ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, 3 ਗ੍ਰਿਫਤਾਰ 1 ਨਾਮਜ਼ਦ
ਅੰਨੇ ਕਤਲ ਦੀ ਗੁੱਥੀ ਸੁਲਝੀ, 3 ਮੁੱਖ ਦੋਸ਼ੀ ਗ੍ਰਿਫਤਾਰ 1 ਨਾਜ਼ਮਦ
Publish Date: Mon, 08 Jun 2026 09:22 PM (IST)
Updated Date: Mon, 08 Jun 2026 09:23 PM (IST)

ਦਰਿਆ ਬਿਆਸ ਵਿਚੋਂ ਲਾਸ਼ ਬਰਾਮਦ, ਦੋਸ਼ੀਆਂ ਦਾ 3 ਦਿਨਾਂ ਰਿਮਾਂਡ ਮਿਲਿਆ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੁਲਿਸ ਵੱਲੋਂ ਬੀਤੇ ਦਿਨ ਨੌਜਵਾਨ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਕੁਝ ਹੀ ਘੰਟਿਆਂ ਵਿਚ ਸੁਲਝਾਉਂਦੇ ਹੋਏ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ। ਇਸ ਮਾਮਲੇ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਏਐੱਸਪੀ ਧੀਰੇਂਦਰ ਵਰਮਾ ਆਈਪੀਐੱਸ ਨੇ ਦੱਸਿਆ ਕਿ ਥਾਣਾ ਕਬੀਰਪੁਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋ ਐੱਸਆਈ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਕਬੀਰਪੁਰ ਵੱਲੋਂ ਸਮੁੱਚੀ ਟੀਮ ਸਮੇਤ ਮੁਸਤੈਦੀ ਨਾਲ ਇਸ ਕਤਲਕਾਂਡ ਨੂੰ ਸੁਲਝਾ ਲਿਆ ਤੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕਤਲ ਦੌਰਾਨ ਵਰਤਿਆ ਗਿਆ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦਰਿਆ ਬਿਆਸ ਵਿਚੋਂ ਗੋਤਾਖੋਰਾਂ ਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਲਾਸ਼ ਨੂੰ ਬਰਾਮਦ ਕੀਤਾ ਗਿਆ ਹੈ। ਗੌਰਤਲਬ ਹੈ ਕਿ ਜਸਬੀਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਬਾਊਪੁਰ ਜਦੀਦ ਥਾਣਾ ਕਬੀਰਪੁਰ ਵੱਲੋਂ ਸੂਚਿਤ ਕੀਤਾ ਗਿਆ ਕਿ ਉਸਦਾ ਲੜਕਾ ਰਾਹੁਲ ਸਿੰਘ, ਜਿਸ ਦੀ ਉਮਰ ਕਰੀਬ 26 ਸਾਲ ਹੈ ਤੇ ਏਅਰਟੈੱਲ ਕੰਪਨੀ ਸੁਲਤਾਨਪੁਰ ਲੋਧੀ ਵਿਚ ਕੰਮ ਕਰਦਾ ਹੈ, ਮਿਤੀ 5.6.2026 ਨੂੰ ਘਰੋਂ ਡਿਊਟੀ ਗਿਆ ਸੀ, ਪਰ ਹੁਣ ਤੱਕ ਵਾਪਸ ਨਹੀ ਆਇਆ। ਇਸ ਸਬੰਧ ਵਿਚ ਤੁਰੰਤ ਸਪੈਸ਼ਲ ਟੀਮਾਂ ਬਣਾ ਕਿ ਸੀਸੀਟੀਵੀ ਫੁਟੇਜ ਖੰਘਾਲਣੇ ਸ਼ੁਰੂ ਕੀਤੇ ਤਾਂ ਇਕ ਫੁਟੇਜ ’ਚ ਗੁਮਸ਼ੁਦਾ ਰਾਹੁਲ ਸਿੰਘ ਦਾ ਪਿੱਛਾ ਕਰਦੀ ਇਕ ਕਾਰ ਵਿਖਾਈ ਦਿੱਤੀ। ਇਸੇ ਦੌਰਾਨ ਰਾਹੁਲ ਸਿੰਘ ਦਾ ਮੋਟਰਸਾਈਕਲ ਬਾਊਪੁਰ ਪੁੱਲ ਦੇ ਹੇਠਾਂ ਡਿੱਗਿਆ ਮਿਲਿਆ ਤੇ ਉਸਦਾ ਖੂਨ ਵੀ ਡੁੱਲਾ ਹੋਇਆ ਮਿਲਿਆ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਰਾਹੁਲ ਸਿੰਘ ਦਾ ਪਿੱਛਾ ਕਰਨ ਵਾਲੇ ਮਲਕੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਨਵੀਂ ਅਬਾਦੀ ਅਦਾਲਤ ਚੱਕ ਥਾਣਾ ਸੁਲਤਾਨਪੁਰ ਲੋਧੀ, ਬਲਵਿੰਦਰ ਸਿੰਘ ਉਰਫ ਲੱਡੂ ਪੁੱਤਰ ਜਰਨੈਲ ਸਿੰਘ ਵਾਸੀ ਮਹਿਤਮਾ ਵਾਲਾ ਥਾਣਾ ਤਲਵੰਡੀ ਚੌਧਰੀਆਂ ਤੇ ਸਾਹਿਲਪ੍ਰੀਤ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਕਾਹਨਾ ਥਾਣਾ ਫੱਤੂਢੀਗਾ ਜ਼ਿਲ੍ਹਾ ਕਪੂਰਥਲਾ ਨੂੰ ਕਾਬੂ ਕੀਤਾ ਗਿਆ। ਨਾਮਜ਼ਦ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਹੀ ਰਾਹੁਲ ਸਿੰਘ ਦਾ ਕਤਲ ਕਰਕੇ ਲਾਸ਼ ਬਿਆਸ ਦਰਿਆ ਵਿਚ ਸੁੱਟ ਦਿੱਤੀ ਹੈ, ਜਿਸ ’ਤੇ ਮੁਕੱਦਮਾ ਨੰਬਰ 32 ਮਿਤੀ 06.06.2026 ਅ/ਧ 103(1) ਬੀਐੱਨਐੱਸ ਥਾਣਾ ਕਬੀਰਪੁਰ ਦਰਜ ਰਜਿਸਟਰ ਕਰਕੇ ਉਕਤ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਧੀਰੇਂਦਰ ਵਰਮਾ ਆਈਪੀਐੱਸ ਨੇ ਦੱਸਿਆ ਕਿ ਮ੍ਰਿਤਕ ਰਾਹੁਲ ਸਿੰਘ, ਜੋ ਕਿ ਮਲਕੀਤ ਸਿੰਘ ਦਾ ਪੁਰਾਣਾ ਮਿੱਤਰ ਸੀ, ਦਾ ਮਲਕੀਤ ਸਿੰਘ ਦੇ ਘਰ ਵਿਖੇ ਕਾਫੀ ਆਉਣਾ-ਜਾਣਾ ਸੀ, ਜਿਸਦੇ ਮਲਕੀਤ ਸਿੰਘ ਦੀ ਪਤਨੀ ਕਾਜਲ ਨਾਲ ਨਾਜਾਇਜ਼ ਸਬੰਧ ਬਣ ਗਏ। ਮਲਕੀਤ ਸਿੰਘ ਨੂੰ ਪਤਾ ਲੱਗਣ ’ਤੇ ਪਹਿਲਾਂ ਉਸ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਤੇ ਬਾਅਦ ’ਚ ਆਪਣੇ 2 ਸਾਥੀਆਂ ਨੂੰ ਨਾਲ ਲੈ ਕੇ ਕਤਲ ਕਰਨ ਦੀ ਸਾਜਿਸ਼ ਰਚੀ ਤੇ ਰਾਹੁਲ ਸਿੰਘ ਦਾ ਰਾਤ ਸਮੇਂ ਪਿੱਛਾ ਕਰਕੇ ਕਤਲ ਕਰ ਦਿੱਤਾ ਗਿਆ ਤੇ ਉਸਦੀ ਲਾਸ਼ ਨੂੰ ਬੰਨ੍ਹ ਕੇ ਬਿਆਸ ਦਰਿਆ ਵਿਚ ਸੁੱਟ ਦਿੱਤਾ ਗਿਆ। ਇਸ ਰੰਜਿਸ਼ ਵਿਚ ਸ਼ਾਮਲ ਮਲਕੀਤ ਸਿੰਘ ਦੀ ਪਤਨੀ ਕਾਜਲ ਨੂੰ ਵੀ ਉਕਤ ਮੁਕੱਦਮਾ ਵਿਚ ਗ੍ਰਿਫਤਾਰ ਕਰਕੇ ਵਾਧਾ ਜੁਰਮ 140(1),61(2) ਬੀਐੱਨਐੱਸ ਕੀਤਾ ਗਿਆ ਹੈ। ਮ੍ਰਿਤਕ ਰਾਹੁਲ ਸਿੰਘ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੌਰਾਨੇ ਤਫਤੀਸ਼ ਮੁਲਜ਼ਮਾਂ ਪਾਸੋਂ ਵਾਰਦਾਤ ਸਮੇਂ ਵਰਤੀ ਕਾਰ, ਮੋਟਰਸਾਈਕਲ, 2 ਦਾਤਰ ਤੇ 1 ਕਿਰਚ ਤੇ 2 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਗ੍ਰਿਫਤਾਰ ਦੋਸ਼ੀਆਂ ਨੂੰ ਮਿਤੀ 07.07.2026 ਨੂੰ ਪੇਸ਼ ਅਦਾਲਤ ਕਰਕੇ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।