ਭੇਦ ਭਰੇ ਹਲਾਤਾਂ ’ਚ ਛੱਪੜ ’ਚੋਂ ਮਿਲੀ ਨੌਜਵਾਨ ਦੀ ਲਾਸ਼
ਭੇਦ ਭਰੇ ਹਾਲਾਤਾਂ ਚ ਛੱਪੜ ਚੋਂ ਮਿਲੀ ਨੌਜਵਾਨ ਦੀ ਲਾਸ਼
Publish Date: Sat, 04 Apr 2026 08:59 PM (IST)
Updated Date: Sat, 04 Apr 2026 09:01 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਕੁਝ ਦਿਨ ਪਹਿਲਾਂ ਲਾਪਤਾ ਹੋਏ ਸ਼ਿਵਪੁਰੀ ਫਗਵਾੜਾ ਦੇ ਨੌਜਵਾਨ ਦੀ ਖੋਥੜਾਂ ਪਿੰਡ ਦੇ ਛੱਪੜ ’ਚੋਂ ਭੇਦ ਭਰੇ ਹਲਾਤਾਂ ’ਚ ਲਾਸ਼ ਬਰਾਮਦ ਹੋਈ। ਜਾਣਕਾਰੀ ਦਿੰਦਿਆਂ ਮ੍ਰਿਤਕ ਰਾਜਨ ਦੇ ਪਿਤਾ ਬਿਆਸ ਸਿੰਘ ਵਾਸੀ ਸ਼ਿਵਪੁਰੀ ਫਗਵਾੜਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਬੀਤੇ ਐਤਵਾਰ ਨੂੰ ਘਰੋਂ ਗਾਇਬ ਹੋ ਗਿਆ ਸੀ। ਉਨ੍ਹਾਂ ਨੇ ਇਸ ਦੀ ਰਿਪੋਰਟ ਵੀ ਥਾਣੇ ਦਰਜ ਕਰਵਾ ਦਿੱਤੀ ਸੀ। ਅੱਜ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਲੜਕੇ ਦੀ ਛੱਪੜ ’ਚੋਂ ਲਾਸ਼ ਮਿਲੀ ਹੈ। ਜਦੋਂ ਮੌਕੇ ’ਤੇ ਜਾ ਕੇ ਜਾਂਚ ਕੀਤੀ ਤਾਂ ਕਿਸੇ ਨੇ ਉਨ੍ਹਾਂ ਦੇ ਲੜਕੇ ਨੂੰ ਮਾਰ ਕੇ ਛੱਪੜ ਵਿਚ ਸੁੱਟ ਦਿੱਤਾ ਸੀ। ਮੌਕੇ ’ਤੇ ਮੌਜੂਦ ਏਐੱਸਆਈ ਜਸਕਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਖੋਥੜਾਂ ਦੇ ਛੱਪੜ ਵਿਚੋਂ ਕ ਲਾਸ਼ ਬਰਾਮਦ ਹੋਈ ਹੈ। ਮੌਕੇ ਤੇ ਲੜਕੇ ਦੀ ਪਛਾਣ ਰਾਜਨ ਵਾਸੀ ਸ਼ਿਵਪੁਰੀ ਵਜੋਂ ਹੋਈ। ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਪਰਿਵਾਰਕ ਮੈਂਬਰਾਂ ਵੱਲੋਂ ਬਿਆਨ ਦਰਜ ਕਰਵਾਏ ਜਾਣਗੇ, ਉਸ ਸਬੰਧੀ ਕਾਰਵਾਈ ਕੀਤੀ ਜਾਵੇਗੀ।