ਬਦਲਾਅ ਰੈਲੀ ਨਾਲ ਸੂਬੇ ਦੀ ਸਿਆਸੀ ਫਿਜ਼ਾ ਬਦਲੇਗੀ : ਅਗਰਵਾਲ/ਨੀਟੂ
ਮੋਗਾ ’ਚ ਭਾਜਪਾ ਦੀ ਬਦਲਾਅ ਰੈਲੀ ਦਾ ਵੱਡਾ ਇਕੱਠ ਸੂਬੇ ਦੀ ਸਿਆਸੀ ਫਿਜ਼ਾ ਬਦਲੇਗਾ : ਅਗਰਵਾਲ/ਨੀਟੂ
Publish Date: Tue, 10 Mar 2026 09:49 PM (IST)
Updated Date: Tue, 10 Mar 2026 09:51 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਵਿਚ ਆਗਾਮੀ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਜਿਥੇ ਸਾਰੀਆਂ ਸਿਆਸੀ ਧਿਰਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਉਥੇ ਭਾਜਪਾ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੂਬੇ ਦੇ ਦੌਰੇ ਸਮੇਂ ਮੋਗਾ ਵਿਖੇ ਕੀਤੀ ਜਾ ਰਹੀ ਬਦਲਾਅ ਰੈਲੀ ਲਈ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਚ ਰੈਲੀ ਇੰਚਾਰਜ ਸ਼ਾਮ ਸੁੰਦਰ ਅਗਰਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਭਾਜਪਾ ਦੇ ਵਰਕਰਾਂ ਦੀਆਂ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ। ਹਲਕਾ ਰੈਲੀ ਇੰਚਾਰਜ ਸ਼ਾਮ ਸੁੰਦਰ ਨੇ ਰੈਲੀ ਸਬੰਧੀ ਚੱਲ ਰਹੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਰੈਲੀ ਲਈ ਵਰਕਰਾਂ ’ਚ ਬੇਹੱਦ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੈਲੀ ਦਾ ਇਕੱਠ ਪੰਜਾਬ ਦੀ ਸਿਆਸੀ ਫਿਜ਼ਾ ਬਦਲ ਕੇ ਰੱਖ ਦੇਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਵੇਲੇ ਭਾਜਪਾ ਨੂੰ ਸਿਆਸੀ ਬਦਲ ਵਜੋਂ ਦੇਖ ਰਹੇ ਹਨ ਕਿਉਂਕਿ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਪੰਜਾਬ ਨੂੰ ਬਚਾਉਣ ਲਈ ਸਿਰਫ ਭਾਜਪਾ ਹੀ ਠੋਸ ਫੈਸਲੇ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰੋਜ਼ਾਨਾ ਲੋਕ ਭਾਜਪਾ ਨਾਲ ਜੁੜ ਰਹੇ ਹਨ, ਜੋ ਸੂਬੇ ਦੇ ਭਵਿੱਖ ਲਈ ਸ਼ੁਭ ਸੰਕੇਤ ਹਨ। ਭਾਜਪਾ ਆਗੂ ਨੇ ਕਿਹਾ ਕਿ ਰੈਲੀ ਵਿਚ ਹੋਣ ਵਾਲਾ ਵੱਡਾ ਇਕੱਠ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਸਰਕਾਰ ਲਿਆਉਣ ਦਾ ਮੁੱਢ ਬੰਨ੍ਹੇਗੀ ਕਿਉਂਕਿ ਪੰਜਾਬ ਵਿਚ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਤੇ ਹੋਰ ਸਮੱਸਿਆਵਾਂ ਕਰਕੇ ਪੰਜਾਬ ਦੇ ਲੋਕ ਇਸ ਗੱਲ ਨੂੰ ਭਲੀ-ਭਾਂਤੀ ਜਾਣੂ ਹਨ ਕਿ ਪੰਜਾਬ ਨੂੰ ਇਕ ਮਜ਼ਬੂਤ ਸਰਕਾਰ ਦੀ ਲੋੜ ਹੈ ਤੇ ਉਹ ਕੇਵਲ ਭਾਜਪਾ ਹੀ ਹੈ। ਇਸ ਮੌਕੇ ਹਲਕਾ ਇੰਚਾਰਜ ਭਾਜਪਾ ਰਕੇਸ਼ ਨੀਟੂ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਬਦਲਾਅ ਚਾਹੁੰਦੀ ਹੈ ਤੇ ਭਾਰਤੀ ਜਨਤਾ ਪਾਰਟੀ ਸੂਬੇ ਵਿਚ ਵਿਕਾਸ, ਸੁਸ਼ਾਸਨ ਤੇ ਪਾਰਦਰਸ਼ਤਾ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸੂਬਾ ਸਰਕਾਰ ਕਾਨੂੰਨ ਵਿਵਸਥਾ, ਰੋਜ਼ਗਾਰ ਤੇ ਕਿਸਾਨ ਹਿੱਤ ਵਰਗੇ ਅਹਿਮ ਮੁੱਦਿਆਂ ’ਤੇ ਪੂਰੀ ਤਰ੍ਹਾਂ ਨਕਾਮ ਰਹੀ ਹੈ। ਨੀਟੂ ਨੇ ਕਿਹਾ ਕਿ ਪੰਜਾਬ ਵਿਚ ਦਿਨੋਂ-ਦਿਨ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਵਿਚ ਅਸੁਰੱਖਿਆ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਾਪਤ ਨਹੀਂ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਇਨ੍ਹਾਂ ਸਾਰੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿਚਕਾਰ ਜਾਵੇਗੀ ਤੇ ਜਨ ਹਿਤ ਦੀ ਆਵਾਜ਼ ਨੂੰ ਬੁਲੰਦ ਕਰੇਗੀ। ਇਸ ਮੌਕੇ ਸ਼ਾਮ ਸੁੰਦਰ ਅਗਰਵਾਲ ਰੈਲੀ ਹਲਕਾ ਇੰਚਾਰਜ, ਰਕੇਸ਼ ਕੁਮਾਰ ਨੀਟੂ ਹਲਕਾ ਇੰਚਾਰਜ, ਮੰਡਲ ਪ੍ਰਧਾਨ ਡਾ. ਰਕੇਸ਼ ਪੁਰੀ, ਚੱਤਰ ਸਿੰਘ ਜੋਸਨ ਕਿਸਾਨ ਵਿੰਗ ਆਗੂ, ਮਿੰਟੂ ਜੈਨ, ਅਸ਼ੋਕ ਕਨੌਜੀਆ, ਮੁਕੇਸ਼ ਧੀਰ, ਰਮਨ ਸਲਪੋਨਾ, ਗਿਆਨ ਸਿੰਘ, ਬਾਬਾ ਬਲੋਰੀ, ਪੰਡਿਤ ਲਸ਼ਮਣ ਪ੍ਰਸਾਦ ਆਦਿ ਵੀ ਹਾਜ਼ਰ ਸਨ।