ਕੁੱਟਮਾਰ ਕਰਨ ਦੇ ਦੋਸ਼ ’ਚ ਚਾਰ ਅਣਪਛਾਤੇ ਨਾਮਜ਼ਦ
ਕੁੱਟਮਾਰ ਕਰਨ ਵਾਲੇ ਚਾਰ ਤੇ ਮਾਮਲਾ ਦਰਜ
Publish Date: Wed, 04 Feb 2026 06:36 PM (IST)
Updated Date: Thu, 05 Feb 2026 04:06 AM (IST)

ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ ਕੁੱਟਮਾਰ ਕਰਨ ਵਾਲੇ ਚਾਰ ਅਣਪਛਾਤਿਆਂ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਦਰ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ’ਚ ਨਿਤਿਨ ਪੁੱਤਰ ਕਿਸ਼ੋਰ ਕੁਮਾਰ ਵਾਸੀ ਰੋਇਲ ਸਟੇਟ ਜਲੰਧਰ ਕੈਂਟ ਨੇ ਦੱਸਿਆ ਕਿ ਉਹ ਹਵੇਲੀ ਜਲੰਧਰ ਵਿਖੇ ਆਪ੍ਰੇਟਰ ਦਾ ਕੰਮ ਕਰਦਾ ਹੈ ਤੇ 19 ਜਨਵਰੀ ਨੂੰ ਕਰੀਬ 1.30 ਵਜੇ ਰਾਤ ਨੂੰ ਹਵੇਲੀ ਨੇੜੇ ਓਮ ਢਾਬਾ ’ਤੇ ਚਾਹ ਪੀ ਰਿਹਾ ਸੀ, ਜਦੋਂ ਚਾਹ ਪੀ ਕੇ ਤੁਰਨ ਲੱਗਾ ਤਾਂ ਇਕ ਕਾਲੇ ਰੰਗ ਦੀ ਸਫਾਰੀ ਗੱਡੀ (ਪੀਬੀ06-ਐੱਸ-3425) ਉਸ ਦੇ ਅੱਗੇ ਆ ਕੇ ਰੁਕੀ ਤਾਂ ਇਕ ਸਰਦਾਰ ਵਿਅਕਤੀ ਗੱਡੀ ’ਚੋਂ ਉਤਰ ਕੇ ਆਇਆ, ਜਿਸ ਨੇ ਮੇਰੀ ਗੱਡੀ ਬੋਲੀਨੋ (ਪੀਬੀ08-ਐੱਫਐੱਨ-9131) ਗੱਡੀ ਰੋਕ ਲਈ ਤੇ ਜਦੋਂ ਉਸ ਨੇ ਗੱਡੀ ਰੋਕਣ ਦਾ ਕਾਰਨ ਪੁੱਛਿਆ ਤਾਂ ਸਰਦਾਰ ਵਿਅਕਤੀ ਉਸ ਨਾਲ ਗਾਲੀ ਗਲੋਚ ਕਰਨ ਲੱਗ ਪਿਆ ਤੇ ਤਿੰਨ ਹੋਰ ਵਿਅਕਤੀ ਗੱਡੀ ਵਿੱਚੋਂ ਉਤਰ ਕੇ ਆਏ ਅਤੇ ਆਉਂਦੇ ਸਾਰ ਉਸਦੀ ਬਾਹਾਂ ਫੜ ਲਈਆਂ ਤੇ ਉਸਦੇ ਤਿੰਨ ਵਾਰ ਕੜਾ ਮਾਰਿਆ। ਜਿਸ ਨਾਲ ਉਹ ਲਹੂ ਲੁਹਾਨ ਹੋ ਗਿਆ ਅਤੇ ਮੁੜ ਉਹ ਗੱਡੀ ਵਿੱਚ ਬੈਠ ਕੇ ਦੌੜ ਗਏ। ਉਸ ਤੋਂ ਬਾਅਦ ਮੈਨੂੰ ਜੋਹਲ ਹਸਪਤਾਲ ਜਲੰਧਰ ਤੋਂ ਫਸਟ ਏਡ ਦਵਾਈ ਦਿੱਤੀ ਗਈ ਅਤੇ ਸਿਵਲ ਹਸਪਤਾਲ ਫਗਵਾੜਾ ਜਾਣ ਦੀ ਸਲਾਹ ਦਿੱਤੀ ਸਿਵਲ ਹਸਪਤਾਲ ਫਗਵਾੜਾ ਪੁੱਜਕੇ ਡਾਕਟਰੀ ਇਲਾਜ ਕਰਵਾਇਆ। ਜਿਸ ਤੋਂ ਬਾਅਦ ਡਾਕਟਰ ਨੇ ਮੈਨੂੰ ਛੁੱਟੀ ਦੇ ਦਿੱਤੀ। ਮੇਰੀ ਸਿਹਤ ਠੀਕ ਨਾ ਹੋਣ ਕਰਕੇ ਮੈਂ ਕਾਰਵਾਈ ਲਈ ਨਹੀਂ ਆ ਸਕਿਆ। ਉਕਤ ਵੱਲੋਂ ਦਿੱਤੇ ਬਿਆਨਾਂ ਤੇ ਕਾਰਵਾਈ ਕਰਦੇ ਹੋਏ ਥਾਣਾ ਸਦਰ ਫਗਵਾੜਾ ਵਿਖੇ ਚਾਰ ਨਾਮਾਲੂਮ ਵਿਅਕਤੀਆਂ ਤੇ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ।