ਸੈਂਟਰਲ ਰੇਲਵੇ ਅਤੇ ਨਾਰਦਰਨ ਰੇਲਵੇ ਦੀਆਂ ਟੀਮਾਂ ਫਾਈਨਲ ’ਚ
ਸੈਂਟਰਲ ਰੇਲਵੇ ਅਤੇ ਨਾਰਦਰਨ ਰੇਲਵੇ ਦੀਆਂ ਟੀਮਾਂ 46ਵੀਂ ਆਲ ਇੰਡੀਆ ਰੇਲਵੇ ਮਹਿਲਾ ਹਾਕੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ
Publish Date: Tue, 24 Mar 2026 08:30 PM (IST)
Updated Date: Tue, 24 Mar 2026 08:31 PM (IST)

46ਵੀਂ ਆਲ ਇੰਡੀਆ ਰੇਲਵੇ ਮਹਿਲਾ ਹਾਕੀ ਚੈਂਪੀਅਨਸ਼ਿਪ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ ਕਪੂਰਥਲਾ (ਆਰਸੀਐੱਫ) ਦੇ ਸਿੰਥੈਟਿਕ ਟਰਫ ਹਾਕੀ ਸਟੇਡੀਅਮ ਵਿਚ ਜਾਰੀ 46ਵੀਂ ਅਖਿਲ ਭਾਰਤੀ ਰੇਲਵੇ ਮਹਿਲਾ ਹਾਕੀ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਸੈਂਟਰਲ ਰੇਲਵੇ ਮੁੰਬਈ ਤੇ ਨਾਰਦਰਨ ਰੇਲਵੇ ਨਵੀਂ ਦਿੱਲੀ ਦਰਮਿਆਨ ਖਿਤਾਬੀ ਮੁਕਾਬਲਾ ਖੇਡਿਆ ਜਾਵੇਗਾ। ਇਹ ਵੱਕਾਰੀ ਪ੍ਰਤੀਯੋਗਤਾ 19 ਮਾਰਚ ਤੋਂ 25 ਮਾਰਚ 2026 ਤੱਕ ਆਯੋਜਿਤ ਕੀਤੀ ਜਾ ਰਹੀ ਹੈ। ਅੱਜ ਖੇਡੇ ਗਏ ਪਹਿਲੇ ਸੈਮੀਫਾਈਨਲ ਵਿਚ ਸੈਂਟਰਲ ਰੇਲਵੇ ਮੁੰਬਈ ਨੇ ਮੇਜ਼ਬਾਨ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ ਸ਼ੂਟਆਉਟ ਰਾਹੀਂ 4–2 ਨਾਲ ਹਰਾਇਆ। ਦੋਵੇਂ ਟੀਮਾਂ ਵਿਚਕਾਰ ਜ਼ਬਰਦਸਤ ਮੁਕਾਬਲਾ ਵੇਖਣ ਨੂੰ ਮਿਲਿਆ ਤੇ ਪਹਿਲੇ ਚਾਰ ਕੁਆਰਟਰਾਂ ਦੇ ਅੰਤ ਤੱਕ ਦੋਵੇਂ ਟੀਮਾਂ 3–3 ਦੀ ਬਰਾਬਰੀ ’ਤੇ ਸਨ। ਇਸ ਤੋਂ ਬਾਅਦ ਸ਼ੂਟਆਉਟ ਵਿਚ ਸੈਂਟਰਲ ਰੇਲਵੇ ਨੇ ਆਰਸੀਐੱਫ ਨੂੰ 4–2 ਨਾਲ ਹਰਾਕੇ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ। ਅੱਜ ਦੇ ਦੂਜੇ ਸੈਮੀਫਾਈਨਲ ਵਿਚ ਨਾਰਦਰਨ ਰੇਲਵੇ ਨਵੀਂ ਦਿੱਲੀ ਨੇ ਸਾਊਥ ਈਸਟਰਨ ਰੇਲਵੇ ਕੋਲਕਾਤਾ ਨੂੰ ਬਹੁਤ ਹੀ ਸੰਘਰਸ਼ਪੂਰਨ ਮੈਚ ਵਿਚ 3–2 ਨਾਲ ਹਰਾਕੇ ਫਾਈਨਲ ਵਿਚ ਜਗ੍ਹਾ ਬਣਾਈ। ਦੋਵੇਂ ਜੇਤੂ ਟੀਮਾਂ ਦਰਮਿਆਨ ਫਾਈਨਲ ਮੈਚ ਕੱਲ੍ਹ ਖੇਡਿਆ ਜਾਵੇਗਾ। ਇਸ ਚੈਂਪੀਅਨਸ਼ਿਪ ਵਿਚ ਜ਼ੋਨਲ ਰੇਲਵੇ ਤੇ ਪ੍ਰੋਡਕਸ਼ਨ ਯੂਨਿਟ ਰੇਲਵੇ ਦੀਆਂ ਕੁੱਲ ਨੌਂ ਟੀਮਾਂ ਭਾਗ ਲੈ ਰਹੀਆਂ ਹਨ। ਪ੍ਰਤੀਯੋਗਤਾ ਨੂੰ ਹੋਰ ਰੋਚਕ ਬਣਾਉਣ ਲਈ ਟੀਮਾਂ ਨੂੰ ਦੋ ਪੂਲਾਂ ਵਿਚ ਵੰਡਿਆ ਗਿਆ। ਪੂਲ ਏ ਵਿਚ ਸੈਂਟਰਲ ਰੇਲਵੇ ਮੁੰਬਈ, ਸਾਊਥ ਈਸਟਰਨ ਰੇਲਵੇ ਕੋਲਕਾਤਾ, ਵੈਸਟਰਨ ਰੇਲਵੇ ਮੁੰਬਈ, ਨਾਰਥ ਈਸਟਰਨ ਰੇਲਵੇ ਗੋਰਖਪੁਰ ਤੇ ਈਸਟ ਸੈਂਟਰਲ ਰੇਲਵੇ ਹਾਜੀਪੁਰ ਦੀਆਂ ਟੀਮਾਂ ਸ਼ਾਮਲ ਸਨ, ਜਦਕਿ ਪੂਲ ਬੀ ਵਿਚ ਮੇਜ਼ਬਾਨ ਰੇਲ ਕੋਚ ਫੈਕਟਰੀ ਕਪੂਰਥਲਾ ਤੋਂ ਇਲਾਵਾ ਨਾਰਥ ਸੈਂਟਰਲ ਰੇਲਵੇ ਪ੍ਰਯਾਗਰਾਜ, ਨਾਰਦਰਨ ਰੇਲਵੇ ਨਵੀਂ ਦਿੱਲੀ ਤੇ ਵੈਸਟ ਸੈਂਟਰਲ ਰੇਲਵੇ ਜਬਲਪੁਰ ਦੀਆਂ ਟੀਮਾਂ ਸ਼ਾਮਲ ਸਨ। ਪੂਲ ਏ ਤੋਂ ਸੈਂਟਰਲ ਰੇਲਵੇ ਮੁੰਬਈ ਤੇ ਸਾਊਥ ਈਸਟਰਨ ਰੇਲਵੇ ਕੋਲਕਾਤਾ ਤੇ ਪੂਲ ਬੀ ਤੋਂ ਨਾਰਦਰਨ ਰੇਲਵੇ ਨਵੀਂ ਦਿੱਲੀ ਤੇ ਆਰਸੀਐੱਫ ਕਪੂਰਥਲਾ ਨੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਅੱਜ ਦੇ ਮੈਚਾਂ ਨੂੰ ਦੇਖਣ ਵਾਲਿਆਂ ਵਿਚ ਕੇਐੱਸ ਅਸਲਾ, ਪ੍ਰਧਾਨ ਆਰਸੀਐੱਫ ਖੇਡ ਸੰਘ ਤੇ ਖੇਡ ਸੰਘ ਦੇ ਸਾਰੇ ਮੈਂਬਰ, ਖੇਡ ਪ੍ਰੇਮੀ ਤੇ ਵੱਡੀ ਗਿਣਤੀ ਵਿਚ ਦਰਸ਼ਕਾਂ ਦੀ ਹਾਜ਼ਰੀ ਰਹੀ। ਇਸ ਚੈਂਪੀਅਨਸ਼ਿਪ ਵਿਚ ਕਈ ਓਲੰਪਿਅਨ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਮਹਿਲਾ ਹਾਕੀ ਖਿਡਾਰਣਾਂ ਭਾਗ ਲੈ ਰਹੀਆਂ ਹਨ, ਜਿਸ ਨਾਲ ਪ੍ਰਤੀਯੋਗਤਾ ਦਾ ਪੱਧਰ ਬਹੁਤ ਉੱਚਾ ਤੇ ਬਹੁਤ ਹੀ ਮੁਕਾਬਲੇਬਾਜ਼ ਬਣ ਗਿਆ ਹੈ।