- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਆਹਾਂ ਦੇ ਸੀਜ਼ਨ ਦੌਰਾਨ 10-20 ਦੇ ਨੋਟਾਂ ਦੀ ਧੜੱਲੇ ਨਾਲ ਹੋ ਰਹੀ ਕਾਲ਼ਾ ਬਜ਼ਾਰੀ

ਦੁਕਾਨਾਂ ਤੋਂ ਹਜ਼ਾਰ ਰੁਪਏ ਲੈਣ ਲਈ ਦੇਣੇ ਪੈਂਦੇ ਹਨ ਚੌਦਾਂ ਸੌ
ਇਹ ਨੋਟ ਆਖਿਰ ਦੁਕਾਨਾਂ ’ਤੇ ਕਿਵੇਂ ਪਹੁੰਚਦੇ ਹਨ?
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ
ਕਾਲਾ ਸੰਘਿਆ : ਸਾਡੇ ਦੇਸ਼ ’ਚ ਆਮ ਹੀ ਵੇਖਣ ਨੂੰ ਮਿਲਦਾ ਹੈ ਕਿ ਕਿਸੇ ਚੀਜ਼ ਦੀ ਮੰਗ ਵਧਣ ’ਤੇ ਉਸ ਦੀ ਕਾਲਾਬਾਜ਼ਾਰੀ ਜ਼ੋਰਾਂ ’ਤੇ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਵੇਂ ਹੀ ਸਰਦੀਆਂ ਵਿਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਤਾਂ ਲੋਕਾਂ ਨੂੰ 10-20 ਜਾਂ 50 ਰੁਪਏ ਦੇ ਨੋਟਾਂ ਦੀ ਜ਼ਰੂਰਤ ਪੈਂਦੀ ਹੈ ਤੇ ਇਸ ਜ਼ਰੂਰਤ ਨੂੰ ਪੂਰਾ ਕਰਨਾ ਬੈਂਕਾਂ ਦਾ ਕੰਮ ਹੁੰਦਾ ਹੈ ਪਰ ਬੈਂਕਾਂ ਵਾਲਿਆਂ ਤੋਂ ਜਦੋਂ ਆਮ ਲੋਕ ਜਾ ਕੇ 10-20 ਦੇ ਨੋਟਾਂ ਬਾਰੇ ਪੁੱਛਦਾ ਹੈ ਤਾਂ ਬੈਂਕ ਮੁਲਾਜ਼ਮ ਪਹਿਲਾਂ ਹੀ ਹੱਥ ਖੜ੍ਹੇ ਕਰ ਦਿੰਦੇ ਹਨ। ਕੋਈ ਸਮਾਂ ਸੀ ਜਦ ਬੈਂਕਾਂ ਵਿਚ ਵਿਆਹ ਦਾ ਕਾਰਡ ਵਿਖਾ ਕੇ ਗ੍ਰਾਹਕ 10 ਰੁਪਏ ਦੇ ਨੋਟਾਂ ਦੇ ਕੁਝ ਬੰਡਲ ਆਰਾਮ ਨਾਲ਼ ਲੈ ਜਾਂਦਾ ਸੀ ਪਰ ਹੁਣ ਬਲੈਕ ਦੇ ਚਲਦਿਆਂ ਵੱਡੀ ਸਿਫਾਰਸ਼ ਨਾਲ਼ ਇਹ ਨੋਟ ਬੈਂਕਾਂ ਵਾਲਿਆਂ ਤੋਂ ਬੜੀ ਮੁਸ਼ਕਿਲ ਨਾਲ਼ ਮਿਲ਼ਦੇ ਹਨ। ਪੱਤਰਕਾਰਾਂ ਦੀ ਟੀਮ ਵੱਲੋਂ ਕਪੂਰਥਲਾ ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਅਤੇ ਨਿੱਜੀ ਬੈਂਕਾਂ ਜਿਨ੍ਹਾਂ ਵਿਚ ਕਾਲਾ ਸੰਘਿਆ ਦੇ ਪੰਜਾਬ ਨੈਸ਼ਨਲ ਬੈਂਕ, ਕੈਨਰਾ ਬੈਂਕ, ਕੈਪੀਟਲ ਬੈਂਕ, ਐੱਚਡੀਐੱਫਸੀ ਸਮੇਤ ਹੋਰ ਬੈਂਕਾਂ ਵਿਚ 10-20 ਦੇ ਨੋਟ ਲੈਣ ਲਈ ਸਰਵੇ ਕੀਤਾ ਗਿਆ ਤਾਂ ਬੈਂਕ ਮੁਲਾਜ਼ਮਾਂ ਨੇ ਕੈਮਰੇ ’ਤੇ ਬੋਲਣ ਤੋਂ ਮਨਾਂ ਕਰਦਿਆਂ ਇਹੀ ਕਿਹਾ ਕਿ ਪਿਛੋਂ ਹੀ ਇਹ ਨੋਟ ਨਹੀਂ ਆਉਂਦੇ। ਦੂਜੇ ਪਾਸੇ ਬਜ਼ਾਰਾਂ ’ਚ ਇਨ੍ਹਾਂ ਨੋਟਾਂ ਦੀ ਕਾਲਾਬਾਜ਼ਾਰੀ ਧੜੱਲੇ ਨਾਲ਼ ਚਲ ਰਹੀ ਹੈ ਅਤੇ ਦੁਕਾਨਦਾਰਾਂ ਕੋਲ਼ ਇਨ੍ਹਾਂ ਨੋਟਾਂ ਦੀਆਂ ਥੱਦੀਆਂ ਬੜੇ ਅਰਾਮ ਨਾਲ ਮਿਲ ਜਾਂਦੀਆਂ ਹਨ ਪਰ ਉਸ ਲਈ ਗ੍ਰਾਹਕ ਨੂੰ 1000 ਰੁਪਏ ਦੇ ਬਦਲੇ 1200 ਤੋਂ ਲੈ ਕੇ 1400 ਜਾਂ ਉਸ ਤੋਂ ਵੀ ਵੱਧ ਪੈਸੇ ਦੇਣੇ ਪੈਂਦੇ ਹਨ। ਹੁਣ ਸਵਾਲ ਇਹ ਹੈ ਕਿ ਆਖਿਰ ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਜਾਰੀ 10-20 ਜਾਂ 50 ਦੇ ਨੋਟ ਦੇ ਕਰੰਸੀ ਚੈਸਟ, ਜੋ ਵੱਖ-ਵੱਖ ਬੈਂਕਾਂ ਦਾ ਆਪਣਾ ਹੁੰਦਾ ਹੈ, ਨੂੰ ਦਿੱਤੇ ਜਾਂਦੇ ਹਨ ਤੇ ਕਰੰਸੀ ਚੈਸਟ ਨੇ ਅੱਗੇ ਬ੍ਰਾਂਚਾਂ ਨੂੰ ਸਪਲਾਈ ਕਰਨੇ ਹੁੰਦੇ ਹਨ ਪਰ ਇਹ ਨੋਟ ਬਜ਼ਾਰਾਂ ਵਿਚ ਕਿਵੇਂ ਪਹੁੰਚਦੇ ਹਨ। ਆਰਬੀਆਈ ਤੋਂ ਆਏ ਇਹ ਛੋਟੇ ਨੋਟਾਂ ਦੀ ਸਪਲਾਈ ਬਾਹਰ ਦੁਕਾਨਾਂ ’ਤੇ ਕਰੰਸੀ ਚੈਸਟ ਜਾਂ ਬੈਂਕਾਂ ਦੇ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀ। ਆਮ ਲੋਕਾਂ ਦੀ ਇੰਨੇ ਵੱਡੇ ਪੱਧਰ ’ਤੇ ਹੁੰਦੀ ਲੁੱਟ ਲਈ ਕੌਣ ਲੋਕ ਜਾਂ ਕਿਹੜੇ ਬੈਂਕਾਂ ਵਾਲੇ ਅਧਿਕਾਰੀ ਜ਼ਿੰਮੇਵਾਰ ਹਨ ਅਤੇ ਹੁਣ ਤੱਕ ਕਿਸੇ ਵੀ ਸਰਕਾਰ ਜਾਂ ਪ੍ਰਸ਼ਾਸਨ ਜਾਂ ਆਰਬੀਆਈ ਦਾ ਧਿਆਨ ਇਨ੍ਹਾਂ ’ਤੇ ਕਿਉਂ ਨਹੀਂ ਗਿਆ ਜਾਂ ਫਿਰ ਸਭ ਨੇ ਜਾਣਬੁੱਝ ਕੇ ਅੱਖਾਂ ’ਤੇ ਪੱਟੀ ਬੰਨ੍ਹੀ ਹੋਈ ਹੈ। ਇਸ ਗੰਭੀਰ ਮੁੱਦੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਜਿਹੜੇ ਵੀ ਅਧਿਕਾਰੀ ਇਸ ਕਾਲਾਬਾਜ਼ਾਰੀ ਵਿਚ ਸ਼ਾਮਲ ਹਨ, ਉਨ੍ਹਾਂ ’ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਸਰਕਾਰ ਇਸ ਸਭ ਦੀ ਜਾਂਚ ਕਰਵਾਏ : ਸੋਹਲ
ਕਿਸੇ ਵੀ ਵਿਆਹ ਜਾਂ ਸਮਾਗਮ ਲਈ ਆਮ ਲੋਕਾਂ ਨੂੰ ਕਦੇ ਵੀ ਬੈਂਕਾਂ ਤੋਂ 10 ਰੁਪਏ ਜਾਂ 20 ਰੁਪਏ ਦੇ ਨਵੇਂ ਨੋਟ ਨਹੀਂ ਮਿਲ਼ਦੇ ਬੈਂਕ ਵਾਲੇ ਚਿੱਟਾ ਜਵਾਬ ਦਿੰਦੇ ਹਨ ਕਿ ਨੋਟ ਪਿੱਛੋਂ ਹੀ ਨਹੀਂ ਆਉਂਦੇ ਅਤੇ ਜਦਕਿ ਬਜ਼ਾਰਾਂ ਵਿਚ ਸ਼ਰੇਆਮ ਇਨ੍ਹਾਂ ਨੋਟਾਂ ਦੀ ਬਲੈਕ ਹੁੰਦੀ ਹੈ। ਇਸ ਦੀ ਸਰਕਾਰ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ।
ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ : ਮੰਨਾ
ਨੋਟਾਂ ਦੀ ਕਾਲਾਬਾਜ਼ਾਰੀ ਬਹੁਤ ਵੱਡਾ ਨੈਕਸੈੱਸ ਹੈ, ਇਸ ਦੀ ਗੰਭੀਰਤਾ ਨਾਲ਼ ਜਾਂਚ ਹੋਣੀ ਚਾਹੀਦੀ ਹੈ ਕਿ ਆਖਿਰ ਰਿਜ਼ਰਵ ਬੈਂਕ ਆਫ਼ ਇੰਡੀਆ ਤੋਂ ਆਈ ਛੋਟੀ ਕਰੰਸੀ ਬੈਂਕ ਵਿਚ ਨਾ ਹੋ ਕੇ ਬਾਜ਼ਾਰ ਵਿਚ ਕਿਵੇਂ ਪਹੁੰਚਦੀ ਹੈ ਤੇ ਇਸ ਵਿਚ ਕੌਣ-ਕੌਣ ਹਿੱਸੇਦਾਰ ਤੇ ਜ਼ਿੰਮੇਵਾਰ ਹਨ ਕਿਉਂਕਿ ਛੋਟੀਆਂ ਬੈਂਕਾਂ ਨਹੀਂ ਸਗੋਂ ਵੱਡੀਆਂ ਬ੍ਰਾਂਚਾਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਇਹ ਸੰਭਵ ਨਹੀਂ। ਇਸ ਲਈ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
‘ਨੋ ਕੁਮੈਂਟ’, ਇਸ ਵੇਲੇ ਆਰਬੀਆਈ ਤੋਂ ਛੋਟੇ ਹੀ ਨਹੀਂ ਵੱਡੇ ਨੋਟ ਵੀ ਨਹੀਂ ਆ ਰਹੇ। ਜਿਨ੍ਹਾਂ ਵੀ ਕੈਸ਼ ਆਰਬੀਆਈ ਤੋਂ ਸਾਨੂੰ ਆਉਂਦਾ ਹੈ, ਅਸੀਂ ਬਰਾਬਰ ਜ਼ਿਲ੍ਹੇ ਦੀਆਂ ਸਾਰੀਆਂ ਬੈਂਕਾਂ ਦੀਆਂ ਬ੍ਰਾਂਚਾਂ ਨੂੰ ਵੰਡਦੇ ਹਾਂ ਅਤੇ ਇਹ ਹਦਾਇਤਾਂ ਦਿੰਦੇ ਹਾਂ ਕਿ ਜਿਹੜੇ ਗ੍ਰਾਹਕ ਬੈਂਕ ਨਾਲ਼ ਵਧੀਆ ਲੈਣ-ਦੇਣ ਕਰਦੇ ਹਨ ਜਾਂ ਵਪਾਰੀ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਮੁਹੱਇਆ ਕਰਵਾਇਆ ਜਾਵੇ। ਚਾਵਲਾ ਨੇ ਕਿਹਾ ਕਿ 10-20 ਦੇ ਨੋਟ ਇੰਨੀ ਵੱਡੀ ਮਾਤਰਾ ਵਿਚ ਸਾਡੇ ਕੋਲ਼ ਨਹੀਂ ਆਉਂਦੇ ਕਿ ਉਹ ਹਰ ਇਕ ਨੂੰ 5-7 ਬੰਡਲ ਦੇ ਸਕਣ। ਬਜ਼ਾਰ ਵਿਚ ਹੁੰਦੀ 10-20 ਦੇ ਨੋਟਾਂ ਦੀ ਕਾਲਾਬਾਜ਼ਾਰੀ ’ਤੇ ਉਨ੍ਹਾਂ ਕੁੱਝ ਵੀ ਬੋਲਣ ਤੋਂ ਸਾਫ਼ ਮਨ੍ਹਾ ਕੀਤਾ।-ਹਰਿੰਦਰਪਾਲ ਸਿੰਘ ਚਾਵਲਾ, ਡੀਜੀਐੱਮ ਕਪੂਰਥਲਾ