ਮੁਕੇਸ਼ ਦੀ ਰਿਹਾਈ ਲਈ ਕੱਲ ਹੋਵੇਗਾ ਮੁੱਖ ਮੰਤਰੀ ਦੀ ਕੋਠੀ ਦਾ ਘੇਰਾਓ
ਮਜ਼ਦੂਰ ਆਗੂ ਮੁਕੇਸ਼ ਮਲੌਦ ਦੀ ਰਿਹਾਈ ਲਈ 18 ਫਰਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ
Publish Date: Mon, 16 Feb 2026 08:21 PM (IST)
Updated Date: Mon, 16 Feb 2026 08:24 PM (IST)
ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਸੰਗਰੂਰ ਰੈਲੀ ਲਈ ਲਾਮਬੰਦੀ ਤੇਜ਼
ਸ਼ੇਰਪੁਰ ਸੱਧਾ, ਜਵਾਲਾਪੁਰ ਨੇ ਵੱਡੀ ਗਿਣਤੀ ’ਚ ਪਹੁੰਚਣ ਦੀ ਕੀਤੀ ਅਪੀਲ
ਪਰਮਜੀਤ ਸਿੰਘ ਪੰਜਾਬੀ ਜਾਗਰਣ
ਡਡਵਿੰਡੀ : ਮਜ਼ਦੂਰ ਆਗੂ ਮੁਕੇਸ਼ ਮਲੌਦ ਦੀ ਰਿਹਾਈ ਦੀ ਮੰਗ ਨੂੰ ਲੈ ਕੇ 18 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਦੀ ਕੋਠੀ ਦੇ ਘੇਰਾਓ ਲਈ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਪੰਜਾਬ ਭਰ ਵਿਚ ਲਾਮਬੰਦੀ ਦੇ ਤਹਿਤ ਅੱਜ ਪਿੰਡ ਰਾਮਪੁਰ ਜਗੀਰ ਵਿਖੇ ਸਰਗਰਮ ਆਗੂਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ ਦੀ ਅਗਵਾਈ ਹੇਠ ਹੋਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਵਾਲਾਪੁਰ ਨੇ ਕਿਹਾ ਕਿ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਵਿਚ ਮਜ਼ਦੂਰਾਂ, ਕਿਸਾਨਾਂ ਤੇ ਇਨਸਾਫ ਪਸੰਦ ਲੋਕਾਂ ਦੀ ਵੱਡੀ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੁਕੇਸ਼ ਮਲੌਦ ਸਮੇਤ ਜ਼ਮੀਨੀ ਸੰਘਰਸ਼ਾਂ ਨਾਲ ਜੁੜੇ ਆਗੂਆਂ ਨੂੰ ਰਿਹਾਅ ਕੀਤਾ ਜਾਵੇ ਤੇ ਦਰਜ ਕੀਤੇ ਗਏ ਝੂਠੇ ਕੇਸ ਵਾਪਸ ਲਏ ਜਾਣ। ਯੂਨੀਅਨ ਦੇ ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਕਿਹਾ ਕਿ ਜੇਲ੍ਹ ਵਿਚ ਬੰਦ ਮਜ਼ਦੂਰ ਆਗੂ ਲੰਮੇ ਸਮੇਂ ਤੋਂ ਬੇਜ਼ਮੀਨੇ ਕਿਸਾਨਾਂ ਤੇ ਦਲਿਤਾਂ ਲਈ ਜ਼ਮੀਨੀ ਸੁਧਾਰਾਂ ਦੀ ਮੰਗ ਕਰਦੇ ਆ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਭੂਮੀਪਤੀਆਂ ਦੀ ਸੀਲਿੰਗ ਤੋਂ ਵਾਧੂ ਜ਼ਮੀਨ ਗਰੀਬਾਂ ਵਿਚ ਵੰਡਣ ਦੀ ਥਾਂ ਪ੍ਰਭਾਵਸ਼ਾਲੀ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰ ਰਹੀ ਹੈ। ਪੰਚਾਇਤੀ ਜ਼ਮੀਨਾਂ ਦੇ ਮਾਮਲੇ ਵਿਚ ਵੀ ਗਰੀਬ ਕਿਸਾਨਾਂ ਤੇ ਦਲਿਤਾਂ ਨੂੰ ਹੱਕ ਦੇਣ ਦੀ ਬਜਾਏ ਡੰਮੀ ਬੋਲੀਆਂ ਰਾਹੀਂ ਤਾਕਤਵਰ ਵਰਗਾਂ ਨੂੰ ਫ਼ਾਇਦਾ ਪਹੁੰਚਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮਾਲਵਾ ਖੇਤਰ ਵਿਚ ਜ਼ਮੀਨ ਪ੍ਰਾਪਤੀ ਸੰਘਰਸ਼ਾਂ ਦੇ ਨਤੀਜੇ ਵਜੋਂ ਕਈ ਪਿੰਡਾਂ ਵਿਚ ਬੇਜ਼ਮੀਨੇ ਕਿਸਾਨ ਖੇਤੀ ਕਰ ਰਹੇ ਹਨ, ਜਿਸ ਕਰਕੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਆਗਾਮੀ ਦਿਨਾਂ ਵਿਚ ਬਿਜਲੀ ਸੋਧ ਬਿੱਲ, ਕਿਰਤ ਕਾਨੂੰਨਾਂ ਵਿਚ ਤਬਦੀਲੀਆਂ ਤੇ ਬੀਜ ਸੰਬੰਧੀ ਕਾਨੂੰਨਾਂ ਦੇ ਵਿਰੋਧ ਦੀ ਵੀ ਗੱਲ ਕੀਤੀ। ਆਗੂਆਂ ਨੇ 18 ਫਰਵਰੀ ਨੂੰ ਵੱਡੀ ਗਿਣਤੀ ਵਿਚ ਸੰਗਰੂਰ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਐੱਸਪੀ ਮੋਗਾ ਵੱਲੋਂ ਇਕ ਟੀਵੀ ਪੱਤਰਕਾਰ ਨਾਲ ਬਦਸਲੂਕੀ ਕਰਨ ਦੀ ਵੀ ਨਿੰਦਾ ਕੀਤੀ।