ਮਨੀ ਐਕਸਚੇਂਜਰ ਦੀ ਦੁਕਾਨ ਤੋਂ 1.20 ਲੱਖ ਦੀ ਨਕਦੀ ਚੋਰੀ
ਮਨੀ ਐਕਸਚੇਂਜਰ ਦੀ ਦੁਕਾਨ ਤੋਂ ਕਰੀਬ 1.20 ਲੱਖ ਰੁਪਏ ਦੀ ਨਕਦੀ ਚੋਰੀ
Publish Date: Tue, 07 Apr 2026 08:58 PM (IST)
Updated Date: Tue, 07 Apr 2026 09:02 PM (IST)

ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੇ ਮੁੱਖ ਇਲਾਕੇ ਸ਼੍ਰੀ ਸਤਿ ਨਾਰਾਇਣ ਬਾਜ਼ਾਰ ਵਿਚ ਦਿਨ-ਦਿਹਾੜੇ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿਸ ਵਿਚ ਇਕ ਮਨੀ ਐਕਸਚੇਂਜਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਣਪਛਾਤੇ ਨੌਜਵਾਨ ਨੇ ਕਰੀਬ 1.20 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਦੋਸ਼ੀ ਜਾਂਦੇ ਸਮੇਂ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਦਾ ਮੈਮੋਰੀ ਕਾਰਡ ਵੀ ਕੱਢ ਕੇ ਨਾਲ ਲੈ ਗਿਆ ਤਾਂ ਜੋ ਉਸਦੀ ਪਛਾਣ ਨਾ ਹੋ ਸਕੇ। ਇਸ ਦੀ ਪੁਸ਼ਟੀ ਡੀਐੱਸਪੀ ਸਬ ਡਿਵੀਜ਼ਨ ਸ਼ੀਤਲ ਸਿੰਘ ਨੇ ਕਰਦੇ ਹੋਏ ਦੱਸਿਆ ਕਿ ਬਾਜ਼ਾਰ ਦੀ ਇਕ ਹੋਰ ਦੁਕਾਨ ਦੇ ਬਾਹਰ ਲੱਗੇ ਕੈਮਰੇ ਵਿਚ ਸ਼ੱਕੀ ਕੈਦ ਹੋਇਆ ਹੈ, ਜਿਸ ਦੇ ਆਧਾਰ ‘ਤੇ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਪੀੜਤ ਅਰਵਿੰਦਰ ਸਿੰਘ, ਜੋ ਸਤਿ ਨਾਰਾਇਣ ਬਾਜ਼ਾਰ ਵਿਚ ਏਵੀ ਐਂਟਰਪ੍ਰਾਈਜ਼ਿਜ਼ ਦੇ ਨਾਮ ਨਾਲ ਵੈਸਟਰਨ ਯੂਨੀਅਨ ਦਾ ਕੰਮ ਕਰਦਾ ਹੈ ਨੇ ਦੱਸਿਆ ਕਿ ਦੁਪਹਿਰ ਸਮੇਂ ਇਕ ਨੌਜਵਾਨ ਉਸ ਦੀ ਦੁਕਾਨ ‘ਤੇ ਆਇਆ ਤੇ ਆਧਾਰ ਕਾਰਡ ਬਣਵਾਉਣ ਬਾਰੇ ਪੁੱਛਣ ਲੱਗਾ। ਜਦੋਂ ਉਸਨੂੰ ਦੱਸਿਆ ਗਿਆ ਕਿ ਇਥੇ ਇਹ ਸਹੂਲਤ ਉਪਲਬਧ ਨਹੀਂ ਹੈ, ਤਾਂ ਉਹ ਉੱਥੋਂ ਚਲਾ ਗਿਆ। ਕੁਝ ਸਮੇਂ ਬਾਅਦ ਅਰਵਿੰਦਰ ਸਿੰਘ ਆਪਣੇ ਕਿਸੇ ਕੰਮ ਲਈ ਬੈਂਕ ਚਲੇ ਗਏ। ਪੀੜਤ ਅਨੁਸਾਰ, ਲਗਭਗ 10–15 ਮਿੰਟਾਂ ਬਾਅਦ ਜਦੋਂ ਉਹ ਦੁਕਾਨ ‘ਤੇ ਵਾਪਸ ਆਇਆ ਤਾਂ ਦੇਖਿਆ ਕਿ ਕਾਊਂਟਰ ਦਾ ਗੱਲਾ ਟੁੱਟਿਆ ਹੋਇਆ ਸੀ ਤੇ ਸੀਸੀਟੀਵੀ ਕੈਮਰੇ ਦਾ ਰੁਖ ਕੰਧ ਵੱਲ ਕੀਤਾ ਹੋਇਆ ਸੀ। ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਗੱਲੇ ਵਿਚੋਂ 1.20 ਲੱਖ ਰੁਪਏ ਦੀ ਨਕਦੀ ਗਾਇਬ ਸੀ। ਦੋਸ਼ੀ ਚੋਰ ਦੁਕਾਨ ਵਿਚ ਲੱਗੇ ਕੈਮਰੇ ਦਾ ਮੈਮੋਰੀ ਕਾਰਡ ਵੀ ਨਾਲ ਲੈ ਗਿਆ। ਘਟਨਾ ਤੋਂ ਬਾਅਦ ਥਾਣਾ ਸਿਟੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਣਪਛਾਤੇ ਦੋਸ਼ੀ ਖ਼ਿਲਾਫ਼ ਐੱਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਸਬ ਡਿਵੀਜ਼ਨ ਸ਼ੀਤਲ ਸਿੰਘ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਘਟਨਾ ਸਥਾਨ ਦੇ ਨੇੜੇ ਲੱਗੇ ਹੋਰ ਸੀਸੀਟੀਵੀ ਕੈਮਰਿਆਂ ਵਿਚ ਇਕ ਸ਼ੱਕੀ ਨੌਜਵਾਨ ਕੈਦ ਹੋਇਆ ਹੈ। ਫੁਟੇਜ ਦੇ ਆਧਾਰ ‘ਤੇ ਦੋਸ਼ੀ ਦੀ ਪਛਾਣ ਤੇ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ। ਇਸ ਘਟਨਾ ਤੋਂ ਬਾਅਦ ਬਾਜ਼ਾਰ ਦੇ ਵਪਾਰੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ ਤੇ ਸੁਰੱਖਿਆ ਨੂੰ ਲੈ ਕੇ ਦੁਕਾਨਦਾਰਾਂ ਦੀ ਚਿੰਤਾ ਵੱਧ ਗਈ ਹੈ।