ਬਜਟ ਵਿਕਾਸ ਪੱਖੋਂ ਪੂਰੀ ਤਰ੍ਹਾਂ ਖੋਖਲਾ : ਵਾਲੀਆ
ਬਜਟ ਵਿਕਾਸ ਪੱਖੋਂ ਖੋਖਲਾ, ਤਰਨਜੀਤ ਸਿੰਘ ਬੰਟੀ ਵਾਲੀਆ
Publish Date: Sun, 08 Mar 2026 06:45 PM (IST)
Updated Date: Sun, 08 Mar 2026 06:48 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਗਏ ਆਖਰੀ ਬਜਟ ’ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਪਾਰਟੀ ਫਗਵਾੜਾ ਦੇ ਸ਼ਹਿਰੀ ਪ੍ਰਧਾਨ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਤੇ ਸੀਨੀਅਰ ਆਗੂ ਸ਼ਰਨਜੀਤ ਸਿੰਘ, ਮੀਡੀਆ ਕੋਆਰਡੀਨੇਟਰ ਸੌਰਵ ਸ਼ਰਮਾ, ਅਮਿਤ ਅਰੋੜਾ ਨੇ ਕਿਹਾ ਕਿ ਜਿਵੇਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਚੁਟਕਲੇ ਸੁਣਾ ਕੇ ਚਲੇ ਜਾਂਦੇ ਹਨ। ਇਸੇ ਤਰ੍ਹਾਂ ਵਿੱਤ ਮੰਤਰੀ ਵੱਲੋਂ ਵੀ ਖੋਖਲਾ ਤੇ ਨਿਰਾਧਾਰ ਬਜਟ ਪੇਸ਼ ਕੀਤਾ ਗਿਆ ਹੈ। ਪੰਜਾਬ ਦੀ ਰਾਜਨੀਤੀ ਵਿਚ ਇਕ ਵਾਰ ਫਿਰ ਜਨਰਲ ਵਰਗ ਨਾਲ ਹੋ ਰਹੇ ਵਿਤਕਰੇ ਦੀ ਚਰਚਾ ਤੇਜ਼ ਹੋ ਗਈ ਹੈ। ਹਾਲ ਹੀ ਵਿਚ ਆਪ ਸਰਕਾਰ ਵੱਲੋਂ ਮਹਿਲਾਵਾਂ ਲਈ ਆਰਥਿਕ ਮਦਦ ਦੀ ਯੋਜਨਾ ਦਾ ਐਲਾਨ ਕੀਤਾ ਗਿਆ, ਜਿਸ ਵਿਚ ਜਨਰਲ ਵਰਗ ਦੀਆਂ ਮਹਿਲਾਵਾਂ ਨੂੰ 1,000 ਰੁਪਏ ਤੇ ਐੱਸਸੀ ਵਰਗ ਦੀਆਂ ਮਹਿਲਾਵਾਂ ਨੂੰ 1500 ਰੁਪਏ ਦੇਣ ਦੀ ਗੱਲ ਕਹੀ ਗਈ। ਇਸ ਐਲਾਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਜਨਰਲ ਵਰਗ ਨਾਲ ਹਰ ਵਾਰ ਵਿਤਕਰਾ ਕਿਉਂ ਕੀਤਾ ਜਾਂਦਾ ਹੈ। ਪਹਿਲਾ 600 ਯੂਨਿਟ ਐਲਾਨ ਤੋਂ ਬਾਦ ਜਨਰਲ ਵਰਗ ਨਾਲ ਵਿਤਕਰਾ ਕੀਤਾ ਗਿਆ, ਜਿਸ ਵਿਚ 600 ਯੂਨਿਟ ਪਾਰ ਹੋਣ ਤੋਂ ਬਾਅਦ ਜਨਰਲ ਵਰਗ ਨੂੰ ਸਾਰਾ ਬਿਜਲੀ ਬਿਲ ਅਦਾ ਕਰਨਾ ਪੈਂਦਾ ਹੈ ਤੇ ਐੱਸਸੀ ਵਰਗ ਨੂੰ 600 ਯੂਨਿਟ ਪਾਰ ਹੋਣ ’ਤੇ ਜੋ ਯੂਨਿਟ ਵਧਦੇ ਹਨ, ਸਿ੍ਰਪ ਉਸਦਾ ਖਰਚਾ ਦੇਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੋਟ ਬੈਂਕ ਦੀ ਰਾਜਨੀਤੀ ਕਰਦੇ ਹੋਏ ਅਕਸਰ ਕੁਝ ਵਰਗਾਂ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਹੈ, ਜਦਕਿ ਜਨਰਲ ਵਰਗ ਆਪਣੇ-ਆਪ ਨੂੰ ਅਣਡਿੱਠਾ ਮਹਿਸੂਸ ਕਰਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ ਮਹਿਲਾਵਾਂ ਦੀ ਮਦਦ ਲਈ ਕੋਈ ਸਕੀਮ ਲਿਆਉਂਦੀ ਹੈ ਤਾਂ ਉਹ ਸਾਰਿਆਂ ਲਈ ਇਕਸਾਰ ਹੋਣੀ ਚਾਹੀਦੀ ਹੈ। ਕਾਂਗਰਸੀ ਆਗੂਆਂ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜਾਤੀ ਦੇ ਆਧਾਰ ’ਤੇ ਰਕਮ ਵਿਚ ਫਰਕ ਕਰਨਾ ਸਮਾਜ ਵਿਚ ਨਵਾਂ ਵਿਵਾਦ ਖੜ੍ਹਾ ਕਰ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿਲਾਵਾਂ ਦੀ ਮਦਦ ਲਈ ਬਣਾਈਆਂ ਯੋਜਨਾਵਾਂ ਵਿਚ ਸਮਾਨਤਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਜਟ ਵਿਚ ਦਿਵਿਆਂਗਜਨਾਂ ਨੂੰ ਕੋਈ ਰਾਹਤ ਨਹੀ, ਪੈਨਸ਼ਨਧਾਰਕਾਂ ਨੂੰ ਕੋਈ ਰਾਹਤ ਨਹੀ, ਮੁਲਾਜ਼ਮ ਵਰਗ ਨੂੰ ਕੋਈ ਰਾਹਤ ਨਹੀ ਦਿੱਤੀ ਗਈ ਹੈ। ਕੁੱਲ ਮਿਲਾਕੇ ਆਪ ਦੀ ਸਰਕਾਰ ਦੇ ਕੀਤੇ ਵਾਅਦੇ ਲੋਕਾਂ ਨੂੰ ਗੁਮਰਾਹਕੁੰਨ ਕਰਨ ਵਾਲੇ ਹੀ ਸਨ। ਸੂਬੇ ’ਤੇ ਚੜ੍ਹਿਆ ਕਰਜ਼ਾ ਉਤਾਰਣ ਬਾਰੇ ਕੋਈ ਠੋਸ ਕਦਮਾਂ ਦੀ ਜਾਣਕਾਰੀ ਨਹੀ ਦਿੱਤੀ ਗਈ। ਤਰਨਜੀਤ ਸਿੰਘ, ਸ਼ਰਨਜੀਤ ਸਿੰਘ, ਸੌਰਵ ਸ਼ਰਮਾ, ਅਮਿਤ ਅਰੋੜਾ ਨੇ ਕਿਹਾ ਕਿ ਸੂਬੇ ਦੀ ਸੱਤਾ ਸੰਭਾਲਣ ਸਮੇਂ ਮਹਿਲਾਵਾਂ ਨਾਲ ਵਾਅਦਾ ਕੀਤਾ ਸੀ ਕਿ 18 ਸਾਲ ਤੋਂ ਉਪਰ ਦੀਆਂ ਸਾਰੀਆਂ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਇਆ ਦੇਣਗੇ ਪਰ ਇਹ ਐਲਾਨ ਕੀਤਾ ਗਿਆ ਹੈ ਆਖਰੀ ਬਜਟ ਵਿਚ, ਜਿਸ ਨਾਲ ਮਹਿਲਾਵਾਂ ਨੂੰ ਕੁਝ ਮਿਲਣ ਵਾਲਾ ਨਹੀਂ, ਕੁਝ ਮਹੀਨੇ ਫਾਰਮ ਭਰਨ ਨੂੰ ਲੱਗ ਜਾਣਗੇ ਤੇ ਕੁਝ ਮਹੀਨਿਆਂ ਬਾਅਦ ਚੋਣ ਜ਼ਾਬਤਾ ਲੱਗ ਜਾਵੇਗਾ। ਕੁਲ ਮਿਲਾਕੇ ਮਹਿਲਾਵਾਂ ਦੀ ਖੁਸ਼ੀ ਧਰੀ ਦੀ ਧਰੀ ਹੀ ਰਹਿ ਜਾਵੇਗੀ। ਜੋ ਸਕੀਮਾਂ ਪਹਿਲਾਂ ਤੋਂ ਹੀ ਚੱਲ ਰਹੀਆਂ ਸਨ, ਉਨ੍ਹਾਂ ਤੋਂ ਇਲਾਵਾ ਹੋਰ ਕੁਝ ਵੀ ਨਵਾਂ ਦੇਖਣ ਨੂੰ ਨਹੀਂ ਮਿਲਿਆ। ਬਜ਼ੁਰਗਾਂ ਦੀ ਪੈਨਸ਼ਨ ਪੱਚੀ ਸੌ ਰੁਪਏ ਦੇਣ ਦਾ ਵਾਅਦਾ ਵੀ ਅਧੂਰਾ ਹੀ ਰਹਿ ਗਿਆ। ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੇ ਚਾਰ ਸਾਲ ਦੇ ਕਾਰਜਕਾਲ ਤੋਂ ਹੀ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਆਪ ਲੀਡਰਾਂ ਨੇ ਉਨ੍ਹਾਂ ਨੂੰ ਠੱਗਿਆ ਹੈ। ਪੰਜਾਬ ਦੇ ਵਧ ਰਹੇ ਕਰਜ਼ੇ ਨੂੰ ਉਤਾਰਨ ਲਈ ਕੋਈ ਵੀ ਨਵਾਂ ਰੋਡ ਮੈਪ ਨਹੀਂ ਹੈ। ਕੁਲ ਮਿਲਾਕੇ ਪੇਸ਼ ਹੋਇਆ ਬਜਟ ਨਿਰਾਸਤਾ ਨਾਲ ਭਰਿਆ ਹੋਇਆ ਸੀ,ਜਿਸਦਾ ਪੰਜਾਬ ਨੂੰ ਕੋਈ ਵੀ ਲਾਭ ਨਹੀ ਹੋਣ ਵਾਲਾ।