ਐਪ੍ਰਲ ਫੂਲ' ਨੂੰ 'ਐਪ੍ਰਲ ਕੂਲ' ਵਜੋਂ ਮਨਾਉਣਾ ਅਜੋਕੇ ਸਮੇਂ ਦੀ ਮੁੱਖ ਲੋੜ--ਭਾਟੀਆ

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਮਨੁੱਖ ਨੇ ਕੁਦਰਤ ਤੋਂ ਬਹੁਤ ਕੁਝ ਸਿੱਖਿਆ ਹੈ, ਵੈਸੇ ਇਹ ਵੀ ਕਿਹਾ ਜਾਂਦਾ ਹੈ ਕਿ ਸਭ ਕੁਝ ਹੀ ਕੁਦਰਤ ਦੇ ਨਿਯਮ ਵਿਚੋਂ ਲੱਭਿਆ ਤੇ ਵਿਕਸਿਤ ਕੀਤਾ ਗਿਆ ਹੈ। ਮਨੁੱਖ ਨੇ ਜਿੰਨਾ ਵੀ ਵਿਗਿਆਨਕ ਨਿਯਮਾਂ ਨੂੰ ਅੱਜ ਸਮਝਿਆ ਹੈ, ਉਹ ਜ਼ਰੂਰ ਉਸਦੀ ਬੁੱਧੀ ਦਾ ਨਤੀਜਾ ਹੈ, ਪਰ ਉਸ ਨੇ ਸਿੱਖਿਆ ਕੁਦਰਤ ਕੋਲੋਂ ਹੈ। ਫਿਰ ਵੀ ਕਿਉਂ ਸਾਰੀ ਮਨੁੱਖਤਾ ਕੁਦਰਤ ਨੂੰ ਪਿਆਰ ਕਰਨ, ਹਮਦਰਦੀ ਵਾਲੀ ਸਾਂਝ ਰੱਖਣ ਤੋਂ ਦੂਰ ਹੋ ਰਹੀ ਹੈ। ਕਿਉਂ ਨਾ ਅਪ੍ਰੈਲ ਫੂਲ ਨੂੰ ਯਾਦ ਕਰਦਿਆਂ ਐਪ੍ਰਲ ਕੂਲ ਵਜੋਂ ਮਨਾਉਂਦਿਆਂ ਇਕ-ਇਕ, ਦੋ-ਦੋ ਫੁੱਲਦਾਰ, ਫਲਦਾਰ ਰੁੱਖ ਜ਼ਰੂਰ ਲਗਾਈਏ ਤੇ ਪੁਰਾਣੇ ਰੁੱਖਾਂ ਦੀ ਸੰਭਾਲ ਕਰਨ ਦੀ ਕਸਮ ਖਾਈਏ। ਫੁੱਲ ਖਿੜਦੇ ਹਨ, ਫਲ ਲੱਗਦੇ ਹਨ, ਸਬਜ਼ੀਆਂ- ਫ਼ਸਲਾਂ ਉੱਗਦੀਆਂ ਹਨ, ਇਹ ਸਭ ਪਹਿਲੋਂ ਵੀ ਸਨ। ਮਨੁੱਖ ਨੇ ਤਰਤੀਬ ਵਿਚ ਕਰਨ ਦਾ ਯਤਨ ਕੀਤਾ ਹੈ। ਜੰਗਲ ਦੀ ਬੇਤਰਤੀਬੀ ਤੋਂ ਖੇਤਾਂ ਵਿਚ ਬਦਲ ਲਿਆ ਹੈ। ਕੁਦਰਤ ਦੇ ਕਾਰਜ ਨੂੰ ਹੋਰ ਵਧੇਰੇ ਵਿਉਂਤਬੱਧ ਕਰਨ ਦਾ ਯਤਨ ਕੀਤਾ ਹੈ। ਫੁੱਲਾਂ ਦੀਆਂ ਕਤਾਰਾਂ ਹੁਣ ਵੱਧ ਸੋਹਣੀਆਂ ਲੱਗਦੇ ਹਨ ਪਰ ਇਕ ਗੱਲ ਗੌਰ ਕਰਨ ਵਾਲੀ ਹੈ ਜੇ ਕੋਈ ਚਾਹੇ ਗਰਮੀ ਦੇ ਫ਼ਲ ,ਬੂਟਿਆਂ ਤੇ ਫਸਲਾਂ ਦੇ ਚੱਕਰ ਨੂੰ ਉਲਟਾ ਕਰ ਦੇਵੇ, ਇਹ ਨਹੀਂ ਹੋ ਸਕਦਾ। ਫ਼ਸਲ ਉਗੇਗੀ, ਕੁਦਰਤ ਦੇ ਮੁਤਾਬਕ, ਪਰ ਕਿੰਨੀ ਬੀਜਣੀ ਹੈ, ਕਿੰਨੇ ਰਕਬੇ ’ਚ ਬੀਜਣੀ ਹੈ, ਇਹ ਮਨੁੱਖ ਜ਼ਰੂਰ ਤੈਅ ਕਰ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜੀਵਨ ਬੀਮਾ ਨਿਗਮ ਦੇ ਚੀਫ ਆਰਗੇਨਾਈਜ਼ਰ ਤੇ ਸਮਾਜ ਸੇਵੀ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਪ੍ਰੇਰਿਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਕੁਦਰਤ ਦੇ ਵਿਰੋਧ ਵਿਚ ਖੜ੍ਹੇ ਹੋ ਕੇ ਆਪਣਾ ਵਿਨਾਸ਼ ਨਹੀਂ ਕਰਨਾ ਚਾਹੀਦਾ। ਮਨੁੱਖੀ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਮਨੁੱਖ ਆਪਣੇ ਆਲੇ-ਦੁਆਲੇ ਤੇ ਆਪਣੇ-ਆਪ ਬਾਰੇ ਚੇਤੰਨ ਹੋਵੇ। ਗੁਰਬਾਣੀ ਵਿਚ ਚੌਗਿਰਦੇ ਦੇ ਵਿਸ਼ਾਲ ਪਸਾਰੇ ਨੂੰ ਕੁਦਰਤ ਦਾ ਨਾਮ ਦਿੱਤਾ ਗਿਆ ਹੈ ਜਿਸ ਨੂੰ ਕਾਦਰ (ਪਰਮਾਤਮਾ) ਦੀ ਸਿਰਜਣਾ ਮੰਨਿਆ ਗਿਆ ਤੇ ਕਾਦਰ ਵੀ ਇਸ ਵਿਚ ਸਮਾਇਆ ਹੋਇਆ ਹੈ। ਭਾਟੀਆ ਨੇ ਕਿਹਾ ਕਿ ਗੁਰਬਾਣੀ ਵਿਚ ਮਨੁੱਖੀ ਜੀਵਨ ਦਾ ਉਦੇਸ਼ ਕੁਦਰਤ ਦੀ ਸਿਰਜਣਾ ਕਰਨ ਵਾਲੇ ਕਾਦਰ ਤਕ ਪੁੱਜਣਾ ਹੈ, ਕਾਦਰ ਤੱਕ ਸਿੱਧੇ ਤੇ ਸੌਖੇ ਨਹੀਂ ਪਹੁੰਚਿਆ ਜਾ ਸਕਦਾ। ਕਾਦਰ ਤਕ ਪਹੁੰਚਣ ਲਈ ਕੁਦਰਤ ਦੇ ਸਹਾਰੇ ਦੀ ਲੋੜ ਪੈਂਦੀ ਹੈ। ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਕਿਹਾ ਕਿ ਮਨੁੱਖਤਾ ਦੇ ਉਜਵੱਲ ਭਵਿੱਖ ਨੂੰ ਸਮਰਪਿਤ ਹੁੰਦਿਆਂ ਸਮਝੀਏ ਕਿ ਕੁਦਰਤ ਵਿਚਲੀ ਹਰ ਵਸਤੂ ਮਨੁੱਖੀ ਜੀਵਨ ਦੇ ਵਿਕਾਸ ਲਈ ਜ਼ਰੂਰੀ ਹੈ ਅਤੇ ਇਸ ਦਾ ਨਾਸ ਨਾ ਕੀਤਾ ਜਾਵੇ ਕਿਉਂਕਿ ਵਾਤਾਵਰਣ ’ਚ ਫੈਲੀ ਗੰਦਗੀ ਚਿੰਤਾ ਦਾ ਵਿਸ਼ਾ ਹੈ, ਇਹ ਗੰਦਗੀ ਮਨੁੱਖ ਨੇ ਆਪ ਪੈਦਾ ਕੀਤੀ। ਅਸੀਂ ਕੁਦਰਤ ਦੇ ਇਸ ਨਿਯਮ ਤੋਂ ਕੁਝ ਸਿੱਖਣ ਦੀ ਬਜਾਏ ਇਸ ਨੂੰ ਬਰਬਾਦ ਕਰਨ ਵੱਲ ਲੱਗੇ ਹੋਏ ਹਾਂ। ਕੁਦਰਤ ਨੂੰ ਲਗਾਤਾਰ ਮਲੀਨ ਕਰਦੇ ਮਨੁੱਖ ਇਹ ਆਸ ਕਰਦਾ ਹੈ ਕੁਦਰਤ ਉਸ ਨੂੰ ਸਦੀਵੀ ਸੁੱਖਾਂ ਨਾਲ ਨਿਵਾਜ਼ਦੀ ਰਹੇ ਇਹ ਮਨੁੱਖ ਦੀ ਬਹੁਤ ਵੱਡੀ ਭੁੱਲ ਹੈ। ਭਾਟੀਆ ਨੇ ਕਿਹਾ ਕਿ ਆਉ ਰਲ ਕੇ ਇਸ 'ਐਪ੍ਰਲ ਫੂਲ ਮਨਾਉਣ ਦੀ ਬਜਾਏ' ਐਪ੍ਰਲ ਕੂਲ' ਮਨਾਈਏ, ਇਸ ਦਿਨ ਅਸੀਂ ਵੱਧ ਤੋਂ ਵੱਧ ਦਰੱਖਤ ਲਗਾਈਏ ਤੇ ਮਹੀਨੇ, ਸਾਲ ਤੇ ਆਪਣੇ ਆਉਣ ਵਾਲੀ ਪੀੜ੍ਹੀ, ਭਵਿੱਖ ਨੂੰ ਸ਼ੁੱਧ ਤੇ ਹਰਿਆਵਲਤਾ ਭਰਿਆ ਵਾਤਾਵਰਨ ਦੇ ਸਕੀਏ।