ਸੀਐੱਮ ਸਾਹਿਬ! ਜ਼ਰਾ ਇਸ ਪਵਿੱਤਰ ਨਗਰੀ ਵੱਲ ਵੀ ਧਿਆਨ ਦਿਓ
ਮੁੱਖ ਮੰਤਰੀ ਸਾਹਿਬ ਜਰਾ ਇਸ ਪਵਿੱਤਰ ਨਗਰੀ ਦੀ ਦੁਰਦਸ਼ਾ ਵੱਲ ਧਿਆਨ ਦਿਓ
Publish Date: Sun, 08 Mar 2026 09:22 PM (IST)
Updated Date: Sun, 08 Mar 2026 09:24 PM (IST)

ਬਾਬੇ ਨਾਨਕ ਦੀ ਨਗਰੀ ਦਾ ਕੋਈ ਵਾਲੀ ਵਾਰਸ ਨਹੀਂ ਜਾਪਦਾ : ਬਾਬਾ ਹੀਰਾ ਸਿੰਘ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੀਐੱਮ ਸਾਹਿਬ! ਜ਼ਰਾ ਇਸ ਪਵਿੱਤਰ ਨਗਰੀ ਵੱਲ ਵੀ ਧਿਆਨ ਦਿਓ। ਇਹ ਉਹ ਪਵਿੱਤਰ ਨਗਰੀ ਹੈ, ਜਿਥੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜ਼ਿੰਦਗੀ ਦਾ ਸਭ ਤੋਂ ਲੰਬਾ ਸਮਾਂ ਗੁਜ਼ਾਰਿਆ ਸੀ ਤੇ ਇਥੋਂ ਦੇ ਇਤਿਹਾਸਕ ਗੁਰੂ ਘਰਾਂ ਦੇ ਦਰਸ਼ਨ ਕਰਨ ਲਈ ਦੇਸ਼-ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਮਾਤਾ ਸੁਲੱਖਣੀ ਦੇਵੀ ਜੀ ਦੇ ਪ੍ਰਮੁੱਖ ਸੇਵਾਦਾਰ ਬਾਬਾ ਹੀਰਾ ਸਿੰਘ ਜੀ ਨੇ ਗੁਰਦੁਆਰਾ ਦੇ ਨਜ਼ਦੀਕ ਕਰੀਬ 15 ਦਿਨਾਂ ਤੋਂ ਪਾਈਪ ਦੀ ਲੀਕੇਜ ਕਾਰਨ ਸੜਕ ‘ਤੇ ਵਹਿ ਰਹੇ ਪਾਣੀ ਤੋਂ ਦੁਖੀ ਹੋ ਕੇ ਅੱਜ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਹੇ। ਬਾਬਾ ਹੀਰਾ ਸਿੰਘ ਨੇ ਕਿਹਾ ਕਿ ਰੋਜ਼ਾਨਾ ਮੁੱਖ ਮੰਤਰੀ ਸਾਹਿਬ ਬਿਆਨ ਦੇ ਕੇ ਡੀਂਗਾਂ ਮਾਰਦੇ ਹਨ, ਅਸੀਂ ਇਹ ਵਿਕਾਸ ਦਾ ਕੰਮ ਕਰ ਦਿੱਤਾ। ਅਸੀ ਸਾਰੇ ਧਾਰਮਿਕ ਸਥਾਨਾਂ ਨੂੰ ਜਾਂਦੇ ਰਸਤੇ ਬਣਾ ਦਿੱਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਜ਼ਰਾ ਸੁਲਤਾਨਪੁਰ ਲੋਧੀ ਨਗਰੀ ‘ਚ ਆ ਕੇ ਦੇਖੋ, ਪਿਛਲੇ 4 ਸਾਲਾਂ ‘ਚ ਕਿੰਨਾ ਕੁ ਵਿਕਾਸ ਹੋਇਆ ਹੈ। ਸਾਰੇ ਧਾਰਮਿਕ ਸਥਾਨਾਂ ਨੂੰ ਜਾਂਦੇ ਰਸਤਿਆਂ ਗੁਰਦੁਆਰਾ ਗੁਰੂ ਕਾ ਬਾਗ, ਗੁਰਦੁਆਰਾ ਹੱਟ ਸਾਹਿਬ, ਗੁਰਦੁਆਰਾ ਬੇਰ ਸਾਹਿਬ, ਗੁਰਦੁਆਰਾ ਅੰਤਰਯਾਮਤਾ ਸਾਹਿਬ, ਗੁਰਦੁਆਰਾ ਕੋਠੜੀ ਸਾਹਿਬ ਆਦਿ ਸਾਰੇ ਰਸਤਿਆਂ ਦੀ ਹਾਲਤ ਬਹੁਤ ਖਸਤਾ ਹੈ ਤੇ ਸੰਗਤਾਂ ਆ ਕੇ ਇਹ ਪੁੱਛਦੀਆਂ ਹਨ ਕਿ ਗੁਰੂ ਕੀ ਨਗਰੀ ਦਾ ਕੋਈ ਵਾਰਿਸ ਨਹੀਂ। ਕੋਈ ਪ੍ਰਸ਼ਾਸਨ ਜਾਂ ਸਰਕਾਰ ਨਹੀਂ, ਜੋ ਆਪਣੀ ਜ਼ਿੰਮੇਵਾਰੀ ਨੂੰ ਸਮਝੇ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦਾ ਕੋਈ ਵਾਲੀ-ਵਾਰਸ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਖੁਦ ਨਗਰ ਕੌਂਸਲ ਦਫਤਰ ਜਾ ਕੇ ਲਿਖਤੀ ਸ਼ਿਕਾਇਤ ਵੀ ਦੇ ਚੁੱਕੇ ਹਨ ਤੇ ਆ ਕੇ ਠੇਕੇਦਾਰ ਠੀਕ ਕਰਦਾ ਹੈ ਪ੍ਰੰਤੂ ਫਿਰ ਦੂਜੇ ਦਿਨ ਇਹ ਲੀਕ ਕਰਨ ਲੱਗ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਇਵੇਂ ਜਾਪਦਾ ਹੈ ਕਿ ਇਹ ਬਾਬੇ ਦੀ ਨਗਰੀ ਨਹੀਂ ਇਕ ਬੰਜਰ ਪਿੰਡ ਹੈ। ਬਾਬਾ ਹੀਰਾ ਸਿੰਘ ਨੇ ਕਿਹਾ ਕਿ ਲੰਬੇ ਸਮੇਂ ਤੋਂ ਇਸ ਗੁਰਦੁਆਰਾ ਰਸਤੇ ਤੋਂ ਜਾਂਦੀ ਸੜਕ ਦੀ ਸਟਰੀਟ ਲਾਈਟ ਵੀ ਬੰਦ ਪਈ ਹੈ ਜਿਸ ਕਾਰਨ ਸੰਗਤਾਂ ਨੂੰ ਸਵੇਰੇ ਨਿਤ ਨੇਮ ਵੇਲੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕੌਣ ਠੇਕੇਦਾਰ ਹੈ ਜਿਸਦਾ ਪਾਈਪ ਪਾਇਆ ਲੀਕ ਕਰਦਾ ਰਹਿੰਦਾ ਹੈ। ਸਾਰੇ ਸ਼ਹਿਰ, ਗਲੀਆਂ, ਸੜਕਾਂ ਦਾ ਬੁਰਾ ਹਾਲ ਹੈ। ਹਰ ਪਾਸੇ ਚਿੱਕੜ, ਗੰਦਾ ਪਾਣੀ ਸੜਕਾਂ ਦਾ ਵਹਿੰਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਥਾਨ ‘ਤੇ 9 ਧਾਰਮਿਕ ਗੁਰਦੁਆਰਾ ਸਾਹਿਬ ਹਨ। ਬਾਬਾ ਹੀਰਾ ਸਿੰਘ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਇਸ ਪਵਿੱਤਰ ਧਾਰਮਿਕ ਸਥਾਨ ਦੀ ਵੀ ਸੁਧ ਲਈ ਜਾਵੇ ਤਾਂ ਜੋ ਸੰਗਤਾਂ ਨੂੰ ਪਰੇਸ਼ਾਨੀ ਤੋਂ ਛੁਟਕਾਰਾ ਮਿਲੇ। ਇਸ ਮੌਕੇ ਸਮਾਜ ਸੇਵੀ ਦਾਰਾ ਡਿਜ਼ਾਈਨਰ ਟੇਲਰ ਨੇ ਵੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਜਾਂ ਸਰਕਾਰ ਦੱਸੇ ਕਿ ਸਮਾਰਟ ਸਿਟੀ ਦਾ ਕੰਮ ਕਿਉਂ ਲੰਬੇ ਸਮੇਂ ਤੋਂ ਪੂਰਾ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰ ਦਾ ਬੁਰਾ ਹਾਲ ਹੈ ਤੇ ਸੰਗਤ ਕਿਧਰ ਜਾਵੇ। ਉਨ੍ਹਾਂ ਕਿਹਾ ਕਿ ਕੱਲ ਡੀਸੀ ਸਾਹਿਬ ਆਏ ਸਨ ਤੇ ਉਹ ਦੇਖ ਗਏ ਸਨ ਤੇ ਸਬੰਧਤ ਵਿਭਾਗ ਤੇ ਠੇਕੇਦਾਰ ਨੂੰ ਕਹਿ ਕੇ ਗਏ ਸਨ ਹੁਣ ਦੇਖਦੇ ਹਾਂ ਕਿ ਉਨ੍ਹਾਂ ਦੇ ਹੁਕਮਾਂ ਦਾ ਕਿੰਨਾ ਕੁ ਅਸਰ ਹੁੰਦਾ ਹੈ। ਗੁਰੂ ਕੀ ਨਗਰੀ ਹੋਵੇ ਤਾਂ ਇਹ ਹਾਲ ਹੋਵੇ। ਇਸ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ।