ਕੇਂਦਰ ਨੂੰ ਬੰਗਲਾਦੇਸ਼ੀ ਹਿੰਦੂਆਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕਣੇ ਚਾਹੀਦੇ
ਕੇਂਦਰ ਸਰਕਾਰ ਨੂੰ ਬੰਗਲਾਦੇਸ਼ ਵਿੱਚ ਹਿੰਦੂ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ-ਆਨੰਦ/ਮਹਿਰਾ/ਸ਼ਰਮਾ
Publish Date: Thu, 01 Jan 2026 08:41 PM (IST)
Updated Date: Thu, 01 Jan 2026 08:44 PM (IST)

ਹਨ-ਆਨੰਦ/ਮਹਿਰਾ/ਸ਼ਰਮਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਬੰਗਲਾਦੇਸ਼ ਵਿਚ ਹਿੰਦੂ ਭਾਈਚਾਰੇ ਵਿਰੁੱਧ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਕੇਂਦਰ ਸਰਕਾਰ ਨੂੰ ਬੰਗਲਾਦੇਸ਼ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਉਥੇ ਹਿੰਦੂ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ, ਜ਼ਿਲ੍ਹਾ ਉਪ ਪ੍ਰਧਾਨ ਗੁਲਸ਼ਨ ਮਹਿਰਾ ਅਤੇ ਜ਼ਿਲ੍ਹਾ ਉਪ ਪ੍ਰਧਾਨ ਰਾਜੇਸ਼ ਸ਼ਰਮਾ ਸ਼ੇਖੂਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਵਿਚ ਕੁਝ ਕੱਟੜਪੰਥੀ ਹਿੰਦੂਆਂ ਨੂੰ ਮਾਰ ਰਹੇ ਹਨ ਤੇ ਜ਼ਿੰਦਾ ਸਾੜ ਰਹੇ ਹਨ ਪਰ ਅਜਿਹੇ ਲੋਕਾਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਸਰਕਾਰ ਅਤੇ ਪ੍ਰਸ਼ਾਸਨ ਅੱਖਾਂ ਮੀਟ ਕੇ ਤਮਾਸ਼ਾ ਦੇਖ ਰਿਹਾ ਹੈ। ਇਹ ਬੰਗਲਾਦੇਸ਼ ਵਿਚ ਕੋਈ ਇਕੱਲੀ ਘਟਨਾ ਨਹੀਂ ਹੈ, ਪਹਿਲਾਂ ਵੀ ਅਜਿਹੀਆਂ ਸੈਂਕੜੇ ਘਟਨਾਵਾਂ ਵਾਪਰ ਚੁੱਕੀਆਂ ਹਨ। ਇਨ੍ਹਾਂ ਘਟਨਾਵਾਂ ਵਿਚ ਮੁਸਲਿਮ ਕੱਟੜਪੰਥੀਆਂ ਵੱਲੋਂ ਸੈਂਕੜੇ ਹਿੰਦੂਆਂ ਦਾ ਜਨਤਕ ਤੌਰ ’ਤੇ ਕਤਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਵਿਚ ਘੱਟ ਗਿਣਤੀ ਹਿੰਦੂਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਡਰਾ-ਧਮਕਾ ਕੇ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਮੁਸਲਿਮ ਕੱਟੜਪੰਥੀਆਂ ਦੀਆਂ ਧਮਕੀਆਂ ਨੂੰ ਟਾਲਣ ਵਾਲੇ ਹਿੰਦੂਆਂ ਦਾ ਕਤਲ ਕੀਤਾ ਜਾ ਰਿਹਾ ਹੈ, ਜਦੋਂ ਕਿ ਸਥਾਨਕ ਸਰਕਾਰ ਨੇ ਇਨ੍ਹਾਂ ਕੱਟੜਪੰਥੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿਚ ਦਖਲ ਦੇਣਾ ਚਾਹੀਦਾ ਹੈ ਅਤੇ ਬੰਗਲਾਦੇਸ਼ ਸਰਕਾਰ ਤੇ ਹਿੰਦੂਆਂ ਦੀ ਜਾਨ-ਮਾਲ ਦੀ ਰੱਖਿਆ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਬਾਅ ਪਾਉਣਾ ਚਾਹੀਦਾ ਹੈ। ਆਨੰਦ ਯਾਦਵ ਨੇ ਕਿਹਾ ਕਿ ਬੰਗਲਾਦੇਸ਼ ’ਚ ਹਿੰਦੂਆਂ ਨੂੰ ਧਾਰਮਿਕ ਆਧਾਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਕਿ ਮਨੁੱਖਤਾ ਵਿਰੁੱਧ ਸਿੱਧਾ ਅਪਰਾਧ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਦੇ ਮੈਮਨਸਿੰਘ ਜ਼ਿਲ੍ਹੇ ਦੇ ਦੁਬਾਲੀਆ ਪਾਰਾ ਵਿਚ ਇਕ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਨੂੰ ਧਰਮ ਦਾ ਅਪਮਾਨ ਕਰਨ ਦੇ ਝੂਠੇ ਦੋਸ਼ਾਂ ਵਿਚ ਇਕ ਕੱਟੜਪੰਥੀ ਭੀੜ ਨੇ ਦਰੱਖਤ ਨਾਲ ਬੰਨ੍ਹ ਕੇ ਜ਼ਿੰਦਾ ਸਾੜ ਦਿੱਤਾ। ਇਸ ਤੋਂ ਇਲਾਵਾ ਖੁਲਨਾ ਵਿਚ ਨੌਜਵਾਨ ਉਤਸਵ ਕੁੰਡੂ ਤੇ ਹੋਏ ਘਾਤਕ ਹਮਲੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਥੇ ਹਿੰਦੂਆਂ ਦੀ ਜਾਨ ਅਤੇ ਮਾਲ ਪੂਰੀ ਤਰ੍ਹਾਂ ਅਸੁਰੱਖਿਅਤ ਹੈ। ਆਗੂਆਂ ਨੇ ਕਿਹਾ ਕਿ ਬੰਗਲਾਦੇਸ਼ ਵਿਚ ਇਹ ਘਟਨਾਵਾਂ ਇਕੱਲੀਆਂ ਘਟਨਾਵਾਂ ਨਹੀਂ ਹਨ, ਸਗੋਂ ਘੱਟ ਗਿਣਤੀ ਹਿੰਦੂਆਂ ਦੇ ਵਜੂਦ ਨੂੰ ਖਤਮ ਕਰਨ ਦੀ ਇਕ ਯੋਜਨਾਬੱਧ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਨੰਦ ਯਾਦਵ ਨੇ ਕਿਹਾ ਕਿ ਬੰਗਲਾਦੇਸ਼ ਭਾਰਤੀ ਉਪ ਮਹਾਂਦੀਪ ਦਾ ਇਕ ਅਨਿੱਖੜਵਾਂ ਅੰਗ ਹੈ ਅਤੇ ਇਤਿਹਾਸਕ ਅਤੇ ਸੱਭਿਆਚਾਰਕ ਸਬੰਧਾਂ ਦੇ ਕਾਰਨ, ਇਹ ਭਾਰਤ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਉੱਥੇ ਰਹਿਣ ਵਾਲੇ ਹਿੰਦੂਆਂ ਦੀ ਸੁਰੱਖਿਆ ਲਈ ਸਖ਼ਤ ਕੂਟਨੀਤਕ ਕਦਮ ਚੁੱਕੇ। ਘਟਨਾ ਵਿਚ ਸ਼ਾਮਲ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਬੰਗਲਾਦੇਸ਼ ਵਿਚ ਹਿੰਦੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੰਯੁਕਤ ਰਾਸ਼ਟਰ ਦੀ ਇਕ ਨਿਗਰਾਨੀ ਟੀਮ ਅਤੇ ਸ਼ਾਂਤੀ ਸੈਨਾ ਤਾਇਨਾਤ ਕੀਤੀ ਜਾਣੀ ਚਾਹੀਦੀ ਹੈ।