ਲਾਪਰਵਾਹ ਟਰੱਕ ਡਰਾਈਵਰ ’ਤੇ ਮਾਮਲਾ ਦਰਜ
ਲਾਪਰਵਾਹੀ ਨਾਲ ਵਾਹਨ ਚਲਾਉਣ ਵਾਲੇ ਟਰੱਕ ਡਰਾਈਵਰ ਤੇ ਮਾਮਲਾ ਦਰਜ
Publish Date: Fri, 30 Jan 2026 06:36 PM (IST)
Updated Date: Fri, 30 Jan 2026 06:37 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਲਾਪਰਵਾਹੀ ਨਾਲ ਵਾਹਨ ਚਲਾਉਣ ਵਾਲੇ ਡਰਾਈਵਰ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਅਰੁਣ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਨਿਊ ਮਨਸਾ ਦੇਵੀ ਨਗਰ ਸਤਨਾਮਪੁਰਾ ਫਗਵਾੜਾ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਪੀਬੀ 09 ਏਈ 6941 ’ਤੇ ਸਵਾਰ ਹੋ ਕੇ ਹੁਸ਼ਿਆਰਪੁਰ ਤੋਂ ਆਪਣੇ ਘਰ ਨਿਊ ਮਨਸਾ ਦੇਵੀ ਨਗਰ ਨੂੰ ਆ ਰਿਹਾ ਸੀ। ਮੋਟਰਸਾਈਕਲ ਉਸਦਾ ਭਰਾ ਮਨਪ੍ਰੀਤ ਚਲਾ ਰਿਹਾ ਸੀ। ਧੁੰਦ ਹੋਣ ਕਾਰਨ ਉਹ ਕਾਫੀ ਹੌਲੀ-ਹੌਲੀ ਜਾ ਰਹੇ ਸੀ ਤਾਂ ਨਕੋਦਰ ਰੋਡ ’ਤੇ ਪੈਟਰੋਲ ਪੰਪ ਤੋਂ ਪਿੱਛੇ ਇਕ ਟਰੱਕ ਖੜ੍ਹਾ ਕੀਤਾ ਹੋਇਆ ਸੀ, ਜਿਸ ਦੇ ਇੰਡੀਕੇਟਰ ਜਗ ਰਹੇ ਸਨ। ਟਰੱਕ ਦਿਖਾਈ ਨਾ ਦੇਣ ਕਾਰਨ ਉਸਦੇ ਭਰਾ ਨੇ ਮੋਟਰਸਾਈਕਲ ਟਰੱਕ ਦੇ ਪਿੱਛੇ ਮਾਰ ਦਿੱਤਾ, ਜਿਸ ਨਾਲ ਉਸਦੇ ਭਰਾ ਮਨਪ੍ਰੀਤ ਦੇ ਸਿਰ, ਨੱਕ ਤੇ ਛਾਤੀ ’ਤੇ ਕਾਫੀ ਸੱਟਾਂ ਲੱਗੀਆਂ ਤੇ ਉਸਦੇ ਭਰਾ ਦੀ ਮੌਤ ਹੋ ਗਈ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਲਾਪਰਵਾਹੀ ਨਾਲ ਟਰੱਕ ਸੜਕ ’ਚ ਖੜਾ ਕਰਨ ਵਾਲੇ ਵਾਹਨ ਚਾਲਕ ’ਤੇ ਮਾਮਲਾ ਦਰਜ ਕੀਤਾ ਗਿਆ।