ਕਾਸੋ ਐਕਟ ਅਧੀਨ ਬੇਆਬਾਦ ਥਾਵਾਂ ਦੀ ਚੈਕਿੰਗ, ਨਸ਼ਾ ਕਰਨ ਵਾਲਿਆਂ ਖਿਲਾਫ ਵੱਡੀ ਮੁਹਿੰਮ
ਕਾਸੋ ਐਕਟ ਅਧੀਨ ਡੀਐਸਪੀ ਭਾਰਤ ਭੂਸ਼ਣ ਦੀ ਅਗਵਾਈ ਹੇਠ ਬੇਆਬਾਦ ਥਾਵਾਂ ਦੀ ਚੈਕਿੰਗ, ਨਸ਼ਾ ਕਰਨ ਵਾਲਿਆਂ ਖਿਲਾਫ ਵੱਡੀ ਮੁਹਿੰਮ
Publish Date: Wed, 18 Mar 2026 07:52 PM (IST)
Updated Date: Thu, 19 Mar 2026 04:11 AM (IST)

ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਪੰਜਾਬ ਪੁਲਿਸ ਵੱਲੋਂ ਨਸ਼ੇ ਖ਼ਿਲਾਫ਼ ਚੱਲ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਡੀਐਸਪੀ ਭਾਰਤ ਭੂਸ਼ਣ ਦੀ ਅਗਵਾਈ ਹੇਠ ਕਾਸੋ ਐਕਟ ਤਹਿਤ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲਿਸ ਟੀਮਾਂ ਨੇ ਇਲਾਕੇ ਦੀਆਂ ਬੇਆਬਾਦ ਅਤੇ ਸੰਦੇਹਾਸਪਦ ਥਾਵਾਂ ਤੇ ਛਾਪੇਮਾਰੀ ਕਰਕੇ ਗਹਿਰਾਈ ਨਾਲ ਜਾਂਚ ਕੀਤੀ। ਮੁਹਿੰਮ ਦਾ ਮੁੱਖ ਮਕਸਦ ਨਸ਼ਾ ਕਰਨ ਵਾਲਿਆਂ ਅਤੇ ਨਸ਼ਾ ਵੇਚਣ ਵਾਲਿਆਂ ਤੇ ਨਜ਼ਰ ਰੱਖਣਾ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨੀ ਸੀ। ਪੁਲਿਸ ਨੇ ਖਾਲੀ ਪਲਾਟਾਂ, ਛੱਡੇ ਹੋਏ ਮਕਾਨਾਂ ਅਤੇ ਸੁੰਨੇ ਇਲਾਕਿਆਂ ਵਿੱਚ ਚੈਕਿੰਗ ਕਰਕੇ ਕਈ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ। ਡੀਐੱਸਪੀ ਭਾਰਤ ਭੂਸ਼ਣ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਖ਼ਤਮ ਕਰਨ ਲਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਕਿਸੇ ਨੂੰ ਆਪਣੇ ਇਲਾਕੇ ਵਿੱਚ ਨਸ਼ੇ ਨਾਲ ਸੰਬੰਧਿਤ ਕੋਈ ਗਤੀਵਿਧੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇਸ ਮੌਕੇ ਪੁਲਿਸ ਨੇ ਇਲਾਕੇ ਦੇ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਨਸ਼ਿਆਂ ਦੇ ਨੁਕਸਾਨਾਂ ਬਾਰੇ ਵੀ ਜਾਗਰੂਕ ਕੀਤਾ ਅਤੇ ਸਹਿਯੋਗ ਦੀ ਮੰਗ ਕੀਤੀ।ਡੀਐਸਪੀ ਭਾਰਤ ਭੂਸ਼ਣ ਨੇ ਕਿਹਾ ਕਿ ਅਜਿਹੀਆਂ ਮੁਹਿੰਮਾਂ ਨਾਲ ਨਸ਼ੇ ਦੀ ਸਮੱਸਿਆ ਤੇ ਕਾਬੂ ਪਾਉਣ ਵਿੱਚ ਕਾਫ਼ੀ ਮਦਦ ਮਿਲੇਗੀ। ਡੀਐਸਪੀ ਭਾਰਤ ਭੂਸ਼ਣ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਜੇ ਕਿਸੇ ਵੀ ਇਲਾਕੇ ਵਿੱਚ ਨਸ਼ਾ ਕਰਨ ਵਾਲੇ ਨੌਜਵਾਨਾਂ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਬਿਨਾਂ ਡਰ ਪੁਲਿਸ ਨਾਲ ਸਾਂਝੀ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਅਜਿਹੇ ਨੌਜਵਾਨਾਂ ਨੂੰ ਸਜ਼ਾ ਦੇਣ ਦੀ ਬਜਾਏ ਪਹਿਲਾਂ ਉਨ੍ਹਾਂ ਨੂੰ ਨਸ਼ੇ ਦੀ ਲਤ ਤੋਂ ਬਚਾਉਣ ਲਈ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜਿਆ ਜਾਵੇਗਾ ਤਾਂ ਜੋ ਉਹ ਮੁੜ ਸਧਾਰਣ ਜੀਵਨ ਵੱਲ ਵਾਪਸ ਆ ਸਕਣ। ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨਾਲ ਕਿਸੇ ਵੀ ਤਰ੍ਹਾਂ ਦੀ ਰਿਆਇਤ ਨਹੀਂ ਕੀਤੀ ਜਾਵੇਗੀ। ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡੀਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜ ਵਿੱਚੋਂ ਨਸ਼ੇ ਦੀ ਬੁਰਾਈ ਨੂੰ ਖਤਮ ਕਰਨ ਲਈ ਪੁਲਿਸ ਦਾ ਸਹਿਯੋਗ ਦੇਣਾ ਬਹੁਤ ਜ਼ਰੂਰੀ ਹੈ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ ਅਤੇ ਇੱਕ ਸੁਰੱਖਿਅਤ ਸਮਾਜ ਦੀ ਨਿਰਮਾਣ ਕੀਤਾ ਜਾ ਸਕੇ। ਇਸ ਮੌਕੇ ਡੀਐਸਪੀ ਭਾਰਤ ਭੂਸ਼ਣ ਨਾਲ ਐਸ ਅੇਚ ੳ ਟ੍ਰੈਫਿਕ ਅਮਨ ਸ਼ਰਮਾ,ਐਸ ਐਚ ੳ ਸਦਰ ਸੋਨਮਦੀਪ ਕੌਰ,ਐਸ ਅੇਚ ੳ ਅਮਨਪ੍ਰੀਤ ਕੌਰ ਵੀ ਹਾਜ਼ਰ ਸਨ।