ਭਾਜਪਾ ਦਾ ਸਥਾਪਨਾ ਦਿਵਸ ਸਿਰਫ਼ ਇੱਕ ਜਸ਼ਨ ਨਹੀਂ ਹੈ, ਇਹ ਸੰਕਲਪ ਦਾ ਦਿਨ ਹੈ : ਮਨੋਰੰਜਨ ਕਾਲੀਆ

ਕਿਹਾ-ਭਾਜਪਾ ਨੇ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦਿੱਤੀ
ਗੁਰਵਿੰਦਰ ਕੌਰ ਪੰਜਾਬੀ ਜਾਗਰਣ
ਕਪੂਰਥਲਾ : ਭਾਰਤੀ ਜਨਤਾ ਪਾਰਟੀ ਦੇ 47ਵੇਂ ਸਥਾਪਨਾ ਦਿਵਸ ਮੌਕੇ ਸੋਮਵਾਰ ਨੂੰ ਅੰਮ੍ਰਿਤਸਰ ਰੋਡ ਮੰਦਿਰ ਧਰਮ ਸਭਾ ਵਿਖੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੇ ਦਿਸ਼ਾ-ਨਿਰਦੇਸ਼ ਦੇ ਤਹਿਤ ਇਕ ਵਿਸ਼ਾਲ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਵਰਕਰਾਂ ਤੇ ਅਹੁਦੇਦਾਰਾਂ ਨੇ ਹਿੱਸਾ ਲਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੰਗਠਨ ਦੀਆਂ ਪ੍ਰਾਪਤੀਆਂ ਤੇ ਭਵਿੱਖ ਦੀ ਦਿਸ਼ਾ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਆਪਣੇ ਸੰਬੋਧਨ ਵਿਚ ਮਨੋਰੰਜਨ ਕਾਲੀਆ ਨੇ ਕਿਹਾ ਕਿ ਕਪੂਰਥਲਾ ਵਿਚ ਵਰਕਰਾਂ ਨਾਲ ਸਥਾਪਨਾ ਦਿਵਸ ਮਨਾਉਣਾ ਉਨ੍ਹਾਂ ਲਈ ਸੁਭਾਗ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਤਾਕਤ ਇਸਦੇ ਸਮਰਪਿਤ ਵਰਕਰਾਂ ਵਿਚ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਦਾ ਸਥਾਪਨਾ ਦਿਵਸ ਸਿਰਫ਼ ਜਸ਼ਨ ਮਨਾਉਣ ਦਾ ਮੌਕਾ ਨਹੀਂ ਹੈ, ਸਗੋਂ ਸੰਕਲਪ ਦਾ ਦਿਨ ਹੈ, ਜਦੋਂ ਵਰਕਰ ਪਾਰਟੀ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਦਾ ਪ੍ਰਣ ਕਰਦੇ ਹਨ। ਸਾਬਕਾ ਰਾਸ਼ਟਰੀ ਪ੍ਰਧਾਨਾਂ ਤੇ ਸੀਨੀਅਰ ਆਗੂਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮਨੋਰੰਜਨ ਕਾਲੀਆ ਨੇ ਕਿਹਾ ਕਿ ਭਾਜਪਾ ਦੀ ਮੌਜੂਦਾ ਮਜ਼ਬੂਤ ਸਥਿਤੀ ਲੱਖਾਂ ਵਰਕਰਾਂ ਦੇ ਸਮਰਪਣ ਤੇ ਕੁਰਬਾਨੀ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਦੀ ਸਥਾਪਨਾ 1980 ਵਿਚ ਹੋਈ ਸੀ, ਪਰ ਇਸ ਦੀਆਂ ਵਿਚਾਰਧਾਰਕ ਜੜ੍ਹਾਂ ਭਾਰਤੀ ਜਨ ਸੰਘ ਵਿਚ ਹਨ, ਜਿਸਨੇ ਰਾਸ਼ਟਰਵਾਦ ਦੀ ਭਾਵਨਾ ਨੂੰ ਮਜ਼ਬੂਤ ਕੀਤਾ। ਮਨੋਰੰਜਨ ਕਾਲੀਆ ਨੇ 6 ਅਪ੍ਰੈਲ ਨੂੰ ਭਾਰਤੀ ਰਾਜਨੀਤੀ ਵਿਚ ਇਕ ਇਤਿਹਾਸਕ ਦਿਨ ਦੱਸਿਆ। ਉਨ੍ਹਾਂ ਕਿਹਾ ਕਿ ਡਾ. ਸ਼ਿਆਮਾ ਪ੍ਰਸਾਦ ਮੁਖਰਜੀ, ਪੰਡਿਤ ਦੀਨਦਿਆਲ ਉਪਾਧਿਆਏ ਦੇ ਵਿਚਾਰਾਂ ਤੇ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਨੇ ਪਾਰਟੀ ਦੀ ਮਜ਼ਬੂਤ ਨੀਂਹ ਰੱਖੀ, ਜਿਸ ਕਾਰਨ ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਲਗਾਤਾਰ ਨਵੇਂ ਰਿਕਾਰਡ ਬਣਾ ਰਹੀ ਹੈ ਤੇ ਹਾਲ ਹੀ ਵਿਚ ਵਰਕਰਾਂ ਨੂੰ ਸਿਖਲਾਈ ਦੇਣ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦਾ ਉਦੇਸ਼ ਵਰਕਰਾਂ ਵਿਚ ਵਿਚਾਰਧਾਰਕ ਵਚਨਬੱਧਤਾ ਵਧਾਉਣਾ ਤੇ ਉਨ੍ਹਾਂ ਦੀ ਕਾਰਜਸ਼ੈਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ। ਪ੍ਰੋਗਰਾਮ ਦੇ ਅੰਤ ਵਿਚ ਸਾਰੇ ਵਰਕਰਾਂ ਨੇ ਵਿਕਸਤ ਭਾਰਤ ਲਈ ਪ੍ਰਣ ਲਿਆ। ਉਨ੍ਹਾਂ ਨੇ ਆਪਣੀ ਵਚਨਬੱਧਤਾ ਦੁਹਰਾਈ ਤੇ ਪਾਰਟੀ ਨੂੰ ਮਜ਼ਬੂਤ ਬਣਾਉਣ ਦੀ ਸਹੁੰ ਖਾਧੀ। ਇਸ ਦੌਰਾਨ ਸਾਰਿਆਂ ਨੇ ਇਕ-ਦੂਜੇ ਨੂੰ ਸਥਾਪਨਾ ਦਿਵਸ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਕਪੂਰ ਚੰਦ ਥਾਪਰ, ਸੂਬਾ ਕਾਰਜਕਾਰਣੀ ਦੇ ਮੈਂਬਰ ਉਮੇਸ਼ ਸ਼ਾਰਦਾ, ਸੂਬਾ ਕਾਰਜਕਾਰਣੀ ਦੇ ਮੈਂਬਰ ਸ਼ਾਮ ਸੁੰਦਰ ਅਗਰਵਾਲ, ਜਗਦੀਸ਼ ਸ਼ਰਮਾ, ਮਧੂ ਸੂਦ, ਮਹਿੰਦਰ ਸਿੰਘ ਬਲੇਰ, ਸੰਨੀ ਬੈਂਸ, ਰੌਸ਼ਨ ਲਾਲ ਸੱਭਰਵਾਲ, ਰਮੇਸ਼ ਸ਼ਰਮਾ, ਗੋਰਾ ਗਿੱਲ, ਸੌਰਵ ਖੁੱਲਰ, ਚੰਦਰ ਸ਼ੇਖਰ, ਈਸ਼ਾ ਮਹਾਜਨ, ਸਰਬਜੀਤ ਸਿੰਘ ਦਿਓਲ, ਰਾਜਨ ਠੀਗੀ, ਮੱਸਾ ਸਿੰਘ, ਡਾ. ਅਮਰਨਾਥ, ਰਵਿੰਦਰ ਸ਼ਰਮਾ, ਸੁਨੀਲ ਸ਼ਰਮਾ, ਰਿਤੂ ਕੁਮਰਾ, ਸੁਸ਼ੀਲ ਸ਼ਰਮਾ, ਆਭਾ ਆਨੰਦ, ਨੀਰੂ ਸ਼ਰਮਾ, ਬਲਵੰਤ ਸਿੰਘ ਬੂਟਾ, ਗੁਰਜੀਤ ਸਿੰਘ, ਸਾਹਿਲ ਵਾਲੀਆ, ਅਕਸ਼ਿਤ ਕਾਲੀਆ, ਅੰਕੁਸ਼ ਚੌਹਾਨ, ਅੰਕੁਰ ਅਰੋੜਾ, ਬੌਬੀ ਮਲਹੋਤਰਾ, ਅਸ਼ੀਸ਼ ਮਹਿਤਾ, ਬਲਜਿੰਦਰ ਪਵਾਰ, ਸ਼ਾਰਪ ਸੱਭਰਵਾਲ ਆਦਿ ਹਾਜ਼ਰ ਸਨ।