ਚੱਕ ਹਕੀਮ ਨੂੰ ਦਿੱਤਾ ਜਾਵੇ ਵਿਸ਼ੇਸ਼ ਪੈਕੇਜ : ਸਰਪੰਚ
ਚੱਕ ਹਕੀਮ ਨੂੰ ਇਤਿਹਾਸਕ ਪਿੰਡ ਦਾ ਦਰਜਾ ਤੇ ਪਿੰਡ ਦੇ ਵਿਕਾਸ ਲਈ ਦਿੱਤਾ ਜਾਵੇ ਵਿਸ਼ੇਸ਼ ਪੈਕੇਜ - ਸਰਪੰਚ ਵਰੁਣ ਬੰਗੜ
Publish Date: Thu, 04 Jun 2026 06:48 PM (IST)
Updated Date: Fri, 05 Jun 2026 03:36 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪਿੰਡ ਚੱਕ ਹਕੀਮ ਦੀ ਗ੍ਰਾਮ ਪੰਚਾਇਤ ਵੱਲੋਂ ਸਰਪੰਚ ਵਰੁਣ ਬੰਗੜ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਇਕ ਮੰਗ ਪੱਤਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਦਿੱਤਾ ਗਿਆ। ਮੰਗ ਪੱਤਰ ਦੇਣ ਸਮੇਂ ਸਮੂਹ ਪੰਚਾਇਤ ਮੈਂਬਰਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿ ਸਰਕਾਰ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਾਲ ਭਰ ਮਨਾਉਣ ਤੇ ਉਨ੍ਹਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਚੱਕ ਹਕੀਮ ਵਿਖੇ ਮਹਾਨ ਕੀਰਤਨ ਸਮਾਗਮ ਕਰਵਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਸਰਪੰਚ ਵਰੁਣ ਬੰਗੜ ਨੇ ਕਿਹਾ ਕਿ ਇਤਿਹਾਸਕ ਮਹੱਤਤਾ ਰੱਖਣ ਵਾਲਾ ਪਿੰਡ ਚੱਕ ਹਕੀਮ ਵਿਕਾਸ ਪੱਖੋਂ ਅਜੇ ਵੀ ਪਿਛੜਿਆ ਹੋਇਆ ਹੈ, ਜਿਸ ਲਈ ਵਿਸ਼ੇਸ਼ ਸਰਕਾਰੀ ਸਹਾਇਤਾ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤ ਵੱਲੋਂ ਦਿੱਤੇ ਮੰਗ ਪੱਤਰ ਵਿਚ ਮੁੱਖ ਮੰਗਾਂ ਇਹ ਹਨ ਕਿ ਪਿੰਡ ਚੱਕ ਹਕੀਮ ਨੂੰ ਸਰਕਾਰੀ ਤੌਰ ’ਤੇ ਇਤਿਹਾਸਕ ਪਿੰਡ ਐਲਾਨਿਆ ਜਾਵੇ। ਪਿੰਡ ਦੇ ਸਰਕਾਰੀ ਮਿਡਲ ਸਕੂਲ ਨੂੰ ਸੀਨੀਅਰ ਸੈਕੰਡਰੀ ਸਕੂਲ ਵਿਚ ਅਪਗ੍ਰੇਡ ਕਰਨ ਤੇ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਦੀ ਮੰਗ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਜੀਟੀ ਰੋਡ ’ਤੇ ਪੰਚਾਇਤੀ ਜ਼ਮੀਨ ’ਤੇ ਡਾ. ਭੀਮ ਰਾਓ ਅੰਬੇਡਕਰ ਕਮਿਊਨਿਟੀ ਹਾਲ ਦੀ ਉਸਾਰੀ, ਗੁਰੂ ਰਵਿਦਾਸ ਪਾਰਕ ਲਈ ਗ੍ਰਾਂਟ ਜਾਰੀ ਕਰਨ ਤੇ ਜੀਟੀ ਰੋਡ ਤੋਂ ਚੰਡੀਗੜ੍ਹ ਬਾਈਪਾਸ ਤੱਕ ਜਾਂਦੀ ਸੜਕ ਦਾ ਨਾਮ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ’ਤੇ ਰੱਖਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੰਗ ਪੱਤਰ ਵਿਚ ਭਾਈ ਘਨੱਈਆ ਜੀ ਗੁਰਦੁਆਰਾ ਤੋਂ ਕਮਲਾ ਨਹਿਰੂ ਸਕੂਲ ਤੇ ਪਿੰਡ ਚੱਕ ਹਕੀਮ ਤੱਕ ਦੀ ਸੜਕ ਨੂੰ ਪੱਕੀ ਲੁੱਕ ਵਾਲੀ ਸੜਕ ਬਣਾਉਣ, ਪਿੰਡ ਵਿਚ ਵੱਧ ਤੋਂ ਵੱਧ ਸੋਲਰ ਲਾਈਟਾਂ ਲਗਾਉਣ, ਸ਼ਰਾਬ ਦੇ ਠੇਕੇ ਹਟਾਉਣ, ਪੱਕੀਆਂ ਸੜਕਾਂ, ਪੀਣ ਵਾਲੇ ਪਾਣੀ ਤੇ ਗੰਦੇ ਪਾਣੀ ਦੀ ਨਿਕਾਸੀ ਲਈ ਵਿਸ਼ੇਸ਼ ਗ੍ਰਾਂਟ ਜਾਰੀ ਕਰਨ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ’ਤੇ ਲਾਇਬ੍ਰੇਰੀ ਬਣਾਉਣ ਦੀਆਂ ਮੰਗਾਂ ਵੀ ਸ਼ਾਮਲ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ਪੰਜਾਬ ਸਰਕਾਰ ਪਿੰਡ ਚੱਕ ਹਕੀਮ ਦੇ ਸਰਵਪੱਖੀ ਵਿਕਾਸ ਲਈ ਇਨ੍ਹਾਂ ਮੰਗਾਂ ਵੱਲ ਗੰਭੀਰਤਾ ਨਾਲ ਧਿਆਨ ਦੇਵੇਗੀ ਤੇ ਜਲਦ ਹੀ ਲੋੜੀਂਦੇ ਕਦਮ ਚੁੱਕੇ ਜਾਣਗੇ। ਇਸ ਮੌਕੇ ਆਮ ਆਦਮੀ ਪਾਰਟੀ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਬਲਾਕ ਪ੍ਰਧਾਨ ਬਲਬੀਰ ਠਾਕੁਰ, ਪਰਮਜੀਤ ਪੰਚ ਸਮੇਤ ਸਮੂਹ ਪੰਚਾਇਤ ਮੈਂਬਰ ਵੀ ਹਾਜ਼ਰ ਸਨ।