ਆਸਟ੍ਰੇਲੀਆ ਦੀ ਲਾਇਬ੍ਰੇਰੀ ਨੂੰ ਸੌਂਪੀ ਗਈ ਡਾ. ਜਵਾਹਰ ਧੀਰ ਦੀ ਕਿਤਾਬ
ਆਸਟ੍ਰੇਲੀਆ ਦੀ ਲਾਇਬ੍ਰੇਰੀ ਨੂੰ ਸੌਂਪੀ ਗਈ ਡਾ. ਜਵਾਹਰ ਧੀਰ ਦੀ ਮਾਂ ‘ਤੇ ਲਿਖੀ ਪੁਸਤਕ
Publish Date: Tue, 03 Feb 2026 07:17 PM (IST)
Updated Date: Tue, 03 Feb 2026 07:20 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬੀਤੇ ਦਿਨੀਂ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿਚ ਆਸਟ੍ਰੇਲੀਆ ਦੇ ਰਾਸ਼ਟਰੀ ਦਿਵਸ ਦੇ ਮੌਕੇ ’ਤੇ ਇਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਹ ਸਮਾਰੋਹ ਸਮਾਰਟ ਕਲੱਬ ਆਫ਼ ਮੈਲੌਬਰਨ ਵੱਲੋਂ ਬਾਲਾ-ਬਾਲਾ ਕਮਿਊਨਿਟੀ ਸੈਂਟਰ, ਕਲਾਈਡ ਨਾਰਥ ਵਿਚ ਕਰਵਾਇਆ ਗਿਆ, ਜਿਸ ਦੌਰਾਨ ਭਾਰਤ ਦੇ ਪ੍ਰਸਿੱਧ ਸਾਹਿਤਕਾਰ ਡਾ. ਜਵਾਹਰ ਧੀਰ ਦੀ ਨਵੀਂ ਪੁਸਤਕ ‘ਮਾਂ ਕਦੇ ਮਰਦੀ ਨਹੀਂ’ ਆਸਟ੍ਰੇਲੀਆ ਦੀ ਲਾਇਬ੍ਰੇਰੀ ਨੂੰ ਭੇਟ ਕੀਤੀ ਗਈ। ਸਮਾਰਟ ਕਲੱਬ ਦੇ ਪ੍ਰਧਾਨ ਰਜਿੰਦਰ ਢੀਂਗਰਾ ਵੱਲੋਂ ਇਹ ਪੁਸਤਕ ਲਾਇਬ੍ਰੇਰੀ ਨੂੰ ਸੌਂਪੀ ਗਈ। ਇਸ ਮੌਕੇ ‘ਤੇ ਮੌਜੂਦ ਸਾਂਸਦ ਕੈਸੈਂਡਰਾ ਫਰਨਾਂਡੋ ਨੇ ਪੁਸਤਕ ‘ਤੇ ਦਸਤਖ਼ਤ ਕਰਦਿਆਂ ਕਿਹਾ ਕਿ ਮਾਂ ਹੀ ਇਸ ਸ੍ਰਿਸ਼ਟੀ ਦੀ ਰਚਨਹਾਰ ਹੈ। ਮਾਂ ਦੇ ਕਾਰਨ ਹੀ ਅਸੀਂ ਸਭ ਇਸ ਸੰਸਾਰ ਵਿਚ ਆਏ ਹਾਂ ਤੇ ਹਰ ਇਕ ਨੂੰ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਾਂਸਦ ਪੋਲਾਈਨ ਰਿਚਰਡ ਨੇ ਪੁਸਤਕ ‘ਮਾਂ ਕਦੇ ਮਰਦੀ ਨਹੀਂ’ ਲਾਇਬ੍ਰੇਰੀ ਨੂੰ ਸੌਂਪਣ ਸਮੇਂ ਕਿਹਾ ਕਿ ਭਾਰਤ ਦੇ ਸਾਹਿਤਕਾਰ ਡਾ. ਜਵਾਹਰ ਧੀਰ ਇਸ ਮਹੱਤਵਪੂਰਨ ਵਿਸ਼ੇ ‘ਤੇ ਪੁਸਤਕ ਸੰਪਾਦਿਤ ਕਰਨ ਲਈ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਮਾਂ ਵਰਗੇ ਪਵਿੱਤਰ ਰਿਸ਼ਤੇ ‘ਤੇ ਲਿਖੀ ਗਈ ਇਹ ਪੁਸਤਕ ਸਮਾਜ ਲਈ ਪ੍ਰੇਰਣਾਦਾਇਕ ਸਾਬਤ ਹੋਵੇਗੀ। ਇਸ ਮੌਕੇ ‘ਤੇ ਸਾਹਿਤਕਾਰ ਡਾ. ਜਵਾਹਰ ਧੀਰ ਨੇ ਆਸਟ੍ਰੇਲੀਆ ਦੀ ਇਸ ਲਾਇਬ੍ਰੇਰੀ ਨਾਲ ਜੁੜੇ ਸਾਰੇ ਸਹਿਯੋਗੀਆਂ ਦਾ ਇਸ ਸ਼ਾਨਦਾਰ ਪਹਿਲ ਲਈ ਧੰਨਵਾਦ ਕੀਤਾ। ਗੌਰਤਲਬ ਹੈ ਕਿ ਰਜਿੰਦਰ ਢੀਂਗਰਾ ਨੇ ਪਿਛਲੇ ਮਹੀਨੇ ਆਪਣੇ ਭਾਰਤ ਦੌਰੇ ਦੌਰਾਨ ਡਾ. ਜਵਾਹਰ ਧੀਰ ਤੋਂ ਆਸਟ੍ਰੇਲੀਆਈ ਲਾਇਬ੍ਰੇਰੀ ਲਈ ਪੁਸਤਕ ਦੀਆਂ ਕਾਪੀਆਂ ਪ੍ਰਾਪਤ ਕੀਤੀਆਂ ਸਨ। ਇਸ ਸਮਾਰੋਹ ਵਿਚ ਪ੍ਰਧਾਨ ਰਜਿੰਦਰ ਢੀਂਗਰਾ ਦੇ ਨਾਲ ਸਕੱਤਰ ਮੁਮਤਾਜ਼ ਮਕਬੂਲ, ਪੰਕਜ ਡਾਂਗ, ਸੁਰਜੀਤ ਲਾਂਬਾ ਐਡਵੋਕੇਟ, ਪਰਵੀਨ ਕੁਕਰੇਜਾ, ਸੰਧੂ ਸਮੇਤ ਹੋਰ ਕਈ ਕਲੱਬ ਮੈਂਬਰ ਵੀ ਹਾਜ਼ਰ ਸਨ।