ਬਾਸੀ ਮੈਮੋਰੀਅਲ ਟਰੱਸਟ ਨੇ 25 ਵਿਦਿਆਰਥਣਾਂ ਨੂੰ ਵੰਡੇ ਵਜ਼ੀਫੇ
ਚਰਨਜੀਤ ਸਿੰਘ ਬਾਸੀ ਮੈਮੋਰੀਅਲ ਟਰੱਸਟ ਨੇ ਮਾਂ ਅੰਬੇ ਗਰਲਜ਼ ਸਕੂਲ ਦੀਆਂ 25 ਹੋਣਹਾਰ ਵਿਿਦਆਰਥਣਾਂ ਨੂੰ ਵੰਡੇ ਵਜੀਫੇ
Publish Date: Mon, 30 Mar 2026 07:45 PM (IST)
Updated Date: Mon, 30 Mar 2026 07:48 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਿੱਖਿਆ ਦੇ ਪਸਾਰ ਤੇ ਹੋਣਹਾਰ ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚਰਨਜੀਤ ਸਿੰਘ ਬਾਸੀ ਮੈਮੋਰੀਅਲ ਟਰੱਸਟ ਵੱਲੋਂ ਮਾਂ ਅੰਬੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਭਾਣੋਕੀ (ਫਗਵਾੜਾ) ਵਿਖੇ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਕੂਲ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਕੇਕੇ ਸਰਦਾਨਾ ਐੱਮਡੀ ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਲਿਮ. ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਪੜ੍ਹਾਈ ਵਿਚ ਅੱਵਲ ਰਹਿਣ ਵਾਲੀਆਂ 25 ਵਿਦਿਆਰਥਣਾਂ ਨੂੰ ਦੋ–ਦੋ ਹਜ਼ਾਰ ਰੁਪਏ ਦੀ ਵਜ਼ੀਫਾ ਰਾਸ਼ੀ ਦੇ ਚੈੱਕ ਭੇਟ ਕੀਤੇ ਗਏ। ਵਿਦਿਆਰਥਣਾਂ ਨੂੰ ਚੈੱਕ ਦਿੰਦਿਆਂ ਕੇਕੇ ਸਰਦਾਨਾ ਨੇ ਉਨ੍ਹਾਂ ਨੂੰ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਤੇ ਕਿਹਾ ਕਿ ਪੜ੍ਹਾਈ ਅਜਿਹਾ ਖਜ਼ਾਨਾ ਹੈ, ਜੋ ਕਦੇ ਵੀ ਖਤਮ ਨਹੀਂ ਹੁੰਦਾ ਬਲਕਿ ਵੰਡਣ ਦੇ ਨਾਲ ਹੋਰ ਵਧਦਾ ਹੈ। ਸਕੂਲ ਦੇ ਸਕੱਤਰ ਅਵਤਾਰ ਸਿੰਘ ਤੇ ਮਲਕੀਤ ਸਿੰਘ ਰਘਬੋਤਰਾ ਨੇ ਵਿਦਿਆਰਥਣਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਟਰੱਸਟ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਵਿਚ ਮੁਕਾਬਲੇ ਦੀ ਭਾਵਨਾ ਤੇ ਉੱਚਾ ਮੁਕਾਮ ਹਾਸਲ ਕਰਨ ਦੀ ਲਗਨ ਪੈਦਾ ਕਰਦੇ ਹਨ। ਸਕੂਲ ਪ੍ਰਿੰਸੀਪਲ ਕੁਲਵਿੰਦਰ ਕੌਰ ਪਰਮਾਰ ਨੇ ਪਤਵੰਤਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਹੌਸਲਾ ਅਫ਼ਜ਼ਾਈ ਵਿਦਿਆਰਥਣਾਂ ਨੂੰ ਅੱਗੇ ਵਧਣ ਲਈ ਨਵੀਂ ਉਰਜਾ ਦੇਵੇਗੀ। ਉਨ੍ਹਾਂ ਨੇ ਸਕੂਲ ਦੇ ਸਰਪ੍ਰਸਤ ਕੇਕੇ ਸਰਦਾਨਾ ਤੇ ਚਰਨਜੀਤ ਸਿੰਘ ਬਾਸੀ ਮੈਮੋਰੀਅਲ ਟਰੱਸਟ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਅੱਗੇ ਵੀ ਇਸ ਤਰ੍ਹਾਂ ਦੀਆਂ ਪ੍ਰੇਰਕ ਪਹਿਲਾਂ ਜਾਰੀ ਰਹਿਣਗੀਆਂ। ਇਸ ਮੌਕੇ ਸਮੂਹ ਸਕੂਲ ਸਟਾਫ ਤੇ ਵਿਦਿਆਰਥਣਾਂ ਹਾਜ਼ਰ ਸਨ।