ਬੀਜੇਪੀ ਨੇ ਹਮੇਸ਼ਾ ਨਾਮ ਬਦਲਣ ਦੀ ਰਾਜਨੀਤੀ ਕੀਤੀ : ਕਾਂਗਰਸ
ਬੀਜੇਪੀ ਨੇ ਹਮੇਸ਼ਾ ਨਾਮ ਬਦਲਣ ਦੀ ਰਾਜਨੀਤੀ ਕੀਤੀ,ਵਿਕਾਸ ਲਈ ਕੋਈ ਰੋਡ ਮੈਪ ਨਹੀ।
Publish Date: Fri, 06 Feb 2026 06:54 PM (IST)
Updated Date: Fri, 06 Feb 2026 06:56 PM (IST)
ਫਗਵਾੜਾ : ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ |ਤੇ ਤਿੱਖਾ ਹਮਲਾ ਕਰਦਿਆਂ ਕਾਂਗਰਸੀ ਆਗੂਆਂ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ ਤੇ ਸੀਨੀਅਰ ਕਾਂਗਰਸੀ ਆਗੂ ਸ਼ਰਨਜੀਤ ਸਿੰਘ ਨੇ ਕਿਹਾ ਕਿ ਬੀਜੇਪੀ ਨੇ ਹਮੇਸ਼ਾ ਨਾਮ ਬਦਲਣ ਦੀ ਰਾਜਨੀਤੀ ਕੀਤੀ ਹੈ, ਪਰ ਦੇਸ਼ ਨੂੰ ਵਿਕਾਸ ਦੇ ਮਾਮਲੇ ਵਿਚ ਅਜੇ ਤੱਕ ਕੋਈ ਢੁੱਕਵਾਂ ਤੇ ਠੋਸ ਵਿਕਾਸ ਦਾ ਰਾਹ ਨਹੀ ਮਿਲਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ਹਿਰਾਂ, ਸਕੀਮਾਂ ਤੇ ਸੰਸਥਾਵਾਂ ਦੇ ਨਾਮ ਬਦਲ ਕੇ ਇਸਨੂੰ ਵਿਕਾਸ ਵਜੋਂ ਪੇਸ਼ ਕੀਤਾ ਜਾਂਦਾ ਹੈ, ਜਦਕਿ ਹਕੀਕਤ ਵਿਚ ਆਮ ਲੋਕਾਂ ਦੀ ਜ਼ਿੰਦਗੀ ਵਿਚ ਕੋਈ ਵੱਡਾ ਸੁਧਾਰ ਨਹੀਂ ਆਇਆ। ਉਨ੍ਹਾਂ ਅਨੁਸਾਰ, ਨਾਮ ਬਦਲਣਾ ਵਿਕਾਸ ਦਾ ਬਦਲ ਨਹੀਂ ਹੋ ਸਕਦਾ।
ਬਿਆਨ ਵਿਚ ਕਿਹਾ ਗਿਆ ਕਿ ਬੀਜੇਪੀ ਸਰਕਾਰ ਨੇ ਮਹਿੰਗਾਈ, ਬੇਰੋਜ਼ਗਾਰੀ, ਕਿਸਾਨੀ ਸੰਕਟ ਤੇ ਨੌਜਵਾਨਾਂ ਦੇ ਭਵਿੱਖ ਵਰਗੇ ਮੁੱਖ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਸਿੰਬੋਲਿਕ ਰਾਜਨੀਤੀ ਨੂੰ ਤਰਜੀਹ ਦਿੱਤੀ। ਲੋਕਾਂ ਨੂੰ ਰੋਜ਼ਗਾਰ, ਸਿੱਖਿਆ ਤੇ ਸਿਹਤ ਸਹੂਲਤਾਂ ਚਾਹੀਦੀਆਂ ਹਨ, ਨਾ ਕਿ ਸਿਰਫ਼ ਬੋਰਡਾਂ ‘ਤੇ ਨਵੇਂ ਨਾਮ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ਵਿਚ ਬੁਨਿਆਦੀ ਢਾਂਚਾ, ਕਿਸਾਨ ਆਮਦਨ ਤੇ ਉਦਯੋਗਿਕ ਵਿਕਾਸ ਅਜੇ ਵੀ ਉਮੀਦਾਂ ਤੋਂ ਕਾਫ਼ੀ ਪਿੱਛੇ ਹਨ। ਬੀਜੇਪੀ ਸਰਕਾਰ ਵੱਲੋਂ ਕੀਤੇ ਗਏ ਦਾਅਵੇ ਜ਼ਮੀਨੀ ਹਕੀਕਤਾਂ ਨਾਲ ਮੇਲ ਨਹੀਂ ਖਾਂਦੇ।
ਤਰਨਜੀਤ ਸਿੰਘ ਬੰਟੀ ਵਾਲੀਆ ਤੇ ਸ਼ਰਨਜੀਤ ਸਿੰਘ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਵੱਲੋਂ ਸੰਸਦ ਵਿਚ ਪੇਸ਼ ਕੀਤਾ ਗਿਆ ਤਾਜ਼ਾ ਕੇਂਦਰੀ ਬਜਟ ਪੰਜਾਬ ਲਈ ਖੋਖਲਾ ਸਾਬਤ ਹੋਇਆ ਹੈ। ਇਸ ਬਜਟ ਵਿਚ ਪੰਜਾਬ ਦੇ ਵਿਕਾਸ, ਕਿਸਾਨੀ, ਉਦਯੋਗ, ਨੌਜਵਾਨਾਂ ਤੇ ਬੁਨਿਆਦੀ ਢਾਂਚੇ ਲਈ ਕੁਝ ਵੀ ਠੋਸ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਕਿਸਾਨਾਂ ਲਈ ਨਾ ਤਾਂ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕੋਈ ਕਾਨੂੰਨੀ ਗਾਰੰਟੀ ਦਿੱਤੀ ਗਈ ਹੈ ਤੇ ਨਾ ਹੀ ਖੇਤੀ ਸੰਕਟ ਤੋਂ ਬਾਹਰ ਕੱਢਣ ਲਈ ਕੋਈ ਖ਼ਾਸ ਯੋਜਨਾ ਪੇਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਬਜਟ ਕਿਸਾਨ ਵਿਰੋਧੀ ਸੋਚ ਨੂੰ ਦਰਸਾਉਂਦਾ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਸੂਬੇ ਨੂੰ ਮਿਲਣ ਵਾਲੀਆਂ ਕੇਂਦਰੀ ਗ੍ਰਾਂਟਾਂ ਤੇ ਪ੍ਰੋਜੈਕਟਾਂ ਵਿਚ ਕਟੌਤੀ ਕਰਕੇ ਪੰਜਾਬ ਨਾਲ ਧੱਕਾ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਇਹ ਬਜਟ ਕੁਝ ਚੁਣੇ ਹੋਏ ਸੂਬਿਆਂ ਤੱਕ ਹੀ ਸੀਮਤ ਹੈ, ਜਦਕਿ ਪੰਜਾਬ ਵਰਗੇ ਸੂਬਿਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਜਿਸਦਾ ਜਵਾਬ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੇਣਗੇ।