ਇਸਾਈਆਂ ਦੇ ਭਖਦੇ ਮੁੱਦਿਆਂ ਨੂੰ ਚੁੱਕੇਗਾ ਸੀਐੱਨਐੱਫ
ਸੀ.ਬੀ.ਐਮ ਤੇ ਸੀ.ਐਨ.ਐਫ ਭਖਦੇ ਮੁੱਦਿਆਂ ਬਾਰੇ ਰਾਸ਼ਟਰਪਤੀ ਦੇ ਨਾਂ 'ਤੇ ਡੀ.ਸੀ ਨੂੰ ਦੇਣਗੇ ਮੰਗ ਪੱਤਰ
Publish Date: Sun, 11 Jan 2026 09:20 PM (IST)
Updated Date: Sun, 11 Jan 2026 09:21 PM (IST)
ਰਾਸ਼ਟਰਪਤੀ ਦੇ ਨਾਂ 'ਤੇ ਡੀਸੀ ਨੂੰ ਦਿੱਤਾ ਜਾਵੇਗਾ ਮੰਗ ਪੱਤਰ
15 ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ ਹੋਵੇਗਾ ਐਕਸ਼ਨ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਚਰਚ ਬਚਾਓ ਮੋਰਚਾ (ਸੀਬੀਐੱਮ) ਤੇ ਕ੍ਰਿਸ਼ਚੀਅਨ ਨੈਸ਼ਨਲ ਫਰੰਟ (ਸੀਐੱਨਐੱਫ) ਵੱਲੋਂ 15 ਨੂੰ ਮਾਣਯੋਗ ਰਾਸ਼ਟਰਪਤੀ ਭਾਰਤ ਸਰਕਾਰ ਦੇ ਨਾਂ 'ਤੇ ਡੀਸੀ ਕਪੂਰਥਲਾ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਇਸ ਮੰਗ ਪੱਤਰ ਵਿਚ ਇਸਾਈ ਭਾਈਚਾਰੇ ਨਾਲ ਸਬੰਧਤ ਕੌਮੀ ਤੇ ਖੇਤਰੀ ਮਸਲੇ ਸ਼ਾਮਲ ਕੀਤੇ ਗਏ ਹਨ। ਇਹ ਜਾਣਕਾਰੀ ਚਰਚ ਬਚਾਓ ਮੋਰਚੇ ਦੇ ਪ੍ਰਮੁੱਖ ਜੋਗਾ ਸਿੰਘ ਅਟਵਾਲ ਨੇ ਸਥਾਨਕ ਚੋਣਵੇਂ ਪੱਤਰਕਾਰਾਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਮਨਰੇਗਾ ਸਕੀਮ ਵਿਚ ਬੇਲੋੜਾ ਬਦਲਾਅ ਕੀਤਾ ਗਿਆ ਹੈ, ਉਸ ਨੂੰ ਵਾਪਸ ਲੈਣ ਅਤੇ ਭਾਜਪਾ ਰਾਜਾਂ ਵਿਚ ਚਰਚਾਂ ਉੱਪਰ ਹਮਲੇ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਵਾਉਣਾ ਇਸ ਦਾ ਮਕਸਦ ਹੈ। ਇਹ ਪ੍ਰਕ੍ਰਿਆ 15 ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਕੌਮੀ ਪ੍ਰਧਾਨ ਲਾਰੈਂਸ ਚੌਧਰੀ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਪੱਧਰ 'ਤੇ ਚਰਚ ਬਚਾਓ ਮੋਰਚੇ' ਵੱਲੋਂ ਪੁਰਾਤਨ ਚਰਚ ਜਿਸ ਨੂੰ ਕਲੱਬ ਵਿਚ ਤਬਦੀਲ ਕੀਤਾ ਗਿਆ ਹੈ, ਦੀ ਰਿਹਾਈ ਕਰਵਾਉਣ ਦੇ ਨਾਲ-ਨਾਲ ਜ਼ਿਲ੍ਹੇ ਅੰਦਰ ਕਬਰਸਤਾਨ ਦੀ ਵਿਵਸਥਾ ਕਰਨ ਦੀ ਵੀ ਮੰਗ ਰੱਖੀ ਜਾ ਰਹੀ ਹੈ।