ਚਾਰੂਵਰਤ ਬੈਂਸ ਨੇ ਦਸਵੀਂ ’ਚ ਜ਼ਿਲ੍ਹੇ ’ਚੋਂ ਹਾਸਲ ਕੀਤਾ ਪਹਿਲਾ ਸਥਾਨ
ਚਾਰੂਵਰਤ ਬੈਂਸ ਨੇ ਸੀ.ਬੀ.ਐਸ.ਈ. 10ਵੀਂ ਜ਼ਿਲ੍ਹਾ ਕਪੂਰਥਲਾ ’ਚ ਹਾਸਿਲ ਕੀਤਾ ਪਹਿਲਾ ਸਥਾਨ
Publish Date: Thu, 16 Apr 2026 08:38 PM (IST)
Updated Date: Thu, 16 Apr 2026 08:42 PM (IST)
ਐੱਸਡੀਐੱਮ ਲਾਲ ਵਿਸਵਾਸ਼ ਬੈਂਸ ਦਾ ਪੁੱਤਰ ਹੈ ਐੱਮਜੀਐੱਨ ਪਬਲਿਕ ਸਕੂਲ ਦਾ ਵਿਦਿਆਰਥੀ ਚਾਰੂਵਰਤ
ਅਮਰੀਕ ਸਿੰਘ ਮੱਲ੍ਹੀ/ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਐੱਮਜੀਐੱਨ ਪਬਲਿਕ ਸਕੂਲ ਦੇ ਵਿਦਿਆਰਥੀ ਚਾਰੂਵਰਤ ਬੈਂਸ ਨੇ ਸੀਬੀਐੱਸਈ ਦੀ 10ਵੀਂ ਜਮਾਤ ਵਿਚੋਂ ਕਪੂਰਥਲਾ ਜ਼ਿਲ੍ਹੇ ’ਚ ਪਹਿਲਾ ਸਥਾਨ ਹਾਸਲ ਕੀਤਾ। ਇਨ੍ਹਾਂ ਨਤੀਜਿਆਂ ਵਿੱਚ ਚਾਰੂਵਰਤ ਨੇ ਵਿੱਦਿਅਕ ਸੈਸ਼ਨ 2025-26 ਦੌਰਾਨ 500 ਵਿਚੋਂ 497 (99.4 ਫ਼ੀਸਦੀ ਅੰਕ) ਲਏ। ਜਾਣਕਾਰੀ ਦਿੰਦਿਆਂ ਪਰਵਿੰਦਰ ਵਾਲੀਆ ਪ੍ਰਿੰਸੀਪਲ ਐੱਮਜੀਐੱਨ ਪਬਲਿਕ ਸਕੂਲ ਨੇ ਦੱਸਿਆ ਕਿ ਇਸੇ ਤਰ੍ਹਾਂ ਸਕੂਲ ਦੇ ਵਿਦਿਆਰਥੀ ਸਮਰੱਥ ਗਰੋਵਰ ਨੇ 500 ਵਿਚੋਂ 495 (99 ਪ੍ਰਤੀਸ਼ਤ) ਅਤੇ ਆਰੂਸ਼ੀ ਅਰੋੜਾ ਨੇ 500 ਵਿਚੋਂ 490 (98 ਪ੍ਰਤੀਸ਼ਤ ਅੰਕ) ਪ੍ਰਾਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਚਾਰੂਵਰਤ ਨੇ ਚੀਨ ਵਿੱਚ ਕਰਵਾਈ ਗਈ ਇੰਟਰਨੈਸ਼ਨਲ ਅਰਥ ਸਾਇੰਸ ਓਲੰਪੀਅਡ ਵਿੱਚ ਦੋ ਚਾਂਦੀ ਤੇ ਇਕ ਤਾਂਬੇ ਦਾ ਤਗਮਾ ਜਿੱਤ ਕਿ ਜ਼ਿਲ੍ਹੇ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਚਾਰੂਵਰਤ ਆਦਮਪੁਰ ਵਿਖੇ ਬਤੌਰ ਐੱਸਡੀਐੱਮ ਸੇਵਾਵਾਂ ਨਿਭਾ ਰਹੇ ਲਾਲ ਵਿਸਵਾਸ਼ ਬੈਂਸ ਦਾ ਪੁੱਤਰ ਹੈ। ਆਪਣੇ ਬੇਟੇ ਵਲੋਂ ਜ਼ਿਲ੍ਹੇ ਭਰ ’ਚ ਦਸਵੀਂ ਜਮਾਤ ਵਿਚੋਂ ਪਹਿਲਾ ਸਥਾਨ ਹਾਸਲ ਕਰਨ ’ਤੇ ਐੱਸਡੀਐੱਮ ਆਦਮਪੁਰ ਲਾਲ ਵਿਸ਼ਵਾਸ ਬੈਂਸ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਪਰਿਵਾਰ ਅਤੇ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਪ੍ਰਿੰਸੀਪਲ ਪਰਵਿੰਦਰ ਵਾਲੀਆ ਨੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਪੂਰੀ ਲਗਨ ਤੇ ਮਿਹਨਤ ਨਾਲ ਪੜ੍ਹਾਈ ਕਰਕੇ ਆਪਣੇ ਮਾਪਿਆਂ ਅਤੇ ਸੂਬੇ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਉਨ੍ਹਾਂ ਦੀ ਇਮਾਨਦਾਰੀ, ਸਖ਼ਤ ਮਿਹਨਤ ਅਤੇ ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਦੇ ਅਟੁੱਟ ਸਮਰਥਨ ਨੂੰ ਦਰਸਾਉਂਦਾ ਹੈ। ਇਸ ਸ਼ਾਨਦਾਰ ਪ੍ਰਾਪਤੀ ਲਈ ਇਨ੍ਹਾਂ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਣਮੱਤੇ ਮਾਪਿਆਂ ਅਤੇ ਸਕੂਲ ਦੇ ਸਮੁੱਚੇ ਅਧਿਆਪਨ ਅਤੇ ਸਹਾਇਤਾ ਸਟਾਫ ਨੂੰ ਹਾਰਦਿਕ ਵਧਾਈਆਂ। ਅਸੀਂ ਉਨ੍ਹਾਂ ਦੇ ਭਵਿੱਖ ਦੇ ਸਾਰੇ ਅਕਾਦਮਿਕ ਅਤੇ ਨਿੱਜੀ ਕੰਮਾਂ ਵਿੱਚ ਉਨ੍ਹਾਂ ਦੀ ਨਿਰੰਤਰ ਸਫਲਤਾ ਦੀ ਕਾਮਨਾ ਕਰਦੇ ਹਾਂ।