ਮਜੀਠੀਆ ਵਿਰੁੱਧ ਕੇਸ ਝੂਠੇ, ਇਸ ਲਈ ਮਿਲੀ ਜ਼ਮਾਨਤ : ਸਿੱਧੂ
ਬਿਕਰਮ ਸਿੰਘ ਮਜੀਠੀਆ ਵਿਰੁੱਧ ਕੇਸ ਝੂਠੇ ਸਾਬਤ ਹੋਏ, ਇਸ ਲਈ ਮਿਲੀ ਜ਼ਮਾਨਤ-ਦਲਵਿੰਦਰ ਸਿੱਧੂ
Publish Date: Fri, 06 Feb 2026 06:50 PM (IST)
Updated Date: Fri, 06 Feb 2026 06:53 PM (IST)

--ਸਰਕਾਰ ਵਾਅਦੇ ਪੂਰੇ ਕਰਨ ਦੀ ਬਜਾਏ ਸਿਆਸੀ ਵਿਰੋਧੀਆਂ ਨੂੰ ਬਣਾ ਰਹੀ ਨਿਸ਼ਾਨਾ : ਵਾਲੀਆ --ਸੀਨੀਅਰ ਅਕਾਲੀ ਆਗੂਆਂ ਨੇ ਪੰਜਾਬ ਸਰਕਾਰ ’ਤੇ ਸਾਧਿਆ ਨਿਸ਼ਾਨਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਨਾਭਾ ਜੇਲ੍ਹ ਤੋਂ ਜ਼ਮਾਨਤ ਤੇ ਰਿਹਾਈ ਤੋਂ ਬਾਅਦ ਵਿਰਾਸਤੀ ਸ਼ਹਿਰ ਦੇ ਅਕਾਲੀ ਆਗੂਆਂ ਨੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਤੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਦੀ ਅਗਵਾਈ ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਅਕਾਲੀ ਆਗੂਆਂ ਨੇ ਬਿਕਰਮ ਮਜੀਠੀਆ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਇਸ ਮੁਲਾਕਾਤ ਨੇ ਵਿਰਾਸਤੀ ਸ਼ਹਿਰ ਦੀ ਰਾਜਨੀਤੀ ਵਿਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਇਸ ਮੁਲਾਕਾਤ ਨੂੰ ਅਕਾਲੀ ਦਲ ਦੀ ਏਕਤਾ ਤੇ ਆਉਣ ਵਾਲੀ ਰਾਜਨੀਤਿਕ ਲੜਾਈ ਦੀ ਤਿਆਰੀ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੁਲਾਕਾਤ ਤੋਂ ਬਾਅਦ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਰਕਾਰ ਦੀਆਂ ਅਸਫਲਤਾਵਾਂ ਤੋਂ ਧਿਆਨ ਹਟਾਉਣ ਲਈ ਵਿਰੋਧੀ ਆਗੂਆਂ ਨੂੰ ਝੂਠੇ ਮਾਮਲਿਆਂ ਵਿਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ਤੋਂ ਬਾਅਦ ਮਾਨ ਸਰਕਾਰ ਹਰ ਮੋਰਚੇ ’ਤੇ ਅਸਫਲ ਰਹੀ ਹੈ ਤੇ ਇਸੇ ਲਈ ਵਿਰੋਧੀ ਆਗੂਆਂ ’ਤੇ ਬੇਬੁਨਿਆਦ ਦੋਸ਼ ਲਗਾ ਕੇ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਮਾਮਲੇ ਝੂਠੇ ਹਨ। ਦਰਜ ਕੀਤੇ ਗਏ ਮਾਮਲੇ ਪੂਰੀ ਤਰ੍ਹਾਂ ਝੂਠੇ ਸਾਬਤ ਹੋਏ ਹਨ, ਜਿਸ ਨਾਲ ਜਨਤਾ ਤੇ ਅਦਾਲਤ ਦੋਵਾਂ ਸਾਹਮਣੇ ਸਰਕਾਰ ਦੀ ਭਰੋਸੇਯੋਗਤਾ ਨੂੰ ਢਾਹ ਲੱਗੀ ਹੈ। ਇਸ ਦੌਰਾਨ ਹਲਕਾ ਇੰਚਾਰਜ ਵਾਲੀਆ ਨੇ ਕਿਹਾ ਕਿ ਮਜੀਠੀਆ ਦੀ ਜ਼ਮਾਨਤ ਨੇ ਪੰਜਾਬ ਭਰ ਦੇ ਅਕਾਲੀ ਵਰਕਰਾਂ ਦਾ ਮਨੋਬਲ ਵਧਾਇਆ ਹੈ। ਵਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਅਹੁਦੇ ਦੀ ਸ਼ਾਨ ਨੂੰ ਢਾਹ ਲਗਾ ਰਹੇ ਹਨ। ਉਨ੍ਹਾਂ ਨੂੰ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਮਾਨ ਸਰਕਾਰ ਦੀਆਂ ਨਾਕਾਮੀਆਂ ਨੂੰ ਸਮਝ ਚੁੱਕੇ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਪੀਏਸੀ) ਦੇ ਮੈਂਬਰ ਜਗਤਾਰ ਸਿੰਘ ਜੱਲੋਵਾਲ, ਦਿਨੇਸ਼ ਕੁਮਾਰ, ਬਲਾਕ ਸੰਮਤੀ ਦੇ ਮੈਂਬਰ ਰਘੁਵੀਰ ਸਿੰਘ ਚਾਹਲ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤਨਵੀਰ ਸਿੰਘ ਰੰਧਾਵਾ, ਪੀਏਸੀ ਦੇ ਮੈਂਬਰ ਅਜੈ ਬਬਲਾ, ਸੀਨੀਅਰ ਅਕਾਲੀ ਆਗੂ ਜਗਜੀਤ ਸਿੰਘ ਸ਼ੰਮੀ, ਐੱਸਸੀ ਵਿੰਗ ਦੇ ਸੀਨੀਅਰ ਸੂਬਾਈ ਉਪ ਪ੍ਰਧਾਨ ਜੀਆ ਲਾਲ ਨਾਹਰ, ਯੂਥ ਆਗੂ ਨੀਰਜ ਨਾਹਰ, ਸੰਜੀਵ ਥਾਪਰ, ਸਰਪੰਚ ਹਰਜਿੰਦਰ ਸਿੰਘ ਖਾਨੋਵਾਲ, ਯੂਥ ਅਕਾਲੀ ਦਲ ਸਰਕਲ ਪ੍ਰਧਾਨ ਪ੍ਰਭਜੋਤ ਸਿੰਘ ਰੰਧਾਵਾ, ਯੂਥ ਅਕਾਲੀ ਦਲ ਦੇ ਆਗੂ ਹਰਜੀਤ ਸਿੰਘ ਆਦਿ ਹਾਜ਼ਰ ਸਨ।