ਪੈਰਾਂ ਦੀਆਂ ਉਂਗਲੀਆਂ ’ਚ ਹੋਣ ਵਾਲੀਆਂ ਭੌਰੀਆਂ ਦੇ ਕਾਰਨ, ਲੱਛਣ ਤੇ ਇਲਾਜ
ਪੈਰਾਂ ਦੀਆਂ ਉਂਗਲੀਆਂ ਵਿੱਚ ਹੋਣ ਵਾਲੀਆਂ ਭੌਰੀਆਂ ਦੇ ਕਾਰਨ, ਲੱਛਣ ਅਤੇ ਇਲਾਜ
Publish Date: Mon, 16 Mar 2026 10:18 PM (IST)
Updated Date: Mon, 16 Mar 2026 10:22 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਅੱਜ-ਕੱਲ੍ਹ ਕਈ ਲੋਕ ਪੈਰਾਂ ਦੀਆਂ ਉਂਗਲੀਆਂ ਵਿਚ ਬਣਨ ਵਾਲੀਆਂ ਭੌਰੀਆਂ (ਕੋਰਨ) ਦੀ ਸਮੱਸਿਆ ਤੋਂ ਪੀੜਤ ਹਨ। ਇਹ ਸਮੱਸਿਆ ਖਾਸ ਕਰਕੇ ਉਨ੍ਹਾਂ ਲੋਕਾਂ ਵਿਚ ਵੱਧ ਦੇਖੀ ਜਾਂਦੀ ਹੈ, ਜੋ ਤੰਗ ਜੁੱਤੇ ਪਹਿਨਦੇ ਹਨ ਜਾਂ ਲੰਬੇ ਸਮੇਂ ਤੱਕ ਖੜ੍ਹੇ ਰਹਿ ਕੇ ਕੰਮ ਕਰਦੇ ਹਨ। ਹਾਲਾਂਕਿ ਇਹ ਇਕ ਆਮ ਚਮੜੀ ਦੀ ਸਮੱਸਿਆ ਹੈ ਪਰ ਸਮੇਂ ਸਿਰ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਦਰਦਨਾਕ ਸਾਬਤ ਵੀ ਹੋ ਸਕਦੀ ਹੈ। ਭੌਰੀਆਂ ਕੀ ਹੁੰਦੀਆਂ ਹਨ : ਭੌਰੀਆਂ ਪੈਰਾਂ ਦੀਆਂ ਉਂਗਲੀਆਂ ਜਾਂ ਤਲਵਿਆਂ ਉੱਤੇ ਬਣਨ ਵਾਲੀ ਸਖ਼ਤ ਤੇ ਮੋਟੀ ਚਮੜੀ ਹੁੰਦੀ ਹੈ। ਜਦੋਂ ਚਮੜੀ ਉੱਤੇ ਵਾਰ-ਵਾਰ ਦਬਾਅ ਜਾਂ ਘਸਾਅ ਪੈਂਦਾ ਹੈ ਤਾਂ ਉਹ ਜਗ੍ਹਾ ਮੋਟੀ ਹੋ ਕੇ ਭੌਰੀ ਦਾ ਰੂਪ ਧਾਰ ਲੈਂਦੀ ਹੈ। ਭੌਰੀਆਂ ਹੋਣ ਦੇ ਮੁੱਖ ਕਾਰਨ : ਤੰਗ ਜਾਂ ਗਲਤ ਆਕਾਰ ਦੇ ਜੁੱਤੇ ਪਹਿਨਣਾ, ਲੰਬੇ ਸਮੇਂ ਤੱਕ ਖੜ੍ਹੇ ਰਹਿ ਕੇ ਕੰਮ ਕਰਨਾ, ਪੈਰਾਂ ਦੀ ਸਫ਼ਾਈ ਦਾ ਧਿਆਨ ਨਾ ਰੱਖਣਾ, ਬਿਨਾਂ ਜ਼ੁਰਾਬਾਂ ਦੇ ਜੁੱਤੇ ਪਹਿਨਣਾ, ਪੈਰਾਂ ਦੀ ਬਣਤਰ ਵਿਚ ਗੜਬੜ ਹੋਣਾ ਆਦਿ ਕਾਰਨ ਹੋ ਸਕਦੇ ਹਨ। ਲੱਛਣ : ਡਾ. ਕੁਲਦੀਪ ਕਲੇਰ ਐੱਮਬੀਬੀਐੱਸ, ਐੱਮਡੀ, ਐਕਸ ਪੀਜੀਆਈ ਚੰਡੀਗੜ੍ਹ ਨੇ ਦੱਸਿਆ ਕਿ ਇਸਦੇ ਲੱਛਣ ਇਹ ਹੁੰਦੇ ਹਨ ਕਿ ਮਰੀਜ਼ ਦੀਆਂ ਉਂਗਲੀਆਂ ਵਿਚ ਸਖ਼ਤ ਗੋਲ ਗੱਠ ਬਣ ਜਾਣਾ, ਤੁਰਨ ਵੇਲੇ ਦਰਦ ਜਾਂ ਜਲਨ ਹੋਣਾ, ਚਮੜੀ ਦਾ ਮੋਟਾ ਤੇ ਸਖ਼ਤ ਹੋ ਜਾਣਾ, ਕਈ ਵਾਰ ਸੋਜ਼ ਜਾਂ ਲਾਲੀ ਵੀ ਹੋ ਸਕਦੀ ਹੈ। ਡਾ. ਕੁਲਦੀਪ ਕਲੇਰ ਨੇ ਇਸ ਤੋਂ ਬਚਾਅ ਦੇ ਤਰੀਕੇ ਦਸਦਿਆਂ ਕਿਹਾ ਕਿ ਹਮੇਸ਼ਾ ਆਰਾਮਦਾਇਕ ਤੇ ਠੀਕ ਆਕਾਰ ਦੇ ਜੁੱਤੇ ਪਹਿਨੋ, ਪੈਰਾਂ ਨੂੰ ਰੋਜ਼ ਧੋ ਕੇ ਸਾਫ਼ ਜ਼ੁਰਾਬਾਂ ਪਹਿਨੋ, ਪੈਰਾਂ ਦੀ ਚਮੜੀ ਨੂੰ ਨਰਮ ਰੱਖਣ ਲਈ ਮੁਆਇਸਚਰਾਈਜ਼ਰ ਦੀ ਵਰਤੋ ਕਰੋ। ਇਲਾਜ : ਦਵਾਈ ਵਾਲੀਆਂ ਕ੍ਰੀਮਾਂ ਜਾਂ ਪਲਾਸਟਰ ਲਗਾਏ ਜਾਂਦੇ ਹਨ, ਗਰਮ ਪਾਣੀ ਵਿਚ ਪੈਰ ਭਿਗੋ ਕੇ ਮੋਟੀ ਚਮੜੀ ਹੌਲੀ-ਹੌਲੀ ਹਟਾਈ ਜਾਂਦੀ ਹੈ, ਜੇ ਭੌਰੀ ਵੱਧ ਵੱਡੀ ਹੋਵੇ ਤਾਂ ਡਾਕਟਰ ਵੱਲੋਂ ਛੋਟੀ ਮੈਡੀਕਲ ਪ੍ਰੋਸੀਜਰ ਨਾਲ ਹਟਾਈ ਜਾਂਦੀ ਹੈ। ਜੇ ਭੌਰੀਆਂ ਵਿਚ ਵੱਧ ਦਰਦ ਹੋਵੇ ਜਾਂ ਵਾਰ-ਵਾਰ ਬਣਦੀਆਂ ਰਹਿਣ ਤਾਂ ਖੁਦ ਇਲਾਜ ਕਰਨ ਦੀ ਬਜਾਏ ਚਮੜੀ ਦੇ ਮਾਹਿਰ ਡਾਕਟਰ ਨਾਲ ਜ਼ਰੂਰ ਸਲਾਹ ਕਰਨੀ ਚਾਹੀਦੀ ਹੈ। ਸਮੇਂ ਸਿਰ ਇਲਾਜ ਨਾਲ ਇਸ ਸਮੱਸਿਆ ਤੋਂ ਆਸਾਨੀ ਨਾਲ ਰਾਹਤ ਮਿਲ ਸਕਦੀ ਹੈ।