ਬਜਟ ਮੁਲਾਜ਼ਮ ਵਰਗ ਲਈ ਨਿਰਾਸ਼ਾਜਨਕ : ਮਾਸਟਰ ਕੈਡਰ ਯੂਨੀਅਨ
ਬਜਟ ਮੁਲਾਜ਼ਮ ਵਰਗ ਲਈ ਨਿਰਾਸ਼ਾਜਨਕ : ਮਾਸਟਰ ਕੈਡਰ ਯੂਨੀਅਨ
Publish Date: Mon, 09 Mar 2026 09:23 PM (IST)
Updated Date: Mon, 09 Mar 2026 09:24 PM (IST)

--ਵਿੱਤੀ ਮੰਗਾਂ ਨੂੰ ਕੀਤਾ ਗਿਆ ਅਣਗੋਲਿਆ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਮਾਸਟਰ ਕੈਡਰ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਸੰਦੀਪ ਕੁਮਾਰ ਨੇ ਕਿਹਾ ਕਿ ਬਜਟ ਮੁਲਾਜ਼ਮ ਵਰਗ ਲਈ ਬਹੁਤ ਹੀ ਨਿਰਾਸ਼ਾਜਨਕ ਹੈ। ਇਸ ਬਜਟ ਦੇ ਨਾਲ ਹੀ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਬੇਨਕਾਬ ਹੋਇਆ। ਇਸ ਬਜਟ ਵਿਚ 2 ਲੱਖ ਤੋਂ ਵੱਧ ਮੁਲਾਜ਼ਮਾਂ ਦੀ ਹੱਕੀ ਤੇ ਜਾਇਜ਼ ਮੰਗ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ। ਪੰਜਾਬ ਸਰਕਾਰ ਨੇ 2022 ਦੇ ਵਿਚ ਪੁਰਾਣੀ ਪੈਨਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਚਾਰ ਸਾਲ ਬੀਤਣ ਦੇ ਬਾਵਜੂਦ ਵੀ ਇਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਮੁਲਾਜ਼ਮਾਂ ਨੂੰ ਉਮੀਦ ਸੀ ਕਿ ਸਰਕਾਰ ਡੀਏ ਦੀਆਂ ਬਕਾਇਆ ਕਿਸ਼ਤਾਂ ਨੂੰ ਜਾਰੀ ਕਰ ਮੁਲਾਜ਼ਮਾਂ ਨੂੰ ਮਹਿੰਗਾਈ ਤੋਂ ਰਾਹਤ ਦੇਵੇਗੀ, ਏਸੀਪੀ, ਪੇਡੂ ਭੱਤਾ ਤੇ ਹੋਰ ਭੱਤਿਆਂ ਨੂੰ ਬਹਾਲ ਕਰੇਗੀ। ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ ਲਈ ਰੱਖਿਆ ਬਜਟ ਵੀ ਘੱਟ ਹੈ। ਆਪ ਸਰਕਾਰ ਨੇ ਆਪਣੇ ਸਰਕਾਰ ਦੇ ਆਖਰੀ ਬਜਟ ਵਿਚ ਮੁਲਾਜ਼ਮ ਮੰਗਾਂ ਨੂੰ ਅੱਖੋਂ-ਪਰੋਖੇ ਕੀਤਾ ਹੈ। ਸਰਕਾਰ ਨੇ ਆਪਣੇ ਸਾਰੇ ਬਜਟ ’ਚ ਹੀ ਮੁਲਾਜ਼ਮਾਂ ਨੂੰ ਵਿਸਾਰਿਆ ਹੈ। ਆਪ ਸਰਕਾਰ ਨੇ ਇਲੈਕਸ਼ਨ ਤੋ ਪਹਿਲਾਂ ਜੋ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸਨ, ਸੱਤਾ ਹਾਸਲ ਕਰਨ ਤੋਂ ਬਾਅਦ ਉਹ ਸਾਰੇ ਵਾਅਦੇ ਤਿੰਨ ਮਹੀਨਿਆਂ ਵਿਚ ਹੀ ਸਰਕਾਰ ਭੁੱਲ ਗਈ। ਆਪ ਸਰਕਾਰ ਦਾ ਮੁਲਾਜ਼ਮਾਂ ਨੂੰ ਪਹਿਲੇ ਬਜਟ ਸੈਸ਼ਨ ਵਿਚ ਹੀ ਵਿਸਾਰਣਾ ਅਤਿ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੇ ਸਹਿਯੋਗ ਨਾਲ ਹੀ ਆਪ ਸਰਕਾਰ ਹੋਂਦ ਵਿਚ ਆਈ ਹੈ, ਹੁਣ ਮੁਲਾਜ਼ਮਾਂ ਨੂੰ ਹੀ ਵਿਸਾਰਿਆ ਜਾ ਰਿਹਾ ਹੈ ਜੋ ਕਿ ਨਿੰਦਣਯੋਗ ਹੈ। ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਨਹੀਂ ਤਾਂ ਸਰਕਾਰ ਨੂੰ ਮੁਲਾਜ਼ਮਾਂ ਦੇ ਭਾਰੀ ਰੋਸ ਦਾ ਸਾਹਮਣਾ ਕਰਨਾ ਪਵੇਗਾ।