ਸੜਕ ਹਾਦਸੇ ’ਚ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਦੀ ਮੌਤ, ਤਿੰਨ ਜ਼ਖ਼ਮੀ
ਸੜਕ ਹਾਦਸੇ ਵਿੱਚ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਦੀ ਮੌਤ, ਤਿੰਨ ਜ਼ਖ਼ਮੀ
Publish Date: Sun, 08 Feb 2026 08:29 PM (IST)
Updated Date: Sun, 08 Feb 2026 08:32 PM (IST)

ਕੰਗ ਪੰਜਾਬੀ ਜਾਗਰਣ ਨਡਾਲਾ : ਨਡਾਲਾ–ਬੇਗੋਵਾਲ ਰੋਡ ‘ਤੇ ਐਤਵਾਰ ਦੁਪਹਿਰ ਕਰੀਬ 1 ਵਜੇ ਅੱਡਾ ਨੰਗਲ ਲੁਬਾਣਾ ਨੇੜੇ ਇਕ ਸਕੂਟਰੀ ਤੇ ਮੋਟਰਸਾਈਕਲ ਦਰਮਿਆਨ ਹੋਈ ਭਿਆਨਕ ਟੱਕਰ ਵਿਚ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਤੇਜਿੰਦਰ ਸਿੰਘ ਰੈਂਪੀ (48) ਦੀ ਮੌਤ ਹੋ ਗਈ, ਜਦਕਿ ਇਕ ਬੱਚੇ ਸਮੇਤ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਜਲੰਧਰ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਤੇਜਿੰਦਰ ਸਿੰਘ ਰੈਂਪੀ, ਪੁੱਤਰ ਅਵਤਾਰ ਸਿੰਘ, ਵਾਸੀ ਪਿੰਡ ਨੰਗਲ ਲੁਬਾਣਾ, ਆਪਣੇ 12 ਸਾਲਾ ਪੁੱਤਰ ਅਮਰਵੀਰ ਸਿੰਘ ਨਾਲ ਸਕੂਟਰੀ ਨੰਬਰ ਪੀਬੀ 09 ਵੀ 2603 ‘ਤੇ ਸਵਾਰ ਹੋ ਕੇ ਨਡਾਲੇ ਤੋਂ ਖਰੀਦੋ-ਫਰੋਖ਼ਤ ਕਰਕੇ ਆਪਣੇ ਪਿੰਡ ਵਾਪਸ ਆ ਰਹੇ ਸਨ। ਜਦੋਂ ਉਹ ਨੰਗਲ ਲੁਬਾਣਾ ਪਹੁੰਚ ਕੇ ਇਕ ਸੜਕ ਤੋਂ ਦੂਜੀ ਸੜਕ ਵੱਲ ਮੁੜ ਰਹੇ ਸਨ ਤਾਂ ਬੇਗੋਵਾਲ ਵੱਲੋਂ ਤੇਜ਼ ਰਫ਼ਤਾਰ ਨਾਲ ਆ ਰਹੀ ਕਾਲੇ ਰੰਗ ਦੀ ਕੇਟੀਐੱਮ ਮੋਟਰਸਾਈਕਲ ਨੰਬਰ ਪੀਬੀ 57 ਸੀ 9194 ਨਾਲ ਉਨ੍ਹਾਂ ਦੀ ਸਕੂਟਰੀ ਦੀ ਭਿਆਨਕ ਟੱਕਰ ਹੋ ਗਈ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਮ੍ਰਿਤਕ ਦੇ ਦੋਸਤ ਤੇ ਬਲਾਕ ਸੰਮਤੀ ਮੈਂਬਰ ਸੁਖਜਿੰਦਰ ਸਿੰਘ ਸੌਂਧੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਤੇਜਿੰਦਰ ਸਿੰਘ ਨੂੰ ਬੇਗੋਵਾਲ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਦੇਖਦਿਆਂ ਜਲੰਧਰ ਰੈਫਰ ਕਰ ਦਿੱਤਾ। ਜਲੰਧਰ ਪਹੁੰਚਣ ‘ਤੇ ਡਿਊਟੀ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਹਾਦਸੇ ਵਿਚ ਉਨ੍ਹਾਂ ਦੇ ਪੁੱਤਰ ਅਮਰਵੀਰ ਸਿੰਘ ਦੀ ਲੱਤ ‘ਤੇ ਸੱਟ ਵੱਜੀ ਹੈ, ਜਿਸਦਾ ਇਲਾਜ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਬੇਗੋਵਾਲ ਹਰਜਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਵਿਚ ਤੇਜਿੰਦਰ ਸਿੰਘ ਦੀ ਮੌਤ ਹੋਈ ਹੈ ਤੇ ਉਨ੍ਹਾਂ ਦੀ ਮ੍ਰਿਤਕ ਦੇਹ ਕਪੂਰਥਲਾ ਦੇ ਮੁਰਦਾਘਰ ਵਿਚ ਰਖਵਾਈ ਗਈ ਹੈ। ਸੋਮਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।