ਕਾਪੀਰਾਈਟ ਐਕਟ ਤਹਿਤ ਚਾਰ ’ਤੇ ਮਾਮਲਾ ਦਰਜ
ਕਾਪੀਰਾਈਟ ਐਕਟ ਤਹਿਤ ਚਾਰ ਤੇ ਮਾਮਲਾ ਦਰਜ
Publish Date: Sat, 31 Jan 2026 06:53 PM (IST)
Updated Date: Sat, 31 Jan 2026 06:55 PM (IST)

ਆਸ਼ੀਸ਼ ਸਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਕਾਪੀਰਾਈਟ ਐਕਟ ਤਹਿਤ ਚਾਰ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਅਮਨ ਪੁੱਤਰ ਅਸ਼ਵਨੀ ਕੁਮਾਰ ਫੀਲਡ ਅਫਸਰ ਸਪੀਡ ਸਰਚ ਐਂਡ ਸਕਿਉਰਟੀ ਨੈੱਟਵਰਕ ਚੰਡੀਗੜ੍ਹ ਨੇ ਦੱਸਿਆ ਕਿ ਐੱਮਐੱਸ ਸਿੰਟੈਕਸ ਬੀਏਪੀਐੱਲ ਲਿਮਿਟਡ ਤੇ ਸੁਪਰੀਮ ਇੰਡਸਟਰੀ ਲਿਮਿਟਡ ਦੇ ਨਾਮ ’ਤੇ ਨਕਲੀ ਪਾਣੀ ਦੀਆਂ ਟੈਂਕੀਆਂ ਤਿਆਰ ਕਰਕੇ ਵੇਚਣ ਤੇ ਸਪਲਾਈ ਕਰਨ ਸਬੰਧੀ ਉਨ੍ਹਾਂ ਨੇ ਸ਼ਿਕਾਇਤ ਦਿੱਤੀ ਸੀ। ਉਪਰੰਤ ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਚਾਰ ਵਿਅਕਤੀਆਂ ’ਤੇ ਕਾਪੀਰਾਈਟ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਅਮਨ ਨੇ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਦੱਸਿਆ ਕਿ ਦੋ ਗੱਡੀਆਂ ਪੀਬੀ 11 ਬੀਯੂ 0319 ਤੇ ਪੀਬੀ 08 ਈਆਰ 7179 ਨਕਲੀ ਪਲਾਸਟਿਕ ਵਾਲੀਆਂ ਟੈਂਕੀਆਂ ਮਾਰਕਾ ਸਿੰਟੈਕਸ ਤੇ ਸੁਪਰੀਮ ਭਰ ਕੇ ਗਾਹਕ ਦਾ ਇੰਤਜ਼ਾਰ ਕਰ ਰਹੀਆਂ ਹਨ, ਜਿਨ੍ਹਾਂ ਨੂੰ ਕੁਲਵੰਤ ਸਿੰਘ ਤੇ ਰਾਮ ਕੁਮਾਰ ਡਰਾਈਵਰ ਚਲਾ ਰਹੇ ਸਨ। ਇਕ ਹੋਰ ਵਿਅਕਤੀ ਜੋ ਕਿ ਨਕਲੀ ਟੈਂਕੀਆਂ ਤਿਆਰ ਕਰਨ ਲਈ ਕੰਪਨੀ ਵਿਚ ਸੁਪਰਵਾਈਜ਼ਰ ਦਾ ਕੰਮ ਕਰਦਾ ਹੈ, ਦਾ ਨਾਮ ਗੌਰਵ ਹੈ। ਉਹ ਵੀ ਗੱਡੀ ਵਿਚ ਬੈਠਾ ਹੈ। ਇਹ ਨਕਲੀ ਪਾਣੀ ਦੀਆਂ ਟੈਂਕੀਆਂ ਅਨੰਤ ਇੰਡਸਟਰੀਜ਼ ਚੌਂਕ ਬੁੱਢਾ ਦਰਿਆ ਲੁਧਿਆਣਾ ਵਿਖੇ ਤਿਆਰ ਕੀਤੀਆਂ ਹੋਈਆਂ ਹਨ। ਉਕਤ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਰਾਮ ਕੁਮਾਰ, ਗੌਰਵ, ਮਯੰਕ ਝਾਅ ਪੁੱਤਰ ਦਲੀਪ ਝਾਅ ਜਮਾਲਪੁਰ ਲੁਧਿਆਣਾ, ਕੁਲਵੰਤ ਸਿੰਘ ਪੁੱਤਰ ਗੁਰਦੀਪ ਵਾਸੀ ਲੁਧਿਆਣਾ ’ਤੇ ਕਾਪੀਰਾਈਟ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।