- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਾਕ ਕਾਂਗਰਸ ਪ੍ਰਧਾਨ ਨਰੇਸ਼ ਭਾਰਦਵਾਜ ਨੇ ਨਗਰ ਕੌਂਸਲਰਾਂ ਨਾਲ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਕੀਤੀ ਚਰਚਾ

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਬਲਾਕ ਕਾਂਗਰਸ ਫਗਵਾੜਾ (ਸ਼ਹਿਰੀ) ਦੇ ਪ੍ਰਧਾਨ ਨਰੇਸ਼ ਭਾਰਦਵਾਜ ਨੇ ਪਾਰਟੀ ਦੇ ਸਮੂਹ ਨਗਰ ਕੌਂਸਲਰਾਂ ਅਤੇ ਪਿਛਲੀਆਂ ਨਗਰ ਨਿਗਮ ਚੋਣਾਂ ਦੌਰਾਨ ਸ਼ਹਿਰ ਦੇ ਸਾਰੇ 50 ਵਾਰਡਾਂ ਤੋਂ ਪਾਰਟੀ ਵੱਲੋਂ ਉਤਾਰੇ ਗਏ ਉਮੀਦਵਾਰਾਂ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਸੇਵਾਮੁਕਤ ਆਈਏਐੱਸ) ਦੇ ਨਿਵਾਸ ਸਥਾਨ ’ਤੇ ਹੋਈ। ਇਸ ਵਿਸ਼ੇਸ਼ ਮੀਟਿੰਗ ਵਿੱਚ ਵਿਧਾਇਕ ਧਾਲੀਵਾਲ ਤੋਂ ਇਲਾਵਾ ਪਾਰਟੀ ਦੇ ਆਗੂਆਂ ਵੱਲੋਂ ਜ਼ਿਲ੍ਹਾ ਕਪੂਰਥਲਾ ਲਈ ਨਿਯੁਕਤ ਐੱਸਆਈਆਰ ਇੰਚਾਰਜ ਪੰਕਜ ਕ੍ਰਿਪਾਲ ਵੀ ਖਾਸ ਤੌਰ ’ਤੇ ਸ਼ਾਮਲ ਹੋਏ। ਸਭ ਤੋਂ ਪਹਿਲਾਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸਮੂਹ ਵਰਕਰਾਂ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜੋਸ਼ ਭਰਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੇ ਹਿੱਤਾਂ ਅਤੇ ਜਨ ਭਾਵਨਾਵਾਂ ਦੀ ਆਵਾਜ਼ ਬਣ ਕੇ ਖੜ੍ਹੀ ਰਹੀ ਹੈ। ਪੰਜਾਬ ਦੀ ਜਨਤਾ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਨਿਰਾਸ਼ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਇੱਕ ਮਜ਼ਬੂਤ ਵਿਕਲਪ ਵਜੋਂ ਦੇਖ ਰਹੀ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਹੁਣ ਤੋਂ ਹੀ ਬੂਥ ਪੱਧਰ ਤੱਕ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਵਿੱਚ ਜਾ ਕੇ ਕਾਂਗਰਸ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਪਹੁੰਚਾਉਣ ਦਾ ਕੰਮ ਸ਼ੁਰੂ ਕਰਨ, ਤਾਂ ਜੋ ਚੋਣਾਂ ਵਿੱਚ ਪਾਰਟੀ ਨੂੰ ਵੱਧ ਤੋਂ ਵੱਧ ਸਮਰਥਨ ਮਿਲ ਸਕੇ। ਇਸ ਤੋਂ ਬਾਅਦ ਐੱਸਆਈਆਰ ਇੰਚਾਰਜ ਪੰਕਜ ਕ੍ਰਿਪਾਲ ਨੇ ਵਾਰਡ ਕੌਂਸਲਰਾਂ ਅਤੇ ਹੋਰ ਮੌਜੂਦ ਪਾਰਟੀ ਵਰਕਰਾਂ ਨੂੰ ਐੱਸਆਈਆਰ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਵਿਸ਼ੇਸ਼ ਗਹਿਰਾ ਪੁਨਰੀਖਣ) ਤਹਿਤ ਵੋਟਰ ਸੂਚੀਆਂ ਨੂੰ ਅਪਡੇਟ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਪ੍ਰਕਿਰਿਆ ਦੌਰਾਨ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ, ਯੋਗ ਵੋਟਰਾਂ ਦੇ ਨਾਮ ਸੂਚੀ ਵਿੱਚ ਸ਼ਾਮਲ ਕਰਵਾਉਣਾ ਅਤੇ ਗਲਤੀਆਂ ਨੂੰ ਠੀਕ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਆਪਣੇ-ਆਪਣੇ ਖੇਤਰਾਂ ਵਿੱਚ ਘਰ-ਘਰ ਜਾ ਕੇ ਵੋਟਰ ਸੂਚੀਆਂ ਦੀ ਜਾਂਚ ਕਰਵਾਉਣ ਅਤੇ ਇਹ ਯਕੀਨੀ ਬਣਾਉਣ ਕਿ ਹਰ ਯੋਗ ਨਾਗਰਿਕ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਹੋਵੇ। ਇਸ ਮੌਕੇ ਬਲਾਕ ਪ੍ਰਧਾਨ ਨਰੇਸ਼ ਭਾਰਦਵਾਜ ਨੇ ਐੱਸਆਈਆਰ ਸਬੰਧੀ ਮਹੱਤਵਪੂਰਨ ਜਾਣਕਾਰੀ ਦੇਣ ਅਤੇ ਵਰਕਰਾਂ ਨੂੰ ਇਸ ਪ੍ਰਕਿਰਿਆ ਪ੍ਰਤੀ ਜਾਗਰੂਕ ਕਰਨ ਲਈ ਜ਼ਿਲ੍ਹਾ ਇੰਚਾਰਜ ਪੰਕਜ ਕ੍ਰਿਪਾਲ ਦਾ ਧੰਨਵਾਦ ਕੀਤਾ।
ਉਨ੍ਹਾਂ ਸਮੂਹ ਕੌਂਸਲਰਾਂ ਅਤੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਸਾਰਾ ਪੰਜਾਬ ਕਾਂਗਰਸ ਵੱਲ ਵੱਡੀਆਂ ਉਮੀਦਾਂ ਨਾਲ ਦੇਖ ਰਿਹਾ ਹੈ, ਕਿਉਂਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਬਦਲਾਅ ਦਾ ਨਾਅਰਾ ਲੈ ਕੇ ਸੱਤਾ ਵਿੱਚ ਆਏ ਸਨ, ਪਰ ਪੰਜ ਸਾਲਾਂ ਦੌਰਾਨ ਬਦਲੇ ਦੀ ਰਾਜਨੀਤੀ ਤੋਂ ਇਲਾਵਾ ਕੁਝ ਨਹੀਂ ਕੀਤਾ। ਅਦਾਲਤਾਂ ਦੀ ਫਟਕਾਰ ਦੇ ਬਾਵਜੂਦ ਸਰਕਾਰੀ ਗੁੰਡਾਗਰਦੀ ਲਗਾਤਾਰ ਜਾਰੀ ਹੈ। ਉਨ੍ਹਾਂ ਨਗਰ ਕੌਂਸਲਰਾਂ ਅਤੇ ਵਰਕਰਾਂ ਨੂੰ ਹਰ ਵਾਰਡ ਵਿੱਚ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਨ ਦਾ ਸੱਦਾ ਦਿੱਤਾ ਅਤੇ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਇੱਕ ਵਾਰ ਫਿਰ ਫਗਵਾੜਾ ਸੀਟ ‘ਤੇ ਪੂਰੇ ਜੋਸ਼ ਨਾਲ ਚੋਣ ਮੈਦਾਨ ਵਿੱਚ ਉਤਰੇਗੀ ਅਤੇ ਪਿਛਲੀਆਂ ਦੋ ਵਾਰਾਂ ਦੀ ਤਰ੍ਹਾਂ ਇਸ ਵਾਰ ਹੋਰ ਵੀ ਵੱਡੇ ਫਰਕ ਨਾਲ ਜਿੱਤ ਹਾਸਲ ਕਰਕੇ ਇਹ ਸੀਟ ਪਾਰਟੀ ਦੀ ਝੋਲੀ ਵਿੱਚ ਪਾਏਗੀ। ਇਸ ਮੌਕੇ ਸਮੂਹ ਨਗਰ ਕੌਂਸਲਰ, ਪਾਰਟੀ ਦੇ ਹੋਰ ਅਹੁਦੇਦਾਰ ਅਤੇ ਸਨਮਾਨਿਤ ਵਰਕਰ ਹਾਜ਼ਰ ਸਨ।