- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਚ ਭਾਜਪਾ 117 ਸੀਟਾਂ 'ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ-ਉਮੇਸ਼ ਸ਼ਾਰਦਾ

ਗੁਰਵਿੰਦਰ ਕੌਰ, ਪੰਜਾਬੀ ਜਾਗਰਣ
ਕਪੂਰਥਲਾ : ਪੰਜਾਬ ਵਿਚ ਭਾਜਪਾ 117 ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ, ਜਿਸ ਦਾ ਆਗਾਜ਼ ਮੋਗਾ ਦੀ ਬਦਲਾਅ ਰੈਲੀ ਤੋਂ ਸ਼ੁਰੂ ਕੀਤਾ ਜਾਵੇਗਾ। ਉਕਤ ਵਿਚਾਰ ਭਾਰਤੀ ਜਨਤਾ ਪਾਰਟੀ ਦੀ ਮੋਗਾ ਰੈਲੀ ਲਈ ਹਲਕਾ ਸ਼ਾਹਕੋਟ ਦੇ ਇੰਚਾਰਜ ਉਮੇਸ਼ ਸ਼ਾਰਦਾ ਨੇ ਮਲਸੀਆਂ ਵਿਖੇ ਰੈਲੀ ਦੀਆਂ ਤਿਆਰੀਆਂ ਸਬੰਧੀ ਪਾਰਟੀਆਂ ਆਗੂਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਕਪੂਰਥਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਸ਼ਾਰਦਾ ਨੇ ਕਿਹਾ ਕਿ ਭਾਜਪਾ ਬਦਲਾਅ ਰੈਲੀ ਕਰਕੇ 117 ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ’ਚ ਜੁੱਟ ਗਈ ਹੈ। ਉਨ੍ਹਾਂ ਕਿਹਾ ਕਿ ਰੈਲੀ ’ਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ 14 ਮਾਰਚ ਨੂੰ ਪੰਜਾਬ ਆ ਰਹੇ ਹਨ, ਜਿਸ ਦੇ ਸਬੰਧ ’ਚ ਆਗੂਆਂ ਤੇ ਵਰਕਰਾਂ ਨਾਲ ਗੱਲਬਾਤ ਕਰਕੇ ਨਰਾਜ਼ਗੀਆਂ ਦੂਰ ਕਰਨ ਦੇ ਨਾਲ-ਨਾਲ ਮੋਗਾ ਰੈਲੀ ’ਚ ਸ਼ਾਹਕੋਟ ਤੋਂ ਵੱਡਾ ਕਾਫ਼ਲਾ ਲੈ ਕੇ ਜਾਣ ਲਈ ਸਰਗਰਮੀ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ 14 ਮਾਰਚ ਨੂੰ ਮੋਗਾ ਵਿਚ ਬਦਲਾਅ ਰੈਲੀ ਕਰੇਗੀ। ਇਸ ਰੈਲੀ ਨੂੰ ਸੰਬੋਧਨ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖਾਸ ਤੌਰ ’ਤੇ ਪਹੁੰਚ ਰਹੇ ਹਨ। ਸ਼ਾਰਦਾ ਨੇ ਕਿਹਾ ਕਿ ਸੂਬੇ ਦਾ ਹਰ ਪੱਖੋਂ ਪੀੜਤ ਪੰਜਾਬ ਵਰਗ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਕਰ ਕੇ ਬਦਲਾਅ ਦੇ ਰੂਪ ਵਿਚ ਭਾਜਪਾ ਨੂੰ ਇਕੋ-ਇਕ ਭਰੋਸੇਯੋਗ ਬਦਲ ਮੰਨ ਚੁੱਕਾ ਹੈ। ਸ਼ਾਰਦਾ ਨੇ ਕਿਹਾ 16 ਮਾਰਚ 2026 ਨੂੰ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਚੱਲਣ ਵਾਲੇ ਕਠਪੁਤਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਸਰਕਾਰ ਦੇ ਚਾਰ ਸਾਲ ਪੂਰੇ ਹੋ ਜਾਣਗੇ। ਇਨ੍ਹਾਂ ਚਾਰ ਸਾਲਾਂ ਵਿਚ ਚੋਣ ਗਾਰੰਟੀਆਂ ਤੇ ਵਾਅਦੇ ਪੂਰੇ ਕਰਨਾ ਤਾਂ ਦੂਰ ਆਪ ਸਰਕਾਰ ਪੰਜਾਬ ਵਿਚ ਕਾਨੂੰਨ ਦਾ ਰਾਜ ਵੀ ਯਕੀਨੀ ਨਹੀਂ ਬਣਾ ਸਕੀ। ਸੱਤਾ ਵਿਚ ਆਉਣ ਤੋਂ ਪਹਿਲਾਂ ਕੀਤੇ ਹਰ ਵਾਅਦੇ ਤੋਂ ਮੁਕਰਦਿਆਂ ਸਰਕਾਰ ਨੇ ਯੂ-ਟਰਨ ਲਿਆ ਹੈ। ਸ਼ਾਰਦਾ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ-ਵਿਵਸਥਾ ਬੇਹਾਲ ਹੈ ਤੇ ਨਸ਼ਾ ਤੇ ਮਾਈਨਿੰਗ ਮਾਫੀਆ ਨਾਲ ਮਿਲੀ-ਭੁਗਤ ਕਰਕੇ ਭ੍ਰਿਸ਼ਟਾਚਾਰ ਬੇਕਾਬੂ ਹੈ। ਸਿਹਤ ਤੇ ਸਿੱਖਿਆ ਪ੍ਰਣਾਲੀ ਡਗਮਗਾ ਰਹੀ ਹੈ, ਕਰਮਚਾਰੀਆਂ ਨੂੰ ਤਨਖ਼ਾਹ ਤੇ ਪੈਨਸ਼ਨ ਸਮੇਂ ’ਤੇ ਨਹੀਂ ਮਿਲ ਰਹੀ। ਮੁਫ਼ਤ ਯੋਜਨਾਵਾਂ ਦੇ ਬਕਾਏ ਨਾ ਮਿਲਣ ਕਾਰਨ ਬਿਜਲੀ ਬੋਰਡ ਤੇ ਪੰਜਾਬ ਰੋਡਵੇਜ਼ ਭਾਰੀ ਘਾਟੇ ਵਿਚ ਹਨ ਤੇ ਮਹੀਨਿਆਂ ਤੋਂ ਤਨਖ਼ਾਹ ਤੱਕ ਨਹੀਂ ਦੇ ਪਾ ਰਹੇ। ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ, ਜਦਕਿ ਆਪ ਦੇ ਹੀ ਨੇਤਾ, ਸੰਸਦ ਮੈਂਬਰ ਤੇ ਵਿਧਾਇਕ ਮਾਫੀਆ ਨਾਲ ਮਿਲੀ-ਭੁਗਤ ਦੇ ਦੋਸ਼ ਲਗਾ ਰਹੇ ਹਨ। ਸ਼ਾਰਦਾ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਆਪ ਸਰਕਾਰ ਤੋਂ ਛੁਟਕਾਰਾ ਪਾ ਕੇ ਸੂਬੇ ਵਿਚ ਭਾਜਪਾ ਦੀ ਡਬਲ ਇੰਜਣ ਸਰਕਾਰ ਬਣਾਉਣਗੇ ਤੇ ਪੰਜਾਬ ਨੂੰ ਵਿਕਾਸ ਦੀ ਰਾਹ ’ਤੇ ਅੱਗੇ ਵਧਾਉਣਗੇ।