ਟੀਈਟੀ ਦੇ ਨਾਂ ’ਤੇ ਅਧਿਆਪਕਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ : ਕੋਹਲੀ
ਟੀਈਟੀ ਦੇ ਨਾਂ ’ਤੇ ਅਧਿਆਪਕਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ : ਕੋਹਲੀ
Publish Date: Mon, 16 Feb 2026 06:56 PM (IST)
Updated Date: Mon, 16 Feb 2026 07:00 PM (IST)

22 ਫਰਵਰੀ ਨੂੰ ਅਨੰਦਪੁਰ ਸਾਹਿਬ ’ਚ ਕੀਤਾ ਜਾਵੇਗਾ ਵਿਰੋਧ ਪ੍ਰਦਰਸ਼ਨ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਾਸਟਰ ਕੇਡਰ ਯੂਨੀਅਨ ਸੁਲਤਾਨਪੁਰ ਲੋਧੀ ਵੱਲੋਂ ਪੰਜਾਬ ਸਰਕਾਰ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਖ਼ਿਲਾਫ਼ ਖੁੱਲ੍ਹਾ ਬਗਾਵਤੀ ਸੁਰ ਅਖਤਿਆਰ ਕਰ ਲਿਆ ਗਿਆ ਹੈ। ਜ਼ਿਲਾ ਪ੍ਰਧਾਨ ਮਾਸਟਰ ਨਰੇਸ਼ ਕੋਹਲੀ ਨੇ ਵੱਖ-ਵੱਖ ਸਕੂਲਾਂ ਵਿਚ ਮੀਟਿੰਗਾਂ ਕਰਕੇ ਅਧਿਆਪਕਾਂ ਨੂੰ 22 ਫਰਵਰੀ ਨੂੰ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਮਹਾਂਰੈਲੀ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਮੋਸ਼ਨਾਂ ਨਾਲ ਟੀਈਟੀ ਟੈਸਟ ਜੋੜਨਾ ਸਰਕਾਰ ਦੀ ਤਾਨਾਸ਼ਾਹੀ ਸੋਚ ਦਾ ਸਬੂਤ ਹੈ। ਸਾਲਾਂ ਦੀ ਸੇਵਾ ਦੇ ਬਾਵਜੂਦ ਅਧਿਆਪਕਾਂ ਨੂੰ ਮੁੜ ਟੈਸਟ ਦੇ ਜ਼ਰੀਏ ਨੀਵਾਂ ਦਿਖਾਉਣਾ ਅਪਮਾਨਜਨਕ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਅਧਿਆਪਕ ਵਰਗ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਪੁਰਾਣੀ ਪੈਨਸ਼ਨ ਬਹਾਲੀ ਦਾ ਵਾਅਦਾ ਅਧੂਰਾ, ਪੇਂਡੂ ਭੱਤਾ ਬੰਦ, ਡਿਵੈੱਲਪਮੈਂਟ ਟੈਕਸ ਦੀ ਮਾਰ ਤੇ ਡੀਏ ਦੀਆਂ 16 ਫੀਸਦੀ ਬਕਾਇਆ ਕਿਸ਼ਤਾਂ ਰੋਕੀਆਂ ਹੋਈਆਂ ਹਨ। ਇਸ ਨਾਲ ਅਧਿਆਪਕ ਵਰਗ ਵਿਚ ਗੁੱਸਾ ਹੈ। ਸੀਨੀਅਰ ਆਗੂ ਗੁਰਦਿਆਲ ਸਿੰਘ ਤੇ ਸੁਖਦੇਵ ਸਿੰਘ ਸੰਧੂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਟੀਈਟੀ ਟੈਸਟ ਦਾ ਫੈਸਲਾ ਵਾਪਸ ਨਾ ਲਿਆ ਤਾਂ ਸੂਬਾ ਪੱਧਰੀ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 22 ਫਰਵਰੀ ਦੀ ਮਹਾਂਰੈਲੀ ਸਰਕਾਰ ਲਈ ਵੱਡਾ ਸੰਦੇਸ਼ ਹੋਵੇਗੀ ਤੇ ਅਧਿਆਪਕ ਆਪਣੇ ਹੱਕਾਂ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਨ। ਇਸ ਮੌਕੇ ਸੀਨੀਅਰ ਆਗੂ ਗੁਰਦੇਵ ਸਿੰਘ, ਕੁਲਵਿੰਦਰ ਕੌਰ, ਦਿਲਬਾਗ ਸਿੰਘ, ਸੀਮਾ ਰਾਣੀ, ਆਂਚਲ, ਰਾਜਿੰਦਰ ਕੌਰ, ਗੋਬਿੰਦ ਰਾਮ, ਸਮੀਰ ਧੀਰ, ਅਮ੍ਰਿਤ ਵਰਸ਼ਾ, ਰਜਵੰਤ ਕੌਰ, ਭੁਪਿੰਦਰ ਕੌਰ, ਮਨਦੀਪ ਕੌਰ, ਬਲਜੀਤ ਕੌਰ, ਮਨਦੀਪ ਕੁਮਾਰ, ਬਲਜੀਤ ਕੌਰ, ਸੰਜੀਵ ਧੀਰ, ਅਮਰਜੀਤ ਕੌਰ ਆਦਿ ਵੱਡੀ ਗਿਣਤੀ ਵਿਚ ਅਧਿਆਪਕ ਸਾਥੀਆਂ ਨੇ ਕਿਹਾ ਕਿ ਜਥੇਬੰਦੀ ਦੇ ਸੰਘਰਸ਼ ਵਿਚ ਆਈ ਹਰ ਕਾਲ ’ਤੇ ਵਧ-ਚੜ੍ਹ ਕੇ ਹਿੱਸਾ ਲਿਆ ਜਾਵੇਗਾ।