ਕੇਂਦਰੀ ਸੰਚਾਰ ਬਿਊਰੋ ਨੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਕੇਂਦਰੀ ਸੰਚਾਰ ਬਿਊਰੋ ਨੇ ਹਿੰਦੂ ਕੰਨਿਆ ਕਾਲਜ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Publish Date: Fri, 30 Jan 2026 07:15 PM (IST)
Updated Date: Fri, 30 Jan 2026 07:16 PM (IST)

ਸਾਈਬਰ ਅਪਰਾਧ ਰੋਕਥਾਮ ਤੇ ਵਿਸ਼ੇਸ਼ ਸੈਸ਼ਨ ਵੀ ਆਯੋਜਿਤ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਕੇਂਦਰੀ ਸੰਚਾਰ ਬਿਊਰੋ (ਸੀਬੀਸੀ) ਨੇ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਸਹਿਯੋਗ ਨਾਲ, ਅੰਡਰਗ੍ਰੈਜੂਏਟ ਵਿਦਿਆਰਥੀਆਂ ਤੇ ਫੈਕਲਟੀ ਲਈ ਕੇਂਦਰ ਸਰਕਾਰ ਦੀਆਂ ਵੱਖ-ਵੱਖ ਪ੍ਰਮੁੱਖ ਯੋਜਨਾਵਾਂ ਬਾਰੇ ਇਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ, ਤਾਂ ਜੋ ਉਨ੍ਹਾਂ ਨੂੰ ਇਨ੍ਹਾਂ ਯੋਜਨਾਵਾਂ ਦੇ ਲਾਭ ਪ੍ਰਾਪਤ ਕਰਨ ਬਾਰੇ ਜਾਗਰੂਕ ਕੀਤਾ ਜਾ ਸਕੇ। ਪੰਜਾਬ ਪੁਲਿਸ ਦੇ ਸਾਈਬਰ ਅਪਰਾਧ ਵਿਭਾਗ ਦੇ ਸਹਿਯੋਗ ਨਾਲ ਸਾਈਬਰ ਅਪਰਾਧ ਬਾਰੇ ਜਾਗਰੂਕਤਾ ਤੇ ਇਕ ਵਿਸ਼ੇਸ਼ ਸੈਸ਼ਨ ਵੀ ਆਯੋਜਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਅਰਚਨਾ ਗਰਗ ਵੀ ਮੌਜੂਦ ਰਹੇ। ਕੇਂਦਰੀ ਸੰਚਾਰ ਬਿਊਰੋ ਦੇ ਸਹਾਇਕ ਡਾਇਰੈਕਟਰ ਰਾਜੇਸ਼ ਬਾਲੀ ਨੇ ਸਰੋਤ ਵਿਅਕਤੀਆਂ ਦਾ ਸਵਾਗਤ ਕੀਤਾ ਤੇ ਸਮਾਗਮ ਵਿਚ ਸ਼ਾਮਲ ਲੋਕਾਂ ਨੂੰ ਪ੍ਰੋਗਰਾਮ ਦੇ ਉਦੇਸ਼ਾਂ ਅਤੇ ਭਾਰਤ ਸਰਕਾਰ ਦੀ ਨੋਡਲ ਏਜੰਸੀ ਵਜੋਂ ਸੀਬੀਸੀ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ, ਜੋ ਸਰਕਾਰੀ ਪਹਿਲਕਦਮੀਆਂ, ਯੋਜਨਾਵਾਂ ਅਤੇ ਮੁਹਿੰਮਾਂ ਬਾਰੇ ਜਾਗਰੂਕਤਾ ਫੈਲਾਉਣ ਦਾ ਕੰਮ ਕਰਦੀ ਹੈ। ਜ਼ਿਲ੍ਹਾ ਲੀਡ ਬੈਂਕ ਦੇ ਵਿੱਤੀ ਸਾਖਰਤਾ ਸਲਾਹਕਾਰ ਰਜਨੀਸ਼ ਕਾਂਤ ਨੇ ਮੁਦਰਾ ਯੋਜਨਾ, ਸਕਿੱਲ ਇੰਡੀਆ, ਸਟਾਰਟਅੱਪ ਇੰਡੀਆ ਅਤੇ ਹੋਰ ਬੈਂਕਿੰਗ ਨਾਲ ਸਬੰਧਤ ਯੋਜਨਾਵਾਂ ਤੇ ਇਕ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ। ਸਫਾਈ ਦੀ ਮਹੱਤਤਾ ਤੇ ਚਰਚਾ ਕਰਦੇ ਹੋਏ, ਜ਼ਿਲ੍ਹਾ ਪ੍ਰਸ਼ਾਸਨ ਦੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਮਾਹਰ ਤਰਨੇਂਦਰਜੀਤ ਸਿੰਘ ਨੇ ਸਫਾਈ ਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਤੇ ਇਕ ਭਾਸ਼ਣ ਦਿੱਤਾ ਤੇ ਵਾਤਾਵਰਣ ਦੀ ਰਾਖੀ ਦੇ ਪ੍ਰਭਾਵਸ਼ਾਲੀ ਢੰਗ-ਤਰੀਕਿਆਂ ਤੇ ਚਾਨਣਾ ਪਾਇਆ। ਮੋਹਾਲੀ ਤੋਂ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਵਿੰਗ ਦੇ ਇੰਸਪੈਕਟਰ ਜੁਝਾਰ ਸਿੰਘ ਨੇ ਪ੍ਰਚਲਿਤ ਸਾਈਬਰ ਅਪਰਾਧਾਂ ਤੇ ਇਕ ਵਿਸਥਾਰਪੂਰਵਕ ਭਾਸ਼ਣ ਦਿੱਤਾ ਤੇ ਵਿਦਿਆਰਥੀਆਂ ਨੂੰ ਖੁਦ ਨੂੰ ਇਸ ਤੋਂ ਬਚਾਉਣ ਦੇ ਢੰਗ-ਤਰੀਕਿਆਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਅਜਿਹੇ ਅਪਰਾਧਾਂ ਦੀ ਪਛਾਣ ਕਰਨ ਤੇ ਰੋਕਥਾਮ ਦੇ ਢੰਗਾਂ ਦੇ ਨਾਲ-ਨਾਲ ਸਾਈਬਰ ਅਪਰਾਧ ਦੀਆਂ ਘਟਨਾਵਾਂ ਦੀ ਰਿਪੋਰਟ ਕਰਨ ਦੀ ਪ੍ਰਕਿਰਿਆ ਬਾਰੇ ਵੀ ਦੱਸਿਆ। ਇੰਸਪੈਕਟਰ ਨੇ ਸਾਈਬਰ ਹੈਲਪਲਾਈਨ ਨੰਬਰ 1930 ਤੇ ਸਬੰਧਤ ਵੈੱਬਸਾਈਟ ਬਾਰੇ ਮਹੱਤਵਪੂਰਨ ਜਾਣਕਾਰੀ ਵੀ ਸਾਂਝੀ ਕੀਤੀ, ਜਿਸ ਨਾਲ ਵਿਦਿਆਰਥੀਆਂ ਨੂੰ ਲੋੜ ਪੈਣ ਤੇ ਸਹਾਇਤਾ ਲੈਣ ਸਬੰਧੀ ਜਾਣਕਾਰੀ ਹਾਸਲ ਹੋਈ। ਸ਼ਹੀਦੀ ਦਿਵਸ ਦੇ ਮੌਕੇ ਤੇ ਮਹਾਤਮਾ ਗਾਂਧੀ ਨੂੰ ਸਮਰਪਿਤ ਸਵੱਛਤਾ ਸਹੁੰ ਵੀ ਚੁੱਕੀ ਗਈ। ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਵਜੋਂ ਕਾਲਜ ਕੈਂਪਸ ਦੇ ਬਾਹਰ ਇਕ ਸਫਾਈ ਮੁਹਿੰਮ ਵੀ ਚਲਾਈ ਗਈ। ਇਸ ਤੋਂ ਇਲਾਵਾ ਸਵੱਛਤਾ ਅਤੇ ਬੇਟੀ ਬਚਾਓ, ਬੇਟੀ ਪੜ੍ਹਾਓ ਤੇ ਅਧਾਰਤ ਨੁੱਕੜ ਨਾਟਕਾਂ ਦੇ ਨਾਲ-ਨਾਲ ਇਕ ਪ੍ਰਸ਼ਨੋਤਰੀ ਵੀ ਕਰਵਾਈ ਗਈ।