15 ਮਈ ਤੋਂ ਸ਼ੁਰੂ ਹੋਵੇਗੀ ਮਰਦਮਸ਼ੁਮਾਰੀ
15 ਮਈ ਤੋਂ ਸ਼ੁਰੂ ਹੋਵੇਗੀ ਮਰਦਮਸ਼ੁਮਾਰੀ
Publish Date: Fri, 06 Mar 2026 06:38 PM (IST)
Updated Date: Fri, 06 Mar 2026 06:42 PM (IST)

--ਜਨਗਣਨਾ ਸਬੰਧੀ ਸਮੂਹ ਚਾਰਜ ਅਫਸਰ ਤੇ ਸਟਾਫ਼ ਦੀ ਸਿਖਲਾਈ --ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ ਦੇ ਹੁਕਮ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : 15 ਮਈ ਤੋਂ ਸੂਬੇ ਭਰ ਵਿਚ ਪਹਿਲੀ ਵਾਰ ਡਿਜੀਟਲ ਤਰੀਕੇ ਨਾਲ ਕਰਵਾਈ ਜਾ ਰਹੀ ਜਨਗਣਨਾ ਸਬੰਧੀ ਸਮੂਹ ਚਾਰਜ ਅਫਸਰ ਤੇ ਜਨਗਣਨਾ ਸਟਾਫ਼ ਦੀ ਟ੍ਰੇਨਿੰਗ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਕਮਿਸ਼ਨਰ ਨਗਰ ਨਿਗਮ ਕਪੂਰਥਲਾ ਅਨੁਪਮ ਕਲੇਰ, ਕਮਿਸ਼ਨਰ ਨਗਰ ਨਿਗਮ ਫਗਵਾੜਾ ਸ਼ਿਖਾ ਭਗਤ, ਐੱਸਡੀਐੱਮ ਕਪੂਰਥਲਾ ਮੇਜਰ ਡਾ. ਇਰਵਿਨ ਕੌਰ, ਐੱਸਡੀਐੱਮ ਭੁਲੱਥ ਰੁਪਿੰਦਰਪਾਲ ਸਿੰਘ, ਐੱਸਡੀਐੱਮ ਸੁਲਤਾਨਪੁਰ ਲੋਧੀ ਅਮਨਪਾਲ ਸਿੰਘ , ਸਹਾਇਕ ਕਮਿਸ਼ਨਰ ਰਣਦੀਪ ਸਿੰਘ ਤੇ ਜਗਪਾਲ ਸਿੰਘ ਸਹਾਇਕ ਰਿਸਰਚ ਅਫਸਰ ਹਾਜ਼ਰ ਸਨ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਜਨਗਣਨਾ ਦੇ ਕੰਮ ਨੂੰ ਸੁਚਾਰੂ ਤੇ ਪਾਰਦਰਸ਼ੀ ਢੰਗ ਨਾਲ ਕਰਨ ਲਈ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਚਰਚਾ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਨਗਣਨਾ ਨਾਲ ਜੁੜੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਕੀਤੀਆਂ ਜਾਣ। ਇਸ ਦੇ ਨਾਲ ਹੀ ਐਨਿਊਮੇਰੇਟਰਾਂ ਤੇ ਸੁਪਰਵਾਈਜ਼ਰਾਂ ਦੀ ਟ੍ਰੇਨਿੰਗ, ਲੋੜੀਂਦੇ ਸਾਜ਼ੋ-ਸਾਮਾਨ ਤੇ ਤਕਨੀਕੀ ਸਹੂਲਤਾਂ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ ਤਾਂ ਜੋ ਜਨਗਣਨਾ ਦੀ ਪ੍ਰਕਿਰਿਆ ਦੌਰਾਨ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਉਨ੍ਹਾਂ ਹੁਕਮ ਦਿੱਤੇ ਕਿ ਲੋਕਾਂ ਨੂੰ ਜਨਗਣਨਾ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇ ਤੇ ਅਪੀਲ ਕੀਤੀ ਜਾਵੇ ਕਿ ਉਹ ਗਿਣਤੀ ਕਰਨ ਵਾਲੇ ਕਰਮਚਾਰੀਆਂ ਨਾਲ ਪੂਰਾ ਸਹਿਯੋਗ ਕਰਨ ਤੇ ਸਹੀ ਜਾਣਕਾਰੀ ਪ੍ਰਦਾਨ ਕਰਨ। ਇਸ ਮੌਕੇ ਜਨਗਣਨਾ ਵਿਭਾਗ ਪੰਜਾਬ ਤੋਂ ਸਹਾਇਕ ਡਾਇਰੈਕਟਰ ਮੈਡਮ ਸੁਪ੍ਰੀਆ ਤੇ ਸਟੈਟੀਕਲ ਇਨਵੈਸਟੀਗੇਟਰ ਗਰੇਡ-2 ਪੰਕਜ ਵੱਲੋਂ ਸਿਖਲਾਈ ਦੌਰਾਨ ਜਨਗਣਨਾ ਸਬੰਧੀ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ।