼ਰ ਰਹੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਮਾਜਿਕ ਤੇ ਵਾਤਾਵਰਣਕ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ।