ਈਸਾਈ ਕਬਰਿਸਤਾਨ ਦਾ ਨਾ ਹੋਣਾ ਸ਼ਰਮਨਾਕ : ਅਟਵਾਲ
ਕਬਰਸਤਾਨ ਦੀ ਥੁੜ ਕਾਰਨ ਮੁਰਦਾ ਦਫਨਾਉਣ ਵੇਲੇ ਮੁੜ ਪਿਆ ਰੇੜਕਾ
Publish Date: Fri, 02 Jan 2026 08:18 PM (IST)
Updated Date: Fri, 02 Jan 2026 08:20 PM (IST)

--ਖੁਰਦ-ਬੁਰਦ ਕੀਤੀ ਗਈ ਦਸ ਲੱਖ ਦੀ ਗ੍ਰਾਂਟ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਅੰਦਰ ਈਸਾਈ ਕਬਰਿਸਤਾਨ ਦਾ ਮਾਮਲਾ ਪਿਛਲੇ 32 ਸਾਲਾਂ ਤੋਂ ਲਟਕ ਰਿਹਾ ਹੈ। ਪ੍ਰਸ਼ਾਸਨ ਲਗਾਤਾਰ ਈਸਾਈ ਭਾਈਚਾਰੇ ਦੇ ਲੀਡਰਾਂ ਨੂੰ ਲਾਰੇ-ਲੱਪੇ ਲਗਾ ਰਿਹਾ ਹੈ। ਸਮੱਸਿਆ ਵਾਲੀ ਗੱਲ ਇਹ ਵੀ ਹੈ ਕਿ ਸਾਡੇ ਭਾਈਚਾਰੇ ਦੇ ਲੀਡਰ ਪ੍ਰਸ਼ਾਸ਼ਨ ਸਾਹਮਣੇ ਕੋਈ ਠੋਸ ਦਾਅਵੇਦਾਰੀ ਪੇਸ਼ ਨਹੀਂ ਕਰ ਸਕੇ, ਜਿਸ ਦਾ ਖ਼ਮਿਆਜ਼ਾ ਸਮੁੱਚੀ ਕੌਮ ਭੁਗਤ ਰਹੀ ਹੈ। ਇਹ ਗੱਲ ‘ਚਰਚ ਬਚਾਓ ਮੋਰਚਾ ਕਪੂਰਥਲਾ’ ਦੇ ਮੁਖੀ ਜੋਗਾ ਸਿੰਘ ਅਟਵਾਲ ਨੇ ਕਹੀ। ਉਨ੍ਹਾਂ ਕਿਹਾ ਕਿ ਕਪੂਰਥਲਾ ਦੇ ਪਾਸਟਰ ਦੇ ਭਤੀਜੇ ਦੀ ਮੌਤ ਹੋਈ ਹੈ ਪਰ ਉਸ ਨੂੰ ਦਫਨਾਉਣ ਲਈ ਕੋਈ ਜਗ੍ਹਾ ਨਹੀਂ ਮਿਲ ਰਹੀ। ਇਸ ਗੰਭੀਰ ਸਮੱਸਿਆ ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਕਪੂਰਥਲਾ ਪਾਸਟਰ ਐਸੋਸੀਏਸ਼ਨ ਕੋਲ ਪਿਛਲੇ ਚਾਰ-ਪੰਜ ਸਾਲਾਂ ਤੋਂ ਦਸ ਲੱਖ ਰੁਪਏ ਪਿਆ ਹੋਵੇ ਤੇ ਉਹ ਈਸਾਈ ਕਬਰਸਤਾਨ ਵਾਸਤੇ ਖਰਚਿਆ ਨਾ ਗਿਆ ਹੋਵੇ। ਇਹ ਬਹੁਤ ਵੱਡੇ ਸਵਾਲ ਖੜ੍ਹੇ ਕਰਦਾ ਹੈ। ਉਨਾਂ ਦੱਸਿਆ ਕਿ ਕਪੂਰਥਲਾ ਪਾਸਟਰ ਐਸੋਸੀਏਸ਼ਨ ਵੱਲੋਂ ਜੋ ਗ੍ਰਾਂਟ ਖੁਰਦ-ਬੁਰਦ ਕੀਤੀ ਗਈ ਹੈ, ਉਸ ਮਸਲੇ ਨੂੰ ਡਿਪਟੀ ਕਮਿਸ਼ਨਰ ਸਾਹਮਣੇ ਰੱਖਿਆ ਗਿਆ ਹੈ, ਜਿਸ ਤੇ ਤਰੁੰਤ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਕਪੂਰਥਲਾ ਨੂੰ ਨਿਰਪੱਖ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮਾਮਲੇ ਦੀ ਸੁਣਵਾਈ 7 ਜਨਵਰੀ ਨੂੰ ਹੋ ਰਹੀ ਹੈ। ਚਰਚ ਬਚਾਓ ਮੋਰਚੇ ਦੇ ਮੁਖੀ ਜੋਗਾ ਸਿੰਘ ਅਟਵਾਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਬਰਿਸਤਾਨ ਦੇ ਮਸਲੇ ਵਿਚ ਪ੍ਰਸ਼ਾਸਨ ਅਸਫਲ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਚਰਚ ਬਚਾਓ ਮੋਰਚਾ ਇਸ ਮਸਲੇ ਨੂੰ ਆਪਣੇ ਹੱਥਾਂ ਵਿਚ ਲੈ ਕੇ ਸੁਲਝਾਉਣ ਲਈ ਸੰਘਰਸ਼ ਕਰੇਗਾ।